ਭਗਤ ਸਿੰਘ ਦੇ ਸਸ਼ਤਰਾਂ ਦੀ ਬਜਾਇ ਵਿਚਾਰਾ ਤੋਂ ਸੇਧ ਲਓ

ਲੁਧਿਆਣਾ: 1 ਅਕਤੂਬਰ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਪ੍ਰਿਤਪਾਲ ਸਿੰਘ ਲੁਬਾਣਾ ਨੇ ਯੂਨੀਵਰਸਿਟੀ ਦੀ ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦੇ 102ਵੇਂ ਜਨਮ ਦਿਹਾੜੇ ਨੂੰ ਸਮਰਪਿਤ ਕਵਿਤਾ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਸਸ਼ਤਰਾਂ ਵੱਲ ਹੀ ਨਾ ਵੇਖੀ ਜਾਵੇ ਸਗੋਂ ਉਨ੍ਹਾਂ ਦੇ ਲਿਖੇ ਸਾਸ਼ਤਰਾਂ ਭਾਵ ਵਿਚਾਰਾਂ ਤੋਂ ਵੀ ਸੇਧ ਲਵੇ। ਆਪਣੇ ਵਿਰਸੇ ਦੀਆਂ ਮਜ਼ਬੂਤ ਤੰਦਾਂ ਤੇ ਅਧਾਰਿਤ ਆਪਣੀ ਵਿਚਾਰਧਾਰਾ ਵਾਲੇ ਸ਼ਹੀਦ ਭਗਤ ਸਿੰਘ ਨੂੰ ਇਸ ਦੇਸ਼ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਆਜ਼ਾਦੀ ਦਾ ਪੂਰਾ ਖਿਆਲ ਸੀ ਅਤੇ ਉਨ੍ਹਾਂ ਖਿਆਲਾਂ ਦਾ ਮਾਡਲ ਉਨ੍ਹਾਂ ਦੀਆਂ ਲਿਖਤਾਂ ਵਿਚੋਂ ਅੱਜ ਵੀ ਪਛਾਣਿਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸਾਰੇ ਹੀ ਦੇਸ਼ ਭਗਤਾਂ ਦੇ ਜਨਮ ਦਿਵਸ ਅਤੇ ਸ਼ਹੀਦੀ ਦਿਵਸ ਸਾਨੂੰ ਇਹੀ ਪ੍ਰੇਰਨਾ ਦਿੰਦੇ ਹਨ ਕਿ ਜਿਸ ਖਾਤਰ ਉਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਸ ਸੁਪਨੇ ਦੀ ਪੂਰਤੀ ਵਾਸਤੇ ਸਾਡਾ ਕੀ ਯੋਗਦਾਨ ਹੈ?

ਕਾਰਜਸ਼ਾਲਾ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਕਵੀ ਪ੍ਰੋਫੈਸਰ ਰਵਿੰਦਰ ਭੱਠਲ ਨੇ ਕਿਹਾ ਕਿ ਸਾਹਿਤ ਸਿਰਜਣਾ ਅਤੇ ਇਤਿਹਾਸ ਦੀ ਸੂਝ ਦੇ ਵਿਕਾਸ ਲਈ ਇਹੋ ਜਿਹੀਆਂ ਵਿਚਾਰ ਭਰਪੂਰ ਕਾਰਜਸ਼ਾਲਾ ਯਕੀਨਨ ਵਿਦਿਆਰਥੀ ਜੀਵਨ ਦੀ ਇਤਿਹਾਸਕ ਪ੍ਰਾਪਤੀ ਬਣਦੀਆਂ ਹਨ। ਉਨ੍ਹਾਂ ਆਖਿਆ ਕਿ ਮੈਂ ਪਿਛਲੇ 30 ਸਾਲ ਤੋਂ ਇਸ ਯੂਨੀਵਰਸਿਟੀ ਦੀ ਇਸ ਸੰਸਥਾ ਦੀਆਂ ਮੀਟਿੰਗਾਂ ਵਿੱਚ ਹਾਜ਼ਰ ਹੋ ਰਿਹਾ ਹਾਂ। ਕਿਸੇ ਦੇਸ਼ ਭਗਤ ਦੇ ਜੀਵਨ ਤੇ ਅਧਾਰਿਤ ਕਾਰਜਸ਼ਾਲਾ ਵਿੱਚ ਕਵਿਤਾ ਦੀ ਸਿਖਲਾਈ ਯਕੀਨਨ ਵਧੀਆ ਤਜਰਬਾ ਹੈ। ਇਸ ਕਾਰਜਸ਼ਾਲਾ ਵਿੱਚ ਹਰਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਸੁਮਿਤ ਸ਼ਰਮਾ ਅਤੇ ਪਵਿੱਤਰ ਸਿੰਘ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਬਾਰੇ ਟਿੱਪਣੀ ਕਰਨ ਲਈ ਉੱਘੇ ਪੰਜਾਬੀ ਕਵੀ ਰਵਿੰਦਰ ਭੱਠਲ, ਤਰਲੋਚਨ ਲੋਚੀ, ਡਾ. ਜਗਤਾਰ ਧੀਮਾਨ, ਡਾ. ਮਨੂ ਸ਼ਰਮਾ ਸੋਹਲ, ਡਾ. ਵਰਿੰਦਰ ਰੰਧਾਵਾ, ਡਾ. ਗੁਲਜ਼ਾਰ ਪੰਧੇਰ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ। ਇਨ੍ਹਾਂ ਕਵੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਦਬੀ ਵਿਰਾਸਤ ਅਤੇ ਉਸ ਵਿਚ ਪੀ ਏ ਯੂ ਯੰਗ ਰਾਈਟਰਜ ਐਸੋਸੀਏਸ਼ਨ ਦੀਆਂ ਸੇਵਾਵਾਂ ਨੂੰ ਸਲਾਹੁੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਿਰਜਣਾ ਦੇ ਰਾਹ ਤੋਰਨ ਲਈ ਇਹੋ ਜਿਹੇ ਫੋਰਮ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਯੰਗ ਰਾਈਟਰਜ ਐਸੋਸੀਏਸ਼ਨ ਦੇ ਕਾਰਜਕਾਰੀ ਸਕੱਤਰ ਡਾ. ਅਨਿਲ ਸ਼ਰਮਾ ਨੇ ਵਿਦਿਆਰਥੀਆਂ ਕਵੀਆਂ ਅਤੇ ਮਾਹਿਰ ਕਵੀਆਂ ਨੂੰ ਜੀ ਆਇਆਂ ਨੂੰ ਕਿਹਾ। ਡਾ. ਨਿਰਮਲ ਜੌੜਾ ਨੇ ਵੀ ਆਪਣੇ ਵਿਦਿਆਰਥੀ ਕਾਲ ਦੇ ਅਨੁਭਵ ਵਿਦਿਆਰਥੀਆਂ ਨਾਲ ਸਾਂਝੇ ਕੀਤੇ।

ਯੰਗ ਰਾਈਟਰਜ ਐਸੋਸੀਏਸ਼ਨ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਧੰਨਵਾਦ ਸ਼ਬਦ ਬੋਲਦਿਆਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਲੇਖਕਾਂ, ਦੇਸ਼ ਭਗਤਾਂ ਅਤੇ ਸਿਰਕੱਢ ਸਿੱਖਿਆ ਸਾਸ਼ਤਰੀਆਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਪੁਰਬ ਮਨਾਉਣ ਲਈ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਹ ਆਪਣੇ ਮਾਣ ਮੱਤੇ ਵਿਰਸੇ ਨੂੰ ਆਪਣੀ ਸਿਰਜਣਾ ਦੀ ਪੁੱਠ ਦੇ ਕੇ ਯਾਦਗਾਰੀ ਲਿਖਤਾਂ ਰਚ ਸਕਣ। ਉਨ੍ਹਾਂ ਦੱਸਿਆ ਕਿ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਦੀ ਯਾਦ ਵਿੱਚ ਅਕਤੂਬਰ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਇੱਕ ਪ੍ਰੋਫੈਸਰ ਮੋਹਨ ਸਿੰਘ ਰਚਨਾ ਗਾਇਨ ਮੁਕਾਬਲੇ ਅਤੇ ਭਰੂਣ ਹੱਤਿਆ ਦੇ ਖਿਲਾਫ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਨਵੰਬਰ ਮਹੀਨੇ ਦਾ ਸਮਾਗਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ 17 ਨਵੰਬਰ ਨੂੰ ਵੀ ਸਾਹਿਤਕ ਸਮਾਗਮ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਖੁਸ਼ਪ੍ਰੀਤ ਕੌਰ, ਕੁਲਵਿੰਦਰ ਕੌਰ, ਪ੍ਰੀਤਇੰਦਰ ਕੌਰ, ਮੰਜੂ ਰਾਠੌਰ, ਨੀਰਾ ਪਰਮਾਰ, ਅਨੁਰੀਤ ਕੌਰ, ਜਸਕੀਰਤ ਕੌਰ, ਨੇਹਾ ਕੌਰ, ਦਵਿੰਦਰ ਸਿੰਘ ਅਤੇ ਕਈ ਹੋਰ ਵਿਦਿਆਰਥੀਆਂ ਨੇ ਭਾਗ ਲਿਆ।

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com