ਆਪਣੀ ਬੋਲੀ, ਆਪਣਾ ਮਾਣ

ਸੀਮਾਂ ਸਚਦੇਵ: ਮੈ ਪੁੱਛਦੀ ਹਾਂ…

ਅੱਖਰ ਵੱਡੇ ਕਰੋ+=

ਅਬੋਹਰ ਵਾਲੀ ਸੀਮਾਂ ਸਚਦੇਵ ਅੱਜ ਕੱਲ੍ਹ ਬੰਗਲੌਰ ਰਹਿੰਦੀ ਹੈ ਤੇ ਹਿੰਦੀ ਅਧਿਆਪਕਾ ਵਜੋਂ ਸੇਵਾ ਨਿਭਾ ਰਹੀ ਹੈ। ਭਾਵੇਂ ਉਹ ਹਿੰਦੀ ਦੀ ਵਿਦਿਆਰਥੀ ਅਤੇ ਅਧਿਆਪਕਾ ਹੈ, ਪਰ ਪੰਜਾਬ ਦੀ ਧੀ ਹੋਣ ਕਰ ਕੇ, ਪੰਜਾਬ ਅਤੇ ਪੰਜਾਬੀ ਨਾਲ ਮੋਹ ਕਰਦੀ ਹੈ।ਹਿੰਦੀ ਵਿੱਚ ਰਚਿਆ ਸੀਮਾ ਦਾ ਬਾਲ ਸਾਹਿੱਤ ਇੰਟਰਨੈੱਟ ਦੀ ਦੁਨੀਆ ਦੇ ਨਾਲ ਹੀ ਆਮ ਪਾਠਕਾਂ ਵਿੱਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਸੀਮਾ ਦਾ ਕਹਿਣਾ ਹੈ ਅੱਜ ਜਿੰਨੀ ਜਿਆਦਾ ਲੋੜ ਬਾਲ ਸਾਹਿੱਤ ਲਿਖਣ ਦੀ ਹੈ, ਉਸ ਦੇ ਮੁਕਾਬਲੇ ਊਂਠ ਦੇ ਮੂੰਹ ਵਿਚ ਜੀਰੇ ਜਿੰਨ੍ਹਾਂ ਵੀ ਬਾਲ ਸਾਹਿੱਤ ਨਹੀਂ ਰਚਿਆ ਜਾ ਰਿਹਾ। ਬਾਲ ਸਾਹਿੱਤ ਦੇ ਨਾਲ ਹੀ ਸੀਮਾ ਦੀ ਕਲਮ ਨਾਰੀ ਸੰਵੇਦਨਾਂ ਨੂੰ ਵੀ ਡੂੰਘਾਈ ਨਾਲ ਪੇਸ਼ ਕਰਦੀ ਹੈ। ਲਫ਼ਜ਼ਾਂ ਦਾ ਪੁਲ ਦੇ ਨਾਰੀ-ਸੰਵੇਦਨਾਂ ਵਾਲੇ ਕਲਮਾਂ ਦੇ ਕਾਫ਼ਲੇ ਵਿਚ ਸੀਮਾ ਦੀ ਹੇਠਲੀ ਰਚਨਾ ਇੱਕ ਮੁੱਲਵਾਨ ਵਾਧਾ ਕਰ ਰਹੀ ਹੈ। ਆਉ ਲਫ਼ਜ਼ਾਂ ਦਾ ਪੁਲ ਦੀ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਈਏ। ਨਾਰੀ ਹੱਕਾਂ, ਬਰਾਬਰੀ ਦੇ ਹੱਕ ਅਤੇ ਭਰੂਣ ਹੱਤਿਆ ਦੇ ਖ਼ਿਲਾਫ ਆਵਾਜ਼ ਅਤੇ ਕਲਮ ਬੁਲੰਦ ਕਰੀਏ। ਜੇ ਤੁਸੀ ਵੀ ਇਸ ਕਾਫ਼ਲੇ ਵਿਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਤੁਹਾਡੀਆਂ ਮੁੱਲਵਾਨ ਰਚਨਾਵਾਂ ਦਾ ਸਵਾਗਤ ਹੈ।

ਮੈ ਪੁੱਛਦੀ ਹਾਂ
ਉਸ ਰੱਬ ਕੋਲੋਂ
ਕਰਾਂ ਮਿੰਨੱਤਾਂ ਮੈ , ਕੁਝ ਤਾਂ ਬੋਲੋ
ਕਿਓਂ ਜਨਮ ਦਿੱਤਾ? ਕੀ ਰੋਣ ਲਈ?
ਮਰ-ਮਰ ਕੇ ਜਿੰਦਗੀ ਜਿਓਂਣ ਲਈ

ਇਹ ਜ਼ਿੰਦਗੀ ਦੁੱਖਾਂ ਦੀ ਮਾਰੀ ਹੈ
ਤੇ ਜੀਣਾ ਇਕ ਬਿਮਾਰੀ ਹੈ
ਕਿੰਨਾਂ ਕੁ ਦੁੱਖ ਅਸੀਂ ਸਹਿ ਜਾਈਏ
ਬਿਨ ਰੋਇਆਂ ਵੀ ਕਿਵੇਂ ਰਹਿ ਜਾਈਏ

ਜੇ ਦੁੱਖ ਹੀ ਦੇਣਾ ਸੀ ਸਾਨੂੰ
ਤਾਂ ਪਸ਼ੂ ਬਣਾ ਦਿੱਤਾ ਹੁੰਦਾ
ਅਸੀਂ ਚੁੱਪ ਕਰਕੇ ਸਭ ਸਹਿ ਜਾਂਦੇ
ਜੋ ਮਰਜ਼ੀ ਫਿਰ ਤੂੰ ਕਰ ਲੈਂ‍ਦਾ

ਜੇ ਸੱਟ ਮਾਰਨੀ ਸੀ ਸਾਨੂੰ
ਤਾਂ ਦਿਲ ਵਿਚ ਪੱਥਰ ਰੱਖ ਦਿੰਦਾ
ਫਿਰ ਮਰਜ਼ੀ ਨਾਲ ਤੂੰ ਮਾਰ ਲੈਂਦਾ
ਸਾਨੂੰ ਨਾ ਜ਼ਰਾ ਵੀ ਗ਼ਮ ਹੁੰਦਾ

ਤੂੰ ਤਾਂ ਬੱਸ ਕਹਿਰ ਕਮਾ ਹੀ ਲਿਆ
ਅਸਾਂ ਰੋਗ ਦਿਲਾਂ ਨੂੰ ਲਾ ਹੀ ਲਿਆ
ਮਾਰੀ ਸੱਟ ਤੂੰ ਤਾਂ ਭੁੱਲ ਹੀ ਗਿਆ
ਪਰ ਜੀਵਨ ਸਾਡਾ ਰੁਲ ਹੀ ਗਿਆ

ਜੇ ਐਵੇਂ ਹੀ ਸਾਨੂੰ ਰਵਾਓਣਾ ਸੀ
ਤੇ ਹਰ ਵੇਲੇ ਤੜਫਾਓਣਾ ਸੀ
ਤਾਂ ਪੱਥਰਾਂ ਦੇ ਵਿਚ ਰਹਿਣ ਵਾਲੇ
ਸਾਨੂੰ ਵੀ ਪੱਥਰ ਬਣਾਓਣਾ ਸੀ

ਜੇ ਹੰਝੂ ਹੀ ਸਾਨੂੰ ਪਿਆਓਣੇ ਸੀ
ਤਾਂ ਅੱਖਾਂ ਦੇਣ ਦਾ ਕੀ ਫਾਇਦਾ
ਜੇ ਗ਼ਮ ਖਾ ਕੇ ਹੀ ਜਿਓਣਾ ਸੀ
ਤਾਂ ਲੱਖਾਂ ਦੇਣ ਦਾ ਕੀ ਫ਼ਾਇਦਾ

ਜੇ ਇਹੋ ਹੀ ਤੇਰੀ ਮਰਜ਼ੀ ਸੀ
ਤਾਂ ਫਿਰ ਬੁੱਧੀ ਹੀ ਨਾ ਦਿੰਦਾ
ਨਾ ਸੋਚਦੇ ਅਸੀਂ ਵੀ ਗ਼ਮ ਖਾ ਕੇ
ਜੋ ਮਰਜ਼ੀ ਫਿਰ ਤੂੰ ਕਰ ਲੈਂਦਾ

ਤੂੰ ਕਿਓਂ ਦਿੱਤਾ ਸਾਨੂੰ ਜੀਵਨ
ਜੋ ਹੈ ਬੱਸ ਦੁੱਖਾਂ ਦਾ ਹੀ ਜੰਗਲ
ਇਹ ਜੰਗਲ ਵੀ ਨਾ ਤੂੰ ਸਹਿ ਸਕਿਆ
ਬਿਨ ਸਾਡੇ ਨਾ ਰਹਿ ਸਕਿਆ
ਭਰ ਦਿੱਤਾ ਇਸ ਵਿਚ ਸੁੰਨਾਪਨ
ਤੇ ਨਹੀਂ ਰਿਹਾ ਕੋਈ ਅਪਨਾਪਨ

ਦੁੱਖਾਂ ਤੇ ਗਮਾਂ ਦੀ ਹਨੇਰੀ ਰਾਤ
ਨਾ ਜੀਵਨ ਵਿਚ ਕੋਈ ਪ੍ਰਭਾਤ
ਰੂਹ ਹਨੇਰੇ ਵਿਚ ਪਈ ਭਟਕਦੀ
ਤੇ ਤੇਰੇ ਜੁਲਮ ਦੀ ਤਲਵਾਰ ਪਈ ਲਟਕਦੀ
ਤੂੰ ਤਲਵਾਰ ਕਿਊਂ ਨਹੀਂ ਚਲਾ ਦਿੰਦਾ
ਸਾਨੂੰ ਕਿਓਂ ਨਹੀਂ ਮਾਰ ਮੁਕਾ ਦਿੰਦਾ

ਤੇਰੀ ਦੁਨਿਆ ਤੇ ਅਸੀਂ ਨਹੀਂ ਰਹਿ ਸਕਦੇ
ਤੇਰਾ ਜ਼ੁਲਮ ਹੋਰ ਨਹੀਂ ਸਹਿ ਸਕਦੇ
ਨਹੀਂ ਤੇਰੇ ਤੋਂ ਕੁਝ ਮੰਗਦੇ ਅਸੀਂ
ਨਾ ਕਹਿਣ ਲੱਗੇ ਵੀ ਸੰਗਦੇ ਅਸੀਂ

ਤੂੰ ਮੌਤ ਹੀ ਦੇ ਦੇ ਸਾਨੂੰ ਅੱਜ
ਖਾ ਲੈ ਹੁਣ ਸਾਨੂੰ ਤੂੰ ਰੱਜ-ਰੱਜ
ਤੇਰੀ ਵੀ ਭੁੱਖ ਮਿਟ ਜਾਵੇਗੀ
ਸਾਨੂੰ ਮੁਕਤੀ ਮਿਲ ਜਾਵੇਗੀ

ਹੁਣ ਜੀ ਕੇ ਅਸਾਂ ਵੀ ਕੀ ਲੈਣਾ
ਦੱਸ ਤੇਰਾ ਕੀ ਕਰਜ਼ਾ ਦੇਣਾ
ਬਦਲੇ ਲਏ ਤੂੰ ਸਾਥੋਂ ਗਿਣ-ਗਿਣ ਕੇ
ਤਸੀਹੇ ਦਿਤੇ ਗਮਾਂ ਚ ਚਿਣ-ਚਿਣ ਕੇ
ਹੁਣ ਹੋਰ ਕੀ ਸਾਥੋਂ ਚਾਹੁੰਨਾ ਏਂ
ਕਿਓਂ ਹਰ ਵੇਲੇ ਤੜਫਾਓਨਾ ਏਂ

ਦੱਸ ਕੀ ਅਸਾਂ ਗੁਨਾਹ ਕੀਤਾ
ਕਿਓਂ ਜੀਵਨ ਸਾਡਾ ਫਨ੍ਹਾ ਕੀਤਾ
ਕਿਸ ਗੱਲ ਦੇ ਬਦਲੇ ਲੈ ਰਿਹਾ ਤੂੰ
ਬੱਸ ਦੁੱਖ ਹੀ ਦੁੱਖ ਸਾਨੂੰ ਦੇ ਰਿਹਾ ਤੂੰ
ਤੈਨੂੰ ਵੈਰ ਅਸਾਡੇ ਨਾਲ ਹੈ ਕੀ
ਦੱਸ ਤੇਰਾ ਅਸਾਂ ਵਿਗਾੜਿਆ ਕੀ

ਕਿਉਂ ਜੁਲਮੀਂ ਬਣ ਗਿਆ ਤੂੰ ਰੱਬ ਤੋਂ
ਕਿਉਂ ਬਦਲੇ ਲੈਂਦਾ ਏਂ ਸਭ ਤੋਂ
ਜੇ ਕਦੀ ਤੂੰ ਮੈਨੂੰ ਮਿਲ ਜਾਵੇਂ
ਸੱਚਮੁੱਚ ਈ ਸਾਹਮਣੇ ਆ ਜਾਵੇਂ
ਮੈ ਤੈਥੋਂ ਬੱਸ ਇਹ ਪੁੱਛਣਾ ਏ
ਤੈਨੂੰ ਵੀ ਦੱਸਣਾ ਪੈਣਾ ਏ
ਦੱਸ ਕਿਹੜਾ ਪਾਪ ਅਸਾਂ ਕੀਤਾ
ਤੂੰ ਜਨਮ ਹੀ ਸਾਨੂੰ ਕਿਓਂ ਦਿੱਤਾ

ਦੱਸ ਅਸਾਂ ਵੀ ਜੱਗ ਤੇ ਕੀ ਖੱਟਿਆ
ਦੁੱਖਾਂ ਵਿਚ ਇਹ ਜੀਵਨ ਕੱਟਿਆ
ਨਾ ਖੁਸ਼ੀ ਵੇਖੀ , ਨਾ ਗੁਨਾਹ ਕੀਤਾ
ਹਰ ਦਮ ਹੰਝੂਆਂ ਦਾ ਘੁੱਟ ਪੀਤਾ
ਰੋ-ਰੋ ਕੇ ਜਨਮ ਗਵਾ ਲੀਤਾ
ਤੂੰ ਜਨਮ ਹੀ ਸਾਨੂੰ ਕਿਓਂ ਦਿੱਤਾ

ਦੱਸ ਤੇਰੀ ਕੀ ਰਗ਼ ਦੁੱਖਦੀ ਆ
ਮੈ ਉਸ ਰੱਬ ਕੋਲੋਂ ਪੁੱਛਦੀ ਆਂ…

-ਸੀਮਾਂ ਸਚਦੇਵ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

,

Tags:

Comments

One response to “ਸੀਮਾਂ ਸਚਦੇਵ: ਮੈ ਪੁੱਛਦੀ ਹਾਂ…”

  1. manjitkotra Avatar

    ਤੁਹਾਡੀ ਰਚਨਾ ਬਹੁਤ ਭਾਵੁਕ ਹੈ ਤਾਂ ਕਾਫੀ ਲੋਕਾਂ ਦਾ ਰੋਣ ਨਿੱਕਲ
    ਜਾਵੇ। ਇਸੇ ਕੜੀ ਨੂੰ ਅੱਗੇ ਤੋਰਦਾ ਹੋਇਆ ਤੇ ਕੁੱਝ ਸਵਾਲਾਂ ਨੂੰ
    ਮੁਖਾਤਬ ਹੁੰਦਾ ਹੋਇਆ ਆਪਣਾ ਗੀਤ ਪੇਸ਼ ਕਰ ਰਿਹਾ ਹਾਂ

    ਧੀ ਦੀ ਪੜਚੋਲ
    ਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
    ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
    ਮਾਏ ਨੀ ਮਾਏ,,,,,,,,,,

    ਮੇਰੇ ਜੰਮਣ ਤੇ ਘਰ ਦੀਆਂ ਨੀਹਾਂ ਕਿਉਂ ਕੰਬੀਆਂ ?
    ਬਾਬਲ ਦੇ ਦਿਲ ਉੱਤੇ ਫਿਰ ਗਈਆਂ ਕਿਉਂ ਰੰਬੀਆਂ?
    ਹਾਏ!ਟਹਿਣੀਆਂ ਬੂਹੇ ਅੱਗੇ ਨਿਮ ਦੀਆਂ ਨਾ ਟੰਗੀਆਂ,
    ਦੱਸ ਨੀ ਤੂੰ ਦੱਸ ਨੀ ਮਾਏ, ਕਿਉਂ ਤੂੰ ਵੰਡੇ ਨਾ ਮੇਵੇ ?
    ਮਾਏ ਨੀ ਮਾਏ,,,,,,,,,,,

    ਸੱਧਰਾਂ ਤੇ ਚਾਵਾਂ ਨੂੰ ਮੈਂ ਸੀਨੇ ਲਿਆ ਦੱਬ ਸੀ ,
    ਮੁੱਲ ਦਾ ਜਦ ਮਾਹੀਆ ਲਿਆ ਮੇਰੇ ਲਈ ਲੱਭ ਸੀ,
    ਹਾਏ!ਬਾਬਲ ਦੀ ਪੱਗ ਵਾਲੀ ਇਹਦੇ ਸਿਰ ਲੱਜ ਸੀ,
    ਤੁਰਦੀ ਹੋਈ ਡੋਲੀ ਨੂੰ,ਘਰ ਵਾਲੀ ਦਹਿਲੀਜ ਕਵੇ।
    ਮਾਏ ਨੀ ਮਾਏ,,,,,,,,,,

    ਆਦਮ ਯੁੱਗ ਦੀ ਇੱਕ ਦਿਨ ਮੈਂ ਪਟਰਾਣੀ ਸੀ ,
    ਰੂਹ ਦਾ ਜਦ ਮਿਲਦਾ ਮੈਨੂੰ ਵੀ ਹਾਣੀ ਸੀ,
    ਹਾਏ!ਮੇਰੀ ਗੁਲਾਮੀ ਵਾਲੀ ਅਜਬ ਕਹਾਣੀ ਸੀ,
    ਜਦ ਮਰਦ ਬਣਾਈ ਜੁੱਤੀ,ਜੀ ਕੀਤਾ ਭੋਗ ਲਵੇ।
    ਮਾਏ ਨੀ ਮਾਏ,,,,,,,,,,,,

    ਮੰਨਾ ਨਾ ਕਰਮਾਂ ਨੂੰ,ਕਿਸਮਤ ਦੀ ਬਾਤ ਨਾ ਪਾਈਂ,
    ਹਰ ਇੱਕ ਸੱਚ ਤੋਂ ਜਾਵਾਂ ਮੈਂ ਪਰਦਾ ਹਟਾਈਂ ,
    ਹਾਏ!ਚੰਡੀ ਮੈਂ ਬਣ ਜਾਣਾ,ਪੁਟਾਂਗੀ ਜੁਲਮਾਂ ਤਾਈਂ,
    ਮੇਰਾ ਅਸਮਾਨ ਹੋਵੇਗਾ, ਉੱਗਦੀ ਹੋਈ ਰੌਸ਼ਨੀ ਕਵੇ।
    ਮਾਏ ਨੀ ਮਾਏ,,,,,,,,,

    ਬਾਬਲ ਦੀ ਪੱਗ ਵਾਲੀ ਮੇਰੇ ਸਿਰ ਲੱਜ ਕਿਉਂ?
    ਵੀਰੇ ਮੇਰੇ ਨੂੰ ਕੋਈ ਵੀ ਕਿਉਂ ਕੁਝ ਨਾ ਕਵੇ ।
    ਮਾਏ ਨੀ ਮਾਏ ਨੈਣਾਂ ਮੇਰਿਆਂ ‘ਚ ਰੜ੍ਹਕ ਰਵੇ ।
    ਨਿੱਕੀ ਜਿਹੀ ਜਿੰਦ ਨਿਮਾਣੀ ਕੀ ਕੀ ਦਰਦ ਸਵੇ।
    ਮਾਏ ਨੀ ਮਾਏ,,,,,,,,,,

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com