ਗ਼ਜ਼ਲ: ਸਾਥੀ ਲੁਧਿਆਣਵੀ

ਸਿਖ਼ਰ ਦੁਪਹਿਰੇ ਆਪਣਾ ਹੀ ਪਰਛਾਵਾਂ ਢੂੰਡ ਰਹੇ ਹਾਂ।
ਜੇਠ ਹਾੜ੍ਹ ਵਿਚ ਠੰਡੀਆਂ ਸਰਦ ਹਵਾਵਾਂ ਢੂੰਡ ਰਹੇ ਹਾਂ।

ਜੰਗਲ਼ ਬੇਲੇ ਮੁੱਕ ਗਏ ਜੋਗੀ ਟੁਰ ਗਏ ਸ਼ਹਿਰਾਂ ਨੂੰ,
‘ਜੈਬ ਘਰਾਂ ਲਈ ਲੱਕੜ ਦੀਆਂ ਖ਼ੜਾਵਾਂ ਢੂੰਡ ਰਹੇ ਹਾਂ।

ਵਿਹੜੇ ਵਿਚਲਾ ਪਿੱਪਲ਼ ਵੱਢਕੇ ਬਾਲਣ ਬਣ ਚੁੱਕਿਐ,
ਵਤਨ ‘ਚ ਘਰ ਦੇ ਵਿਹੜੇ ਵਿਚੋਂ ਛਾਵਾਂ ਢੂੰਡ ਰਹੇ ਹਾਂ।

ਅੱਜ ਕੱਲ ਏਸ ਸ਼ਹਿਰ ‘ਚ ਧੁੰਦ ਤੇ ਧੂੰਆਂ ਕਿੰਨਾ ਹੈ,
ਸ਼ਾਮੀਂ ਗ਼ਗ਼ਨ ‘ਚ ਤਾਰਾ ਟਾਵਾਂ ਟਾਵਾਂ ਢੂੰਡ ਰਹੇ ਹਾਂ।

ਸ਼ੀਸ਼ੇ, ਪੱਥਰ, ਲੋਹੇ ਦੇ ਇਸ ਸੰਘਣੇ ਜੰਗਲ ‘ਚੋਂ,
ਸ਼ੋਖ਼ ਤੇ ਚੰਚਲ ਕਲੀਆਂ ਦੀਆਂ ਅਦਾਵਾਂ ਢੂੰਡ ਰਹੇ ਹਾਂ।

ਅਲ਼੍ਹੜ ਉਮਰੇ ਲਿਖ਼ੀਆਂ ਹੋਈਆਂ ਪ੍ਰੇਮ ਪਿਆਰ ਦੀਆਂ,
ਕਿੱਧਰੇ ਪਈਆਂ ਅਣਛਪੀਆਂ ਕਵਿਤਾਵਾਂ ਢੂੰਡ ਰਹੇ ਹਾਂ।

ਕੀ ਹੋਇਆ ਹੋਵੇਗਾ ਭਲਾ ਪੁਰਾਣੇ ਮਿੱਤਰਾਂ ਦਾ,
ਬੜੀ ਪੁਰਾਣੀ ਡਾਇਰੀ ਚੋਂ ਸਰਨਾਵਾਂ ਢੂੰਡ ਰਹੇ ਹਾਂ।

ਅਜਬ ਜਿਹੀ ਹੈ ਗੱਲ ਕਿ ਆਪਾਂ ਏਡੀ ਉਮਰੇ ਵੀ,
ਵਿੱਛੜ ਚੁੱਕੀਆਂ ਆਪਣੀਆਂ ਚੰਗੀਆਂ ਮਾਵਾਂ ਢੂੰਡ ਰਹੇ ਹਾਂ।

ਜੀਵਨ ਦੀ ਹਰ ਨੁੱਕਰ ਵਿਚ ਹਨ੍ਹੇਰਾ ਕਿੰਨਾ ਹੈ,
ਅਸੀਂ ਮਸੱਲਸੱਲ ਚਾਨਣ ਦੀਆਂ ਸ਼ੁਆਵਾਂ ਢੂੰਡ ਰਹੇ ਹਾਂ।

ਵਤਨ ਨੂੰ ਛੱਡ ਕੇ ਜਦ ਤੋਂ ਅਸੀਂ ਵਿਦੇਸ਼ ਪਧਾਰੇ ਹਾਂ,
ਇਸ ਤੋਂ ਵਧੀਆ ਇਸ ਦੁਨੀਆਂ ਵਿਚ ਥਾਵਾਂ ਢੂੰਡ ਰਹੇ ਹਾਂ।

ਕਿਹੜੀ ਦਿਸ਼ਾ ‘ਚ ‘ਸਾਥੀ’ ਲੈ ਕੇ ਜਾਈਏ ਜੀਵਨ ਨੂੰ,
ਏਸ ਉਮਰ ਵੀ ਨਵੀਆਂ ਅਸੀਂ ਦਿਸ਼ਾਵਾਂ ਢੂੰਡ ਰਹੇ ਹਾਂ।

-ਡਾ. ਸਾਥੀ ਲੁਧਿਆਣਵੀ,

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: