ਪਿਆਰ: ਸੁਖਦੇਵ


ਕਦੇ–ਕਦੇ
ਜਦ ਖ਼ੌਰੂ ਪਾਉਂਦੀਆਂ
ਤੇਜ਼ ਹਨੇਰੀਆਂ ਵਗਦੀਆਂ ਹਨ
ਝੱਖੜ ਝੁੱਲਦੇ ਅਤੇ ਵਵਰੋਲੇ ਸ਼ੂਕਰਦੇ ਹਨ
ਟਿੱਬੇ ਆਪਣੀਆਂ ਥਾਂਵਾਂ ਬਦਲ ਲੈਂਦੇ
ਅਤੇ ਕਾਫ਼ਲੇ ਰਾਹ ਭੁੱਲ ਜਾਂਦੇ ਹਨ
ਤਾਂ ਮੈਨੂੰ ਸੋਚਵਾਨ ਮੁਦਰਾ ਵਿਚ ਵੇਖ ਕੇ
ਮਾਰੂਥਲ ਮੇਰਾ ਹੱਥ ਫੜ ਲੈਂਦਾ ਹੈ
ਤੇ ਆਪਣੀ ਬੁੱਕਲ ਵਿਚ ਲੈ
ਭੇਦ ਭਰੇ ਲਹਿਜੇ ਵਿਚ ਕਹਿੰਦਾ ਹੈ –
” ਡਰ ਨਾ, ਕੁਝ ਵੀ ਨਹੀਂ ਬਦਲਿਆ
ਇਹ ਸੰਦਲੀ ਪੈੜਾਂ ਕਦੇ ਨਹੀਂ ਮਿਟਦੀਆਂ
ਮੈਂ ਸਦਾ ਤੋਂ ਇੰਝ ਹੀ ਤੇਰੇ ਕੋਲ ਸਾਂ
ਅਤੇ ਇੰਝ ਹੀ ਰਹਾਂਗਾ “

ਇਵੇਂ ਹੀ ਬੰਦਰਗਹ ਉੱਪਰ
ਜਹਾਜ਼ ਆਪਣੇ ਲੰਗਰ ਸੁਟਦੇ ਅਤੇ ਧੂੰਆਂ ਉਗਲਦੇ
ਦੂਰ–ਦੁਰਾਡੀਆਂ ਧਰਤੀਆਂ ਨੂੰ ਤੁਰੇ ਜਾਂਦੇ ਹਨ
ਸਮੁੰਦਰ ਵਿਚ ਆਦਮਖ਼ੋਰ ਛੱਲਾਂ
ਉੱਠਦੀਆਂ ਅਤੇ ਡਿੱਗਦੀਆਂ ਰਹਿੰਦੀਆਂ ਹਨ
ਕਿਸ਼ਤੀਆਂ ਵਿਚ ਬੈਠ ਮਰਜੀਵੜੇ
ਵਿਸ਼ਾਲ ਦਿਸਹੱਦਿਆਂ ਤਕ ਜਾਂਦੇ ਹਨ
ਕੁਝ ਪਰਤ ਆਉਂਦੇ ਹਨ
ਕੁਝ ਨਹੀਂ ਵੀ ਪਰਤਦੇ
ਪਰ ਸਮੁੰਦਰ ਮੇਰੇ ਕੋਲ ਬਹਿ ਕੇ
ਆਪਣਾ ਭੇਤ ਮੈਨੂੰ ਸਮਝਾਉਂਦਾ ਹੈ –
“ਕੁਝ ਵੀ ਜਨਮਦਾ ਨਹੀਂ
ਕੁਝ ਵੀ ਮ੍ਰਿਤੂ ਨੂੰ ਪ੍ਰਾਪਤ ਨਹੀਂ ਹੁੰਦਾ
ਸਭ ਕੁਝ ਮੇਰੇ ਅੰਦਰੋਂ ਹੀ ਪੈਦਾ ਹੁੰਦਾ ਹੈ
ਤੇ ਮੇਰੇ ਅੰਦਰ ਹੀ ਸਮਾ ਜਾਂਦਾ ਹੈ
ਪਰ ਮੈਂ ਅਨੰਤ ਕਾਲ ਤੋਂ ਇਥੇ ਹੀ ਹਾਂ
ਅਤੇ ਇਸ ਤਰ੍ਹਾਂ ਹੀ ਹਾਂ “

ਇਸੇ ਤਰ੍ਹਾਂ ਕਦੇ–ਕਦੇ
ਉਦਾਸ, ਪਰੇਸ਼ਾਨ ਤੇ ਸਲ੍ਹਾਬੇ ਹੋਏ ਦਿਨੀਂ
ਧੁੱਪ, ਮੇਰੇ ਥੱਕੇ ਚਿਹਰੇ ਉਪਰ
ਆਪਣਾ ਨਿੱਘਾ ਜਿਹਾ, ਕੋਮਲ ਤੇ
ਰੌਸ਼ਨ ਦੁਪੱਟਾ ਫੇਰਦੀ ਆਖਦੀ ਹੈ–
“ਬਦਰੰਗ ਮੌਸਮ ਵਿਚ ਵੀ
ਚਾਨਣ ਕਿਧਰੇ ਨਹੀਂ ਜਾਂਦੇ
ਤੇ ਸੂਰਜ ਖਤਮ ਨਹੀਂ ਹੁੰਦੇ
ਤੁਹਾਡੇ ਅੰਦਰੋਂ ਹੀ ਸਭ ਉਦੈ ਹੁੰਦਾ ਹੈ
ਅਤੇ ਤੁਹਾਡੇ ਅੰਦਰ ਹੀ ਸਭ ਅਸਤ ਹੋ ਜਾਂਦਾ ਹੈ “

ਹੁਣ ਜਦ ਕਦੇ ਤੂੰ ਮੇਰੇ ਕੋਲ ਨਹੀਂ ਹੁੰਦਾ
ਤਾਂ ਮੈਂ ਸਮੁੰਦਰ, ਸੂਰਜ ਤੇ ਮਾਰੂਥਲ
ਨਾਲ ਬੈਠ ਕੇ ਤੇਰੀਆਂ ਗੱਲਾਂ ਕਰਦਾ ਹਾਂ
ਇਕ–ਦੂਸਰੇ ਦੀਆਂ ਨਿਸ਼ਾਨੀਆਂ ਨੂੰ ਸਮਝਦੇ
ਅਸੀਂ ਮੁਹੱਬਤ ਦੇ ਸਦੀਵੀਂ
ਅਤੇ ਭੇਦਭਰੇ ਨੁਕਤੇ ਤੇ ਪਹੁੰਚਦੇ ਹਾਂ
ਕਿ ਹਰ ਇਕ ਦੂਰੀ ਅਰਥਹੀਣ ਹੈ
ਕਿਸੇ ਵੀ ਮਨੁੱਖ ਦੇ ਦੂਰ ਚਲੇ ਜਾਣ ਨਾਲ
ਉਹਦੇ ਲਈ ਪਿਅਰ ਘੱਟ ਜਾਂ ਵੱਧ ਨਹੀਂ ਜਾਂਦਾ
ਉਹ ਤਾਂ ਬੱਸ ਅੰਦਰ ਹੁੰਦਾ ਹੀ ਹੈ
ਅਤੇ ਸਮੇਂ–ਸਮੇਂ ਰੁਮਕਦਾ ਰਹਿੰਦਾ ਹੈ

ਮੇਰੇ ਦੋਸਤ,
ਤੂੰ ਹਰ ਇਕ ਸਦੀਵੀਂ ਸੱਚ ਵਾਂਗ
ਅਨੰਤ ਕਾਲ ਤੋਂ ਮੇਰੇ ਅੰਦਰ ਹੀ ਮੌਜੂਦ ਹੈਂ
ਮੈਂ ਸਮੇਂ–ਸਮੇਂ ਤੇਰੇ ਅੰਦਰੋਂ ਹੀ ਉਗਮਦਾ
ਤੇ ਤੇਰੇ ਅੰਦਰ ਹੀ ਖਿੱਲਰ ਜਾਂਦਾਂ ਹਾਂ
ਤੇਰਾ ਜਾਣਾ ਜਾਂ ਪਰਤ ਕੇ ਨਾ ਆਉਣਾ
ਇਕ ਵਿਅਕਤੀ ਦਾ ਸੱਚ ਸੀ
ਪਰ ਆ ਹੁਣ ਹੱਥ ਵਿਚ ਹੱਥ ਫੜ ਕੇ
ਸਮੁੰਦਰਾਂ, ਸੂਰਜਾਂ ਤੇ ਮਰੂਥਲਾਂ
ਦੇ ਸੱਚ ਨੂੰ ਜੀਵੀਏ

( ਪਾਓਲੋ ਕੋਇਲੋ ਦੇ ਨਾਵਲ ਐਲਕੈਮਿਸਟ ਨੂੰ ਪੜ੍ਹ ਕੇ )


Posted

in

by

Tags:

Comments

One response to “ਪਿਆਰ: ਸੁਖਦੇਵ”

  1. SWARNJEET Avatar

    ਸੁਖਦੇਵ ਜੀ,

    ਬਹੁਤ ਹੀ ਖੂਬਸੂਰਤ ਕਵਿਤਾ ਹੈ|
    ਇਹ ਕਵਿਤਾ ਕਿਸੇ ਇਕ ਭਾਸ਼ਾ ਨੂੰ ਨਹੀਂ, ਸਗੋਂ ਸਗਲੇ ਬਰਹਿਮੰਡ ਨੂੰ ਬੀਲਾਂਗ ਕਰਦੀ ਹੈ|
    ਬਿੰਬ ਵਿਧਾਨ ਤੇ ਪਰਤੀਕਾਂ ਦੇ ਪੱਖ ਤੋਂ ਰਚਨਾ ਕਮਾਲ ਦੀ ਹੈ|
    ਅਜਿਹੀ ਯੂਨੀਵਰਸਲ ਅਪਰੋਚ ਵਾਲੀ ਖੂਬਸੂਰਤ ਕਵਿਤਾ ਲਿਖਣ ਲਈ ਵਧਾਈ ਹੋਵੇ |

    ਸਵਰਨਜੀਤ ਕੌਰ

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com