ਸੱਚ ਦੇ ਸਫ਼ਿਆਂ ‘ਤੇ: ਅੰਮ੍ਰਿਤਬੀਰ ਕੌਰ

ਲੁਧਿਆਣਾ ਦੀ ਅੰਮ੍ਰਿਤਬੀਰ ਕੌਰ (ਐਮ.ਏ. ਅੰਗਰੇਜ਼ੀ, ਐੱਮ.ਫ਼ਿਲ. ਅੰਗਰੇਜ਼ੀ, ਬੀ.ਐੱਡ, ਐੱਮ.ਐੱਡ) ਕਾਲਜ ਲੈਕਚਰਾਰ ਹਨ। ਉਹ ਪੰਜਾਬੀ ਅਤੇ ਅੰਗਰੇਜ਼ੀ ਵਿਚ ਲੇਖ ਤੇ ਕਵਿਤਾਵਾਂ ਲਿਖਦੇ ਹਨ। ਉਨ੍ਹਾਂ ਦੇ ਲੇਖ ਅਕਸਰ ਪੰਜਾਬੀ/ਅੰਗਰੇਜ਼ੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਰਹਿੰਦੇ ਹਨ। ਅੰਗਰੇਜ਼ੀ ਵਿਚ ਕਵਿਤਾਵਾਂ ਦੀ ਕਿਤਾਬ ਛਪਾਈ ਅਧੀਨ ਹੈ। ਦੋਨਾਂ ਹੀ ਭਾਸ਼ਾਵਾਂ ਵਿਚ ਬਲੌਗ (http://literarybonanza.blogspot.com/ ਅਤੇ http://gurumehar.blogspot.com/) ਵੀ ਲਿਖਦੇ ਹਨ। ਲਫ਼ਜ਼ਾਂ ਦਾ ਪੁਲ ‘ਤੇ ਉਨ੍ਹਾਂ ਦੀ ਪਹਿਲੀ ਰਚਨਾ ਪ੍ਰਕਾਸ਼ਿਤ ਹੋ ਰਹੀ ਹੈ। ਆਸ ਹੈ ਪਾਠਕ ਆਪਣੇ ਵਿਚਾਰਾਂ ਨਾਲ, ਉਨ੍ਹਾਂ ਨੂੰ ਜੀ ਆਇਆਂ ਆਖਣਗੇ।

ਸੱਚ ਦੇ ਸਫ਼ਿਆਂ ‘ਤੇ
ਝੂਠ ਕਈ ਹਜ਼ਾਰ ਲਿਖੇ
ਦਾਅਵਾ ਕੀਤਾ ਸਚਿਆਈ ਦਾ
ਝੂਠੇ ਉਮਰਾਂ ਦੇ ਸਾਰ ਲਿਖੇ ।
ਬੁਰਕਾ ਕਾਲਾ ਫ਼ਰੇਬ ਦਾ
ਸੱਚ ਉੱਤੇ ਸਜਿਆ ਰਿਹਾ,
ਸੱਚ ਦੀ ਦਬੀ ਆਵਾਜ਼ ਨੂੰ
ਅਣਸੁਣਿਆ ਮੈਂ ਕਰਦਾ ਰਿਹਾ।
ਸੱਚ ‘ਤੇ ਝੂਠ ਦੀ ਦੌੜ ਦਾ
ਸਿੱਟਾ ਜਾਣਿਆ ਪਛਾਣਿਆ ਰਿਹਾ,
ਸੱਚ ਦਾ ਪਲੜਾ ਭਾਰੀ ਸੀ ਪਰ
ਕੰਡਾ ਝੂਠ ਵੱਲ ਝੁਕਦਾ ਰਿਹਾ।
ਆਜ਼ਾਦੀ ਦੇ ਕੀ ਨੇ ਮਾਇਨੇ
ਸੱਚ ਦੁਨੀਆਂ ਨੂੰ ਦੱਸਦਾ ਰਿਹਾ,
ਜਦ ਵੀ ਝੂਠ ਨੂੰ ਪਰ ਲੱਗੇ,
ਸੱਚ ਜ਼ੰਜੀਰਾਂ ‘ਚ ਜਕੜਿਆ ਰਿਹਾ।
ਸੱਚ ਨੂੰ ਫ਼ਾਂਸੀ ਦੇ ਦਿੱਤੀ
ਉਹਨਾਂ ਕਾਨੂੰਨ ਦੇ ਰਖਵਾਲਿਆਂ ਨੇ,
ਜ਼ਿੰਦਗੀ ਦੀ ਲੜਾਈ ਜਿੱਤ ਕੇ ਵੀ
ਸੱਚ ਕਾਨੂੰਨੀ ਲੜਾਈ ਹਾਰਦਾ ਰਿਹਾ।
ਮੇਰੀ ਕਲਮ ਵੀ ਯਾਰੋ ਅੱਜਕੱਲ੍ਹ
ਸੱਚ ਤੋਂ ਦੂਰ ਹੀ ਰਹਿੰਦੀ ਏ,
ਨਹੀਂ ਤਾਂ ਕੱਲ੍ਹ ਨੂੰ ਪਤਾ ਲੱਗੇ
ਮੈਂ ਉਸ ਕਲਮ ਤੋਂ ਹੀ ਜਾਂਦਾ ਰਿਹਾ।
ਸੱਚ ਦੇ ਸਫ਼ਿਆਂ ਤੇ ਮੈਂ ਵੀ
ਝੂਠ ਕਈ ਹਜ਼ਾਰ ਲਿਖੇ,
ਸੱਚ ਦੀ ਸਿਆਹੀ ਵਰਤ ਕੇ ਵੀ
ਅੱਖਰ ਕੋਰੇ ਝੂਠ ਲਿਖੇ।

Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com