ਪਾਟੀਆਂ ਨੇ ਸਲਵਾਰਾਂ ਜਿੱਥੇ…

ਕੋਮਾਂਤਰੀ ਲੇਖਕ ਮੰਚ ਫਗਵਾੜਾ ਦਾ ਸਾਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਸਫਲਤਾ ਪੂਰਵਕ ਸੰਪੰਨ

ਡਾ. ਸੁਖਵੰਤ ਕੌਰ ਮਾਨ, ਡਾ. ਗੁਰਬਖ਼ਸ਼ ਸਿੰਘ ਫਰੈਂਕ, ਪਾਲ ਕੌਰ ਅਤੇ ਗੁਰਮੀਤ ਖੋਖਰ ਨੂੰ ਕਲਮ ਸਨਮਾਨ


ਨਿਊਯਾਰਕ ਸੋਨੇ ਦੇ ਡਾਲਰ ਓਥੇ ਕਾਰਾਂ ਵਿਕਣਗੀਆਂ
ਸਸਤੇ ਟਕਿਆਂ ਵਾਲੇ ਵਤਨੀਂ ਤਾਂ ਤਲਵਾਰਾਂ ਵਿਕਣਗੀਆਂ

ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਦੇ ਆਪਣੇ ਸ਼ਿਅਰਾਂ ਦੇ ਨਾਲ ਭਰਵੀਂ ਹਾਜ਼ਰੀ ਵਾਲਾ ਕਵੀ ਦਰਬਾਰ ਸਿਖ਼ਰ ਤੇ ਪਹੁੰਚ ਗਿਆ। ਮੌਕਾ ਸੀ ਕਮਲਾ ਨਹਿਰੂ ਕਾਲਜ ਫਾਰ ਵੂਮਨ ਵਿਚ ਕਰਵਾਏ ਗਏ (ਸ਼ਨੀਵਾਰ, 28 ਮਾਰਚ 2009), ਕੋਮਾਂਤਰੀ ਲੇਖਕ ਮੰਚ (ਕਲਮ) ਫਗਵਾੜਾ ਦੇ ਸਲਾਨਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਦਾ, ਜਿਸ ਵਿਚ ਪੰਜਾਬ ਤੇ ਗਵਾਂਢੀ ਸੂਬਿਆਂ ਦੇ ਨਾਲ ਹੀ ਵਿਦੇਸ਼ ਤੋਂ ਆਏ ਕਵੀਆਂ ਅਤੇ ਸਰੋਤਿਆਂ ਨੇ ਸ਼ਿਰਕਤ ਕੀਤੀ। ਸਵੇਰੇ ਕਰੀਬ ਸਵਾ ਗਿਆਰਾਂ ਵਜੇ ਸ਼ੁਰੂ ਹੋਏ ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਤੇ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੇ ਸੰਸਥਾਂ ਤੇ ਸਨਮਾਨਾਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਕਲਮ ਦੇ ਸਰਪ੍ਰਸਤ ਪ੍ਰੋ. ਅਨੂਪ ਵਿਰਕ ਨੇ ਜੀ ਆਇਆਂ ਨੂੰ ਕਹਿ ਕੇ ਸਮਾਗਮ ਦਾ ਰਸਮੀ ਉਦਾਘਟਨ ਕੀਤਾ। ਕਲਮ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਸੰਸਥਾ, ਸਨਮਾਨਾਂ ਅਤੇ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਵਿਸਤਾਰ ਨਾਲ ਦੱਸਿਆ। ਸਮਾਰੋਹ ਦੇ ਪਹਿਲੇ ਪੜਾਅ ਵਿਚ ਕੁਲਵਿੰਦਰ ਕੁੱਲਾ ਨੇ ਆਪਣੀ ਗਜ਼ਲ-

ਜਖਮੀ ਪਰਾਂ ਦੇ ਉੱਤੇ ਪਰਵਾਜ਼ ਲਿਖ ਰਿਹਾ ਹਾਂ।
ਆਹਾਂ ਦੇ ਨਾਮ ਨਗ਼ਮੇ ਤੇ ਸਾਜ਼ ਲਿਖ ਰਿਹਾ ਹਾਂ।

ਪੜ੍ਹ ਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਸੋਮਦੱਤ ਦਿਲਗੀਰ ਨੇ ਗ਼ਜ਼ਲ ਦੇ ਸ਼ਿਅਰ,

ਉਨ੍ਹਾਂ ਨੂੰ ਤਾਂ ਤੇਰੇ ਸਿਰਜੇ ਹੋਏ ਰਾਹ ਰਾਸ ਨਹੀਂ ਆਂਦੇ,
ਜਿਹੜੇ ਲੱਤਾਂ ਨਹੀਂ ਖਿਚਦੇ ਉਧਾਰੇ ਪੈਰ ਨਹੀਂ ਲੈਂਦੇ।

ਨਾਲ ਆਪਣੀ ਪੁਖ਼ਤਾ ਸ਼ਾਇਰੀ ਦਾ ਸਬੂਤ ਦਿੱਤਾ। ਦੀਪ ਜਗਦੀਪ ਸਿੰਘ ਨੇ ਆਪਣੀਆਂ ਕਵਿਤਾਵਾਂ ਇਕ ਪਾਠਕ ਅਤੇ ਕਵਿਤਾ ਤੇ ਲੈਪਟਾਪ ਦੇ ਜ਼ਰਿਏ ਨੌਜਵਾਨ ਪੀੜ੍ਹੀ ਦੀ ਸਾਹਿੱਤ ਪ੍ਰਤਿ ਸੰਵੇਦਨਾ ਨੂੰ ਪ੍ਰਗਟਾਇਆ। ਜਗਵਿੰਦਰ ਜੋਧਾ ਨੇ ਸਮਾਜ ਵਿਚ ਖਤਮ ਹੁੰਦੀ ਜਾ ਰਹੀ ਮਾਨਵੀ ਸੰਵੇਦਨਾਂ ਨੂੰ ਆਪਣੇ ਸ਼ਿਅਰ ਦੇ ਜ਼ਰੀਏ ਕੁਝ ਇਸ ਤਰ੍ਹਾਂ ਪੇਸ਼ ਕੀਤਾ-

ਡਰ ਜਾਂਦੇ ਸਾਂ ਸੁਪਨੇ ਵਿਚ ਵੀ ਤੱਕ ਕੇ ਐਸੇ ਮੰਜਰ ਮੌਲਾ।
ਅੱਜ ਕੱਲ੍ਹ ਜਾਗਦਿਆਂ ਦਿਸ ਪੈਂਦੇ ਸੁੱਕੇ ਮਨ ਬੰਜਰ ਮੌਲਾ।

ਸੰਧੂ ਗਜ਼ਲ ਸਕੂਲ ਦੇ ਜਾਨਸ਼ੀਨ ਤੇ ਰੂਬਰੂ ਦੇ ਸੰਪਾਦਕ ਜਸਵਿੰਦਰ ਮਹਿਰਮ ਨੇ ਲੋਕਤੰਤਰ ਦੇ ਨਾਮ ਤੇ ਆਪਣੇ ਢਿੱਡ ਭਰਨ ਵਾਲੇ ਸਿਆਸਤਦਾਨਾਂ ਤੇ ਵਿਅੰਗ ਕਸਦਿਆਂ ਕਿਹਾ-

ਸਹੂਲਤ ਦੇਣ ਤੋਂ ਪਹਿਲਾਂ ਹੈ ਹਾਕਮ ਦੇਖਦਾ ਏਥੇ,
ਕਿ ਖ਼ੁਦ ਉਸ ਨੇ ਕਿਵੇਂ, ਕਿੰਨਾ ਨਫ਼ਾ ਲੈਣਾ ਸਹੂਲਤ ਦਾ।

ਕਵੀ ਦਰਬਾਰ ਦੇ ਪਹਿਲੇ ਪੜਾਅ ਤੋਂ ਬਾਅਦ ਕਲਮ ਵੱਲੋਂ ਦਿੱਤੇ ਜਾਂਦੇ ਸਾਲਾਨਾ ਯਾਦਗਾਰੀ ਸਨਮਾਨ ਭੇਂਟ ਕੀਤੇ ਗਏ। ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਬਜ਼ੁਰਗ ਕਹਾਣੀ ਲੇਖਿਕਾ ਡਾ. ਸੁਖਵੰਤ ਕੌਰ ਮਾਨ ਨੂੰ ਭੇਂਟ ਕੀਤਾ ਗਿਆ। ਉਨ੍ਹਾਂ ਦਾ ਸਨਮਾਨ ਪੱਤਰ ਪ੍ਰੋ. ਭੁਪਿੰਦਰ ਕੌਰ ਜੱਜ ਨੇ ਪੜ੍ਹਿਆ। ਆਲੋਚਨਾ ਦੇ ਲਈ ਦਿੱਤਾ ਜਾਂਦਾ ਕੇਸਰ ਸਿੰਘ ਕੇਸਰ ਯਾਦਗਾਰੀ ਕਲਮ ਸਨਮਾਨ ਉੱਘੇ ਆਲੋਚਕ ਅਤੇ ਰਸੂਲ ਹਮਜ਼ਾਤੋਵ ਦੀ ਚਰਚਿਤ ਰੂਸੀ ਰਚਨਾ ਮੇਰਾ ਦਾਗ਼ਿਸਤਾਨ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਡਾ. ਗੁਰਬਖਸ਼ ਸਿੰਘ ਫਰੈਂਕ ਨੂੰ ਭੇਂਟ ਕੀਤਾ ਗਿਆ। ਸਨਮਾਨ ਪੱਤਰ ਸੁਰਜੀਤ ਜੱਜ ਨੇ ਪੜ੍ਹਿਆ। ਕਵਿਤਾ ਦੇ ਖੇਤਰ ਵਿਚ ਯੋਗਦਾਨ ਲਈ ਦਿੱਤੇ ਜਾਂਦੇ ਬਲਵਿੰਦਰ ਰਿਸ਼ੀ ਯਾਦਗਾਰੀ ਕਲਮ ਸਨਮਾਨ ਨਾਲ ਕਵਿਤੱਰੀ ਪਾਲ ਕੌਰ ਨੂੰ ਨਿਵਾਜਿਆ ਗਿਆ। ਉਨ੍ਹਾਂ ਦਾ ਸਨਮਾਨ ਪੱਤਰ ਕਾਲਜ ਦੀ ਪੰਜਾਬੀ ਵਿਭਾਗ ਦੀ ਅਧਿਆਪਕਾ ਪ੍ਰੋ. ਰੁਮਿੰਦਰ ਕੌਰ ਨੇ ਪੜ੍ਹਿਆ। ਹਾਲ ਹੀ ਵਿਚ ਸ਼ੁਰੂ ਕੀਤੇ ਗਏ ਨਵ-ਪ੍ਰਤਿਭਾ ਕਲਮ ਪੁਰਸਕਾਰ ਦਾ ਸਿਹਰਾ ਨੌਜਵਾਨ ਸ਼ਾਇਰ ਗੁਰਮੀਤ ਖੋਖਰ ਦੇ ਸਿਰ ਬੰਨ੍ਹਿਆ ਗਿਆ, ਜਿਸਦਾ ਸਨਮਾਨ-ਪੱਤਰ ਜਗਵਿੰਦਰ ਜੋਧਾ ਨੇ ਪੜ੍ਹਿਆ। ਸਨਮਾਨ ਚਿੰਨ੍ਹ, ਸਨਮਾਨ-ਪੱਤਰ , ਸ਼ਾਲ ਦੇ ਨਾਲ ਹੀ ਬਾਪੂ ਜਗੀਰ ਸਿੰਘ ਕਲਮ ਸਨਮਾਨ ਵਜੋਂ 21 ਹਜ਼ਾਰ ਦੀ ਸਨਮਾਨ ਰਾਸ਼ੀ, ਕੇਸਰ ਸਿੰਘ ਕੇਸਰ ਕਲਮ ਸਨਮਾਨ ਅਤੇ ਬਲਵਿੰਦਰ ਰਿਸ਼ੀ ਕਲਮ ਸਨਮਾਨ ਦੇ ਨਾਲ 5100 ਰੁਪਏ ਦੀ ਸਨਮਾਨ ਰਾਸ਼ੀ ਅਤੇ ਨਵ-ਪ੍ਰਤਿਭਾ ਕਲਮ ਸਨਮਾਨ ਦੇ ਨਾਲ 1100 ਰੁਪਏ ਦੀ ਸਨਮਾਨ ਰਾਸ਼ੀ ਭੇਂਟ ਕੀਤੀ ਗਈ।

ਡਾ. ਸੁਖਵੰਤ ਕੌਰ ਮਾਨ ਨੇ ਬਹੁਤ ਹੀ ਭਾਵਪੂਰਤ ਅਤੇ ਗੈਰ-ਰਸਮੀ ਅੰਦਾਜ਼ ਵਿਚ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬਚਪਨ ਵਿਚ ਪਿਤਾ ਜੀ ਵੱਲੋਂ ਪੜੇ ਜਾਂਦੇ ਉਰਦੂ ਰਸਾਲਿਆਂ ਨੂੰ ਉਹ ਘਰਦਿਆਂ ਤੋਂ ਚੋਰੀ ਪੜ੍ਹਦੇ ਸਨ, ਕਿਉਂ ਕਿ ਸਾਅਦਤ ਹਸਨ ਮੰਟੋ ਦੀਆਂ ਬੇਬਾਕ ਕਹਾਣੀਆਂ ਲੜਕੀਆਂ ਦੇ ਪੜ੍ਹਨਯੌਗ ਨਹੀਂ ਸਮਝੀਆਂ ਜਾਂਦੀਆਂ ਸਨ। ਉਹ ਕਰਤੁਲ ਹੈਦਰ ਦੀਆਂ ਉਰਦੂ ਕਹਾਣੀਆਂ ਬੜੇ ਸ਼ੋਂਕ ਨਾਲ ਪੜ੍ਹਦੇ ਸਨ। ਪੜ੍ਹਦਿਆਂ ਪੜ੍ਹਦਿਆਂ ਹੀ ਉਨ੍ਹਾਂ ਨੂੰ ਕਹਾਣੀ ਲਿਖਣ ਦੀ ਚੇਟਕ ਲੱਗੀ। ਉਨ੍ਹਾਂ ਆਪਣੀ ਪਹਿਲੀ ਕਹਾਣੀ ਆਪਣੇ ਭਰਾ ਦੇ ਜ਼ਰੀਏ ਆਰਸੀ ਵਿਚ ਛਪਣ ਲਈ ਭੇਜੀ, ਜਿਸ ਦੇ ਛਪ ਜਾਣ ਤੇ ਉਨ੍ਹਾਂ ਨੂੰ ਕਾਫੀ ਉਤਸ਼ਾਹ ਮਿਲਿਆ ਤੇ ਫਿਰ ਉਨ੍ਹਾਂ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਬੇਬਾਕੀ ਨਾਲ ਇੰਕਸ਼ਾਫ ਕੀਤਾ ਕਿ ਭਾਵੇਂ ਉਨ੍ਹਾਂ ਦੀ ਪਹਿਲੀ ਕਹਾਣੀ ਨਿਮਨ ਦਰਜੇ ਦੀ ਸੀ, ਪਰ ਆਰਸੀ ਵਿਚ ਛਪਣ ਕਰਕੇ ਉਨ੍ਹਾਂ ਦੀ ਕਹਾਣੀਕਾਰਾ ਵਜੋਂ ਪਛਾਣ ਨੂੰ ਪੁਖ਼ਤਾ ਕਰਨ ਵਿਚ ਸਫ਼ਲ ਰਹੀ। ਉਨ੍ਹਾ ਕਿਹਾ ਕਿ ਪੇਂਡੂ ਮਾਹੌਲ ਨਾਲ ਜੁੜੇ ਹੋਣ ਕਰਕੇ ਕਹਾਣੀ-ਸੰਗ੍ਰਹਿ ਛਾਪਣ ਬਾਰੇ ਸ਼ੁਰੂਆਤ ਵਿਚ ਨਾ ਤਾਂ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਸੀ ਤੇ ਨਾ ਹੀ ਇਸ ਬਾਰੇ ਕਦੇ ਸੋਚਿਆ ਸੀ। ਫਿਰ ਅਮਰਜੀਤ ਚੰਦਨ ਦੇ ਕਹਿਣ ਤੇ ਉਨ੍ਹਾਂ ਕਹਾਣੀ ਸੰਗ੍ਰਹਿ ਛਪਾਵਾਇਆ। ਉਦੋਂ ਤੱਕ ਉਹ ਇਕ ਕਹਾਣੀ ਲੇਖਿਕਾ ਵਜੋਂ ਆਪਣੀ ਪਛਾਣ ਬਣਾ ਚੁੱਕੇ ਸਨ। ਉਨ੍ਹਾਂ ਦੇ ਗੱਲਬਾਤ ਦੇ ਸਾਦ ਮੁਰਾਦੇ ਅੰਦਾਜ਼ ਨੇ ਹਾਜ਼ਿਰ ਸੋਰਤਿਆਂ ਨੂੰ ਕੀਲ ਲਿਆ। ਕਵਿੱਤਰੀ ਪਾਲ ਕੌਰ ਨੇ ਆਪਣੀ ਕਵਿਤਾ ਖੁਬਲਈ ਦੇ ਜ਼ਰੀਏ ਕਲਮ ਦਾ ਕਵਿਤਾਮਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਦੋ ਸਨਮਾਨ ਮਿਲਦਾ ਹੈ ਤਾਂ ਲਗਦੈ ਕਿ ਜਿੰਮੇਵਾਰੀ ਹੋਰ ਵਧ ਗਈ ਹੈ। ਪਾਲ ਕੌਰ ਨੇ ਕਿਹਾ ਕਿ ਹੁਣ ਸਰਕਾਰੀ ਸਨਮਾਨਾਂ ਨਾਲ ਚਰਚਾ ਤੇ ਵਿਵਾਦ ਮਿਲਦੇ ਨੇ ਤੇ ਕਲਮ ਵਰਗੀਆਂ ਸੰਸਥਾਵਾਂ ਤੋ ਮਿਲੇ ਸਨਮਾਨ, ਅਸਲ ਵਿਚ ਪਾਠਕਾਂ ਤੋਂ ਮਿਲਿਆ ਸਨਮਾਨ ਮਹਿਸੂਸ ਹੁੰਦਾ ਹੈ। ਡਾ. ਗੁਰਬਖ਼ਸ਼ ਸਿੰਘ ਫਰੈਂਕ ਨੇ ਧੰਨਵਾਦ ਕਰਦਿਆਂ ਕਿਹਾ ਕਿ ਆਪਣੀ ਤਾਰੀਫ ਆਪ ਸੁਣਨਾ ਕਾਫੀ ਕਠਿਨ ਹੈ। ਉਨ੍ਹਾਂ ਕੇਸਰ ਸਿੰਘ ਕੇਸਰ ਸਨਮਾਨ ਲਈ ਸ਼੍ਰੀ ਮਤੀ ਜਸਬੀਰ ਕੇਸਰ ਦਾ ਖਾਸ ਤੌਰ ਤੇ ਧੰਨਵਾਦ ਕੀਤਾ।

ਕਵੀ ਦਰਬਾਰ ਦੇ ਦੂਜੇ ਪੜਾਅ ਵਿਚ ਦੇਵ ਦਰਦ ਨੇ ਸ਼ਾਇਰ ਦੀ ਬੇਬਸੀ ਦਾ ਇਜ਼ਹਾਰ ਕਰਦਿਆਂ ਕਿਹਾ-

ਮੇਰੀ ਪੁਕਾਰ ਨੇ ਵੀ ਮੇਰਾ ਸੁਵਾਰਿਆ ਨਾ।
ਜਿਸ ਨੂੰ ਪੁਕਾਰਨਾ ਸੀ ਉਸਨੂੰ ਪੁਕਾਰਿਆ ਨਾ।

ਸਦੀਆਂ ਤੋਂ ਬੰਦਿਸ਼ਾਂ ਦੀਆਂ ਜੰਜੀਰਾਂ ‘ਚ ਬੱਝੀ ਨਾਰੀ ਸੰਵੇਦਨਾਂ ਨੂੰ ਆਜ਼ਾਦ ਕਰਨ ਦਾ ਹੋਕਾ ਦਿੰਦੇ ਹੋਏ ਅਨੂ ਬਾਲਾ ਨੇ ਕਿਹਾ-

ਝੱਲ ਚੁੱਕੀ ਹਾਂ ਬਥੇਰੇ ਵਰਜਣਾ ਦੇ ਤੀਰ ਮੈਂ।
ਸੋਚਦੀ ਹਾਂ ਤੋੜ ਦੇਵਾਂ ਪੈਰਾਂ ਦੀ ਜੰਜੀਰ ਮੈਂ।

ਗੁਰਮੀਤ ਖੋਖਰ ਨੇ ਵਕਤ ਅਤੇ ਹਾਲਾਤ ਤੋਂ ਮਜਬੂਰ ਹੋ ਕੇ ਪਲਕ ਝਪਕਦਿਆਂ ਬਦਲ ਜਾਣ ਵਾਲੀ ਇਨਸਾਨੀ ਫ਼ਿਤਰਤ ਨੂੰ ਆਪਣੇ ਸ਼ਿਅਰ ਦੇ ਜ਼ਰੀਏ ਬਿਆਨ ਕਰਦਿਆਂ ਕਿਹਾ-

ਹੋਰ ਅਸੀ ਕਿੰਨਾ ਚਿਰ ਜੀਣਾ ਅੱਖਾਂ ਵਿਚ ਸਾਗਰ ਲੈ ਕੇ
ਇਕ ਨਾ ਇਕ ਦਿਨ ਪਰਤ ਹੀ ਆਣਾ ਹੱਥਾਂ ਵਿਚ ਖੰਜਰ ਲੈ ਕੇ

ਹਰੀ ਸਿੰਘ ਮੋਹੀ ਨੇ ਆਪਣੀ ਗਜ਼ਲ ਦੇ ਸ਼ਿਅਰ

ਸ਼ਬਦ ਖਿੰਡ ਜਾਣਗੇ, ਵਰਕ ਫੱਟ ਜਾਣਗੇ, ਮਹਿਕਦੀ ਯਾਦ ਸੀਨੇ ‘ਚ ਰਹਿ ਜਾਏਗੀ,
ਪੌਣ ਪੁੱਛਦੀ ਫਿਰੇਗੀ ਸੁਰਾਂ ਦਾ ਪਤਾ, ਬੰਸਰੀ ਆਪਣਾ ਦਰਦ ਕਹਿ ਜਾਏਗੀ।

ਤਰੰਨੁਮ ਵਿਚ ਪੇਸ਼ ਕਰਦਿਆਂ ਖ਼ਿਆਲ ਦੇ ਚਿਰਸਥਾਈ ਅਤੇ ਕਾਗਜ਼ਾਂ ਤੇ ਉਕਰੀਆਂ ਇਬਾਰਤਾਂ ਦੇ ਥੋੜ੍ਹ ਚਿਰੇ ਹੋਣ ਦੀ ਸ਼ਾਹਦੀ ਭਰੀ। ਦਾਦਰ ਪੰਡੋਰਵੀ ਨੇ ਸੂਝਵਾਨ ਲੋਕਾਂ ਵੱਲੋਂ ਵਕਤ ਦੇ ਅਨੁਸਾਰ ਢਲਣ ਅਤੇ ਸਾਹਮਣੇ ਵਾਲੇ ਨੂੰ ਉਸੇ ਦੇ ਅੰਦਾਜ਼ ਵਿਚ ਟਕਰਣ ਦੀ ਹਾਮੀ ਭਰਦਿਆਂ ਕਿਹਾ-

ਜੇ ਤੇਰੇ ਜ਼ਹਿਨ ਦੀ ਵਰਮੀ ‘ਚ ਲੱਖਾਂ ਨਾਗ ਪਲਦੇ ਨੇ,
ਤਾਂ ਹੁਣ ਸਾਡੇ ਘਰਾਂ ‘ਚੋਂ ਵੀ ਸਪੇਰੇ ਹੀ ਨਿਕਲਦੇ ਨੇ।

ਸ਼ਾਇਰ ਰਣਬੀਰ ਰਾਣਾ ਨੇ ਲੋਕਤੰਤਰ ਦੇ ਨਾਂ ਤੇ ਕੀਤੀ ਜਾਂਦੀ ਕਾਣੀ ਵੰਡ ਅਤੇ ਸਮਾਜਿਕ ਗੈਰ-ਬਰਾਬਰੀ ਖਤਮ ਕਰਨ ਵਾਲੀ ਸੋਚ ਨੂੰ ਹੀ ਸ਼ਾਇਰ ਦੀ ਅਸਲ ਕਹਾਣੀ ਦੱਸਿਆ-

ਮੈਂ ਕਹਾਂ ਕੋਈ ਕਹਾਣੀ ਲੋਚਦਾ ਹਾਂ
ਖਤਮ ਹੋਵੇ ਵੰਡ ਕਾਣੀ ਲੋਚਦਾ ਹਾਂ

ਸ਼ਾਇਰ ਹਰਸ਼ਰਨ ਸ਼ਰੀਫ਼ ਨੇ ਪਰੰਪਰਾ ਦੇ ਪਾਵੇ ਨਾਲ ਬੱਝੇ ਕਰਮਕਾਂਡੀ ਪਾਖੰਡਾਂ ਤੇ ਚੋਟ ਕਰਦੀ ਆਪਣੀ ਗ਼ਜ਼ਲ ਦੇ ਸ਼ਿਅਰ ਪੜ੍ਹਦਿਆਂ ਧਾਰਮਿਕ ਰਵਾਇਤਾਂ ਵਾਲੇ ਪਹਿਰਾਵੇ ਨਾਲ ਪਵਿੱਤਰ ਹੋਣ ਦਾ ਦਿਖਾਵਾ ਕਰਨ ਦੀ ਬਜਾਇ ਕਿਰਦਾਰ ਤੋਂ ਸੁੱਚੇ ਹੋਣ ਦਾ ਹੋਕਾ ਦਿੰਦਿਆ ਕਿਹਾ-

ਤੁਸੀ ਕਿੰਨਾਂ ਵੀ ਮੁੱਲ ਪਾਵੋ ਮੇਰੇ ਤੋਂ ਵਿਕ ਨਹੀਂ ਹੋਣਾ,
ਮੇਰੇ ਕਿਰਦਾਰ ਵਿਚ ਜਦ ਤਕ ਮੇਰਾ ਈਮਾਨ ਬਾਕੀ ਹੈ।

ਗੁਰਬਖ਼ਸ਼ ਭੰਡਾਲ ਨੇ ਜ਼ਿੰਦਗੀ ਦੇ ਸਫ਼ਰ ਵਿਚ ਦੇਖੇ-ਹੰਢਾਏ ਦੁੱਖਾਂ ਤਕਲੀਫਾਂ ਵਰਗੇ ਪਾਤਰਾਂ ਦੇ ਦਿਲ ਦੀ ਆਵਾਜ਼ ਦੀ ਤਰਜਮਾਨੀ ਕਰਦੀ ਨਜ਼ਮ ਪੜ੍ਹੀ-

ਮੈਂ ਹਰ ਰੋਜ਼ ਸਫਰ ਕਰਦਾ ਹਾਂ
ਤੇ ਮੇਰੇ ਨਾਲ ਸਫਰ ਕਰਦੀਆਂ ਨੇ ਮੇਰੀਆਂ ਨਜ਼ਮਾਂ

ਡਾ. ਜਸਬੀਰ ਕੇਸਰ ਨੇ ਵੀ ਬਦਲੇ ਦੌਰ ਵਿਚ ਇਨਸਾਨ ਦੇ ਦਿਲ ‘ਚੋਂ ਇਨਸਾਨ ਪ੍ਰਤੀ ਮਨਫੀ ਹੁੰਦੇ ਮੋਹ ਅਤੇ ਇਨਸਾਨ ਦੀ ਰੋਬੋਟ ਵਰਗੀਆਂ ਮਸ਼ੀਨਾਂ ਨਾਲ ਜੁੜੀ ਮੂਕ ਸਾਂਝ ਦਾ ਦ੍ਰਿਸ਼ ਆਪਣੀ ਕਵਿਤਾ ਸਾਂਝ ਰਾਹੀਂ ਇੰਝ ਸਿਰਜਿਆ-

ਸੱਜੇ ਪਾਸੇ ਵਾਲਾ ਗੁਆਂਢੀ
ਮੇਰੇ ਵਲ ਝਾਕਦਾ ਹੈ-ਕਿਸੇ ਰੋਬੋਤ ਵਾਂਗ
ਖੱਬੇ ਪਾਸੇ ਵਾਲੀ ਗੁਆਂਢਣ
ਬੁਲਾਉਣ ਦੀ ਜ਼ਹਿਮਤ ਤੋਂ ਬਚਦੀ
ਚਾਬੀ ਲੱਗੇ ਖਿਡੌਣੇ ਵਾਂਗ
ਗਰਦਨ ਯਕਦਮ ਦੂਜੇ ਪਾਸੇ ਭੁਆ ਲੈਂਦੀ ਹੈ,
……
ਮੈਂ ਏ.ਟੀ.ਐਮ. ਤੱਕ ਚੱਲੀ ਹਾਂ
……
ਮੈਂ ਹੌਲੇ ਫੁੱਲ ਕਦਮਾਂ ਨਾਲ
ਘਰ ਵਾਪਸ ਮੁੜਦੀ ਹਾਂ
ਮੈਨੂੰ ਲਗਦੈ ਜਿਵੇਂ
ਮੈਂ ਛੇ ਬਾਈ ਛੇ ਦੇ
ਉਸ ਕੈਬਿਨ ਵਿਚ ਬੈਠੇ
ਕਿਸੇ ਜਾਣੂੰ ਨੂੰ ਮਿਲ ਕੇ ਆਈ ਹਾਂ।

ਸੁਰੀਲੇ ਸ਼ਾਇਰ ਅਜੀਤਪਾਲ ਨੇ ਆਪਣੀ ਗਜ਼ਲ

ਮੁਨਾਸਿਬ ਤਾਂ ਨਹੀਂ ਸੀ, ਪਰ ਮੈਂ ਆਪਣੀ ਕਹਿ ਗਿਆ ਆਖ਼ਿਰ,
ਤੇਰੀ ਮਹਿਫ਼ਿਲ ‘ਚ ਹੀ ਬੇਮੇਚ ਹੋਕੇ ਰਹਿ ਗਿਆ ਆਖ਼ਿਰ।

ਨੂੰ ਤਰੰਨੁਮ ਵਿਚ ਸੁਣਾ ਕੇ ਮਹਿਫ਼ਿਲ ਦੇ ਵਿਚ ਸੁਰਮਈ ਰੰਗ ਭਰ ਦਿੱਤਾ।ਆਰਿਫ ਗੋਬਿੰਦਪੁਰੀ ਨੇ ਆਪਣੇ ਕਲਾਮ ਦੀ ਸ਼ੁਰੂਆਤ ਆਪਣੇ ਮਜ਼ਾਕੀਆ ਲਹਿਜੇ ਵਿਚ ਕੀਤੀ, ਜਿਸਦੀ ਚਰਚਾ ਮਹਿਫਿਲ ਤੋਂ ਬਾਅਦ ਵੀ ਹੁੰਦੀ ਰਹੀ। ਆਰਿਫ ਨੇ ਉੂਰਦੂ ਗਜ਼ਲ ਦੇ ਸ਼ਿਅਰ ਪੜ੍ਹਦਿਆਂ ਕਿਹਾ-

ਕਿ ਭਗਵਨ ਯਹਾਂ ਕਹਾਂ ਹੈ, ਭਗਵਨ ਕਹਾਂ ਨਹੀਂ।
ਗੋਇਆ ਕਿ ਬੇਨਿਸ਼ਾਂ ਭੀ ਹੈਂ ਔਰ ਬੇਨਿਸ਼ਾਂ ਨਹੀਂ।

ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਗੀਤ ਦੇ ਬੋਲ ਸੁਣਾਏ-

ਲਫ਼ਜ਼ਾਂ ਤੋਂ ਪਾਰ ਹੋਈ ਮੇਰੇ ਇਸ਼ਕ ਦੀ ਕਹਾਣੀ
ਘੜ੍ਹਿਆਂ ‘ਚ ਭਰ ਨਾ ਹੋਵੇ, ਨੀ ਇਹ ਬਾਰਸ਼ਾਂ ਦਾ ਪਾਣੀ

ਹਿੰਦੀ ਕਵੀ ਮੋਹਨ ਸਪਰਾ ਨੇ ਪਿਆਰ ਦੀ ਪਰੰਪਰਿਕ ਭਾਸ਼ਾ ਨੂੰ ਤੋੜ ਕੇ, ਨਵੀਂ ਪਰਿਭਾਸ਼ਾ ਸਿਰਜਦੀ ਕਵਿਤਾ ਸਰੋਤਿਆਂ ਦੇ ਮੁਖ਼ਾਤਿਬ ਕਰਦਿਆਂ ਕਿਹਾ

ਪ੍ਰੇਮ ਹੀ ਤੋ ਹੈ
ਜਬ ਮੇਂ ਚਿੜੀਓ ਕਾਵੋਂ ਕੇ ਲਿਏ
ਬਾਜ਼ਾਰ ਸੇ ਵਿਸ਼ੇਸ ਤੌਰ ਪਰ
ਖਰੀਦ ਕਰ ਲਾਤਾ ਹੂੰ
ਮਿੱਟੀ ਕਾ ਬਰਤਨ

ਫਿਰ ਵਾਰੀ ਆਈ ਜਨਾਬ ਸੁਲੱਖਣ ਸਰਹੱਦੀ ਦੀ ਜਿਨ੍ਹਾਂ ਆਪਣੇ ਨਵੇਂ ਗਜ਼ਲ-ਸੰਗ੍ਰਹਿ ਸੂਰਜ ਦਾ ਆਲਣਾ ਵਿਚੋਂ ਗ਼ਜ਼ਲ ਪੜ੍ਹਦਿਆਂ, ਸਾਮਰਾਜਵਾਦ ਅਤੇ ਹਥਿਆਰਾਂ ਦੀ ਦੌੜ ਦੋਰਾਨ ਲਤਾੜੇ ਜਾ ਰਹੇ ਇਨਸਾਨੀ ਜਿਸਮਾਂ, ਔਰਤਾਂ ਦੀ ਇੱਜ਼ਤ ਅਤੇ ਮਾਨਵੀ ਸੰਵੇਦਨਾ ਦੀ ਭਾਵਪੂਰਤ ਪੇਸ਼ਕਾਰੀ ਇੰਝ ਕੀਤੀ-

ਪਾਟੀਆਂ ਨੇ ਸਲਵਾਰਾਂ ਜਿਥੇ, ਓਥੇ ਬੁਰਕੇ ਵਿਕਦੇ ਹਨ,
ਸੁੱਚੇ ਸਿਲਕ ਦੀ ਮੰਡੀ ਵਿਚ ਨੰਗੀਆਂ ਮੁਟਿਆਰਾਂ ਵਿਕਣਗੀਆਂ।

ਬਸਤਿਆਂ ‘ਚੋ ਜੇ ਮਰਿਆਦਾ ਨੂੰ ਏਦਾਂ ਹੀ ਬਨਵਾਸ ਰਿਹਾ,
ਵੋਟਾਂ ਤਾਂ ਕੀ ਵੋਟਾਂ ਸੰਗ ਬਣੀਆਂ ਸਰਕਾਰਾਂ ਵਿਕਣਗੀਆਂ।

ਕਲਮ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਖਾਬਾਂ ਖਿਆਲਾਂ ਚੋਂ ਬਾਹਰ ਆ ਕੇ ਹਕੀਕਤ ਨੂੰ ਨੀਝ ਨਾਲ ਵੇਖਣ ਦੀ ਲੋੜ ਤੇ ਜ਼ੋਰ ਦਿੰਦਿਆਂ ਸ਼ਿਅਰ ਕਿਹਾ-

ਸਾਗਰ ਦੀ ਥਾਂ ਮੋਈ ਪਿਆਸੀ ਮੱਛੀ ਬਾਰੇ ਸੋਚ ਰਿਹਾ ਹਾਂ।
ਅੱਜ ਕਲ ਮੈਂ ਵੀ ਚੰਨ ਤੋਂ ਖਿਝਿਆ ਧਰਤੀ ਬਾਰੇ ਸੋਚ ਰਿਹਾ ਹਾਂ।

ਪ੍ਰੋ. ਅਨੂਪ ਵਿਰਕ ਨੇ ਅੱਥਰੂਆਂ ਦੀ ਸਿਆਹੀ ਨਾਲ ਗੀਤ ਲਿਖਣ ਵਾਲੇ ਕਵੀ ਦੀ ਸੰਵੇਦਨਾ ਨੂੰ ਪ੍ਰਗਟ ਕਰਦਾ ਗੀਤ

ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਇਕ ਅੱਥਰੂ ਅੱਖ ਵਿਚ ਬਾਕੀ ਸੀ
ਅੱਜ ਉਹ ਵੀ ਵਿਚਾਰਾ ਵਹਿ ਚਲਿੱਐ

ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਉਰਦੂ ਸ਼ਾਇਰ ਸਰਦਾਰ ਪੰਛੀ ਨੇ ਵੀ ਆਪਣੇ ਰੰਗਲੇ ਅੰਦਾਜ਼ ਵਿਚ ਤਰੰਨੁਮ ਵਿਚ ਇਹ ਗ਼ਜ਼ਲ ਸੁਣਾਈ-

ਆਜ ਮੁਝ ਪਰ ਸੰਗਬਾਰੀ ਹੋ ਗਈ
ਪੱਥਰੋਂ ਸੇ ਰਿਸ਼ਤੇਦਾਰੀ ਹੋ ਗਈ

ਜਨਾਬ ਅਜਾਇਬ ਕਮਲ ਨੇ ਆਪਣੀਆਂ ਨਜ਼ਮਾਂ ਦੇ ਨਾਲ ਸੰਵੇਦਨਾਤਮਕ ਸੰਵਾਦ ਰਚਾਇਆ।ਜਦ ਕਿ ਦਿੱਲੀ ਤੋਂ ਆਏ ਸ਼ਾਇਰ ਮੋਹਨਜੀਤ ਹੁਰਾਂ ਨੇ ਆਪਣੀ ਨਜ਼ਮ

ਇਹ ਰੁਮਾਲ ਨਹੀਂ
ਮੇਰੇ ਪੁਰਖਿਆਂ ਦੇ
ਇਤਿਹਾਸ ਦਾ ਵਰਕਾ ਹੈ
ਜਿਨ੍ਹਾਂ ਦਾ ਸਾਹ ਅੱਥਰੂ ਬਣ ਕੇ
ਕਦੇ ਤੁਪਕਾ ਤੁਪਕਾ
ਕਦੇ ਮੀਂਹ ਬਣ ਕੇ
ਇਸ ਕਪੜੇ ਦੇ ਟੋਟੇ ਚ ਸਮਾਂਦੇ ਰਹੇ…

ਨਾਲ ਰੁਮਾਲ ਵਿਚ ਸਾਂਭੇ ਪਏ ਇਤਿਹਾਸ ਦਾ ਵਰਣਨ ਕੀਤਾ। ਡਾ. ਸੁਰਜੀਤ ਪਾਤਰ ਨੇ ਆਪਣੀ ਨਜ਼ਮ ਬੇਦਾਵਾ ਸੁਣਾਉਣ ਤੋਂ ਬਾਅਦ, ਗ਼ਜ਼ਲ

ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰੇ ਦਿਲ ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ, ਇਹ ਦਰਖਤ ਹੋਣ ਹਰੇ ਭਰੇ

ਉਹ ਬਣਾ ਰਹੇ ਨੇ ਇਮਾਰਤਾਂ ਅਸੀ ਲਿਖ ਰਹੇ ਹਾਂ ਇਬਾਰਤਾਂ
ਤਾਂ ਜੋ ਪੱਥਰਾਂ ਦੇ ਵਜੂਦ ਵਿਚ ਕੋਈ ਆਤਮਾ ਵੀ ਰਿਹਾ ਕਰੇ

ਤਰੰਨੁਮ ਵਿਚ ਸੁਣਾ ਕੇ ਮਹਿਫ਼ਿਲ ਨੂੰ ਬੁਲੰਦੀ ਤੇ ਪਹੁੰਚਾ ਦਿੱਤਾ।

ਓਸ ਤੋਂ ਪਹਿਲਾਂ ਹਰਵਿੰਦਰ ਭੰਡਾਲ, ਕਵਿੰਦਰ ਚਾਂਦ ਅਤੇ ਪ੍ਰੋ. ਕੁਲਵੰਤ ਔਜਲਾ ਨੇ ਆਪਣੀਆਂ ਰਚਨਾਵਾਂ ਰਾਹੀਂ ਵੱਖ-ਵੱਖ ਸਮਾਜਿਕ ਸਰੋਕਾਂਰਾਂ ਨੂੰ ਸੰਵੇਦਨਸ਼ੀਲਤਾ ਨਾਲ ਛੋਹਿਆ। ਅੰਤ ਵਿਚ ਸੁਰਜੀਤ ਜੱਜ ਨੇ ਸਹਿਯੌਗੀ ਸੰਸਥਾ ਫੁਲਕਾਰੀ ਸਮੇਤ ਸਾਰੇ ਸਹਿਯੋਗੀ ਸੱਜਣਾ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੋਰਥ ਜੋਨ ਕਲਚਰਲ ਸੈਂਟਰ ਵਿਚ ਆਏ ਨਵੇਂ ਅਫਸਰ ਵੱਲੋਂ ਅਪਣਾਏ ਗਏ ਅਸਹਿਯੋਗਪੂਰਣ ਵਤੀਰੇ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਮੁੱਦਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੰਚ ਤੋਂ ਉਠਾਇਆ ਜਾਵੇਗਾ ਤੇ ਲੋੜ ਪੈਣ ਤੇ ਇਸ ਬਾਰੇ ਇਸ ਵਤੀਰੇ ਦੇ ਖ਼ਿਲਾਫ ਮੁਹਿੰਮ ਵੀ ਸ਼ੁਰੂ ਕਰਨ ਤੇ ਵਿਚਾਰ ਕੀਤਾ ਜਾਵੇਗਾ।ਸਮਾਗਮ ਵਿਚ ਕਮਲਾ ਨਹਿਰੂ ਕਾਲਜ ਵਾਰ ਵੂਮਨ ਦੀ ਪ੍ਰਿੰਸੀਪਲ ਕੁਸੁਮ ਵਰਮਾ, ਸ਼ਾਇਰ ਸਤੀਸ਼ ਗੁਲਾਟੀ, ਤ੍ਰਲੋਚਨ ਝਾਂਡੇ, ਦਰਸ਼ਨ ਗਿੱਲ, ਦੇਸ ਰਾਜ ਕਾਲੀ, ਭਗਵੰਤ ਰਸੂਲਪੁਰੀ, ਤਸਕੀਨ, ਪੰਜਾਬੀ ਗਾਇਕ ਮਕਬੂਲ, ਨੇ ਵੀ ਖਾਸ ਤੌਰ ਤੇ ਸ਼ਿਰਕਤ ਕੀਤੀ।

Comments

One response to “ਪਾਟੀਆਂ ਨੇ ਸਲਵਾਰਾਂ ਜਿੱਥੇ…”

  1. inderjit nandan Avatar

    ਜੇ 'ਲਫ਼ਜ਼ਾਂ ਦਾ ਪੁਲ' ਵੀ ਪੀਲੀ ਪੱਤਰਕਾਰੀ ਦਾ ਸ਼ਿਕਾਰ ਹੋ ਕੇ 'ਪਾਟੀਆਂ ਨੇ ਸਲਵਾਰਾਂ ਜਿੱਥੇ…'ਜਿਹੇ ਸਿਰਲੇਖ ਦੇਣ ਲੱਗ ਪਏ ਤਾਂ ਚੰਗੇ ਦੀ ਆਸ ਨਿਰਾਸ਼ਾ ਚ ਤਬਦੀਲ ਹੋਣ ਲੱਗਦੀ ਹੈ।

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com