ਇਹ ਲੇਖ ਭਾਵੇਂ ਅੱਤ ਦੀ ਸਰਦੀ ਵਿਚ ਲਿਖਿਆ ਗਿਆ ਹੈ ਅਤੇ ਸਰਦ ਮੌਸਮ ਦੇ ਅਹਿਸਾਸ ਨੂੰ ਕੁਦਰਤ ਦੀ ਜ਼ੁਬਾਨੀ ਬਿਆਨ ਕਰਦਾ ਹੈ, ਪਰ ਇਹ ਲੇਖ ਇਕ ਮੌਸਮ ਤੱਕ ਸੀਮਤ ਨਹੀਂ। ਲੇਖਿਕਾ ਨੇ ਇਸ ਲੇਖ ਰਾਹੀਂ ਕੁਦਰਤ ਦੀ ਜਿਸ ਨਿਰਵਿਘਨ ਨਿਰੰਤਰਤਾ ਵੱਲ ਸਾਡਾ ਧਿਆਨ ਦਿਵਾਇਆ ਹੈ, ਉਹ ਕਾਬਿਲੇ ਗੌਰ ਹੈ। ਆਉਂਦੀ ਗਰਮੀ ਦੀ ਲੂ ਦਾ ਖ਼ਿਆਲ ਹੀ ਜੇ ਤੁਹਾਨੂੰ ਪਸੀਨਾ ਲਿਆ ਰਿਹਾ ਹੈ ਤਾਂ ਇਹ ਲੇਖ ਪੜ੍ਹ ਕੇ ਤੁਸੀਂ ਮਾਨਸਿਕ ਠੰਢਕ ਜ਼ਰੂਰ ਮਹਿਸੂਸ ਕਰੋਗੇ। -ਸੰਪਾਦਕ
|
ਪਰਮਬੀਰ ਕੌਰ |
ਜਿੰਨੀ ਠੰਢ ਅੱਜਕੱਲ੍ਹ ਪੈ ਰਹੀ ਹੈ, ਆਪਣੇ ਤੇ ਹਰ ਕੋਈ ਇਸਨੂੰ ਹੰਢਾ ਹੀ ਰਿਹਾ ਹੈ ਪਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਵੀ ਇਸ ਤੱਥ ਦੀ ਪੁਸ਼ਟੀ ਬਾਖ਼ੂਬੀ ਕਰਦੀਆਂ ਨਜ਼ਰ ਪੈਂਦੀਆਂ ਹਨ।
ਉਤਰੀ ਭਾਰਤ ਵਿਚ ਸੀਤ ਲਹਿਰ ਦਾ ਕਹਿਰ, ਠੰਢ ਦਾ ਪਰਕੋਪ ਜਾਰੀ, ਕੜਾਕੇ ਦੀ ਸਰਦੀ ਦੀ ਜਕੜ ਬਰਕਰਾਰ ਆਦਿ ਵਰਗੇ ਵਾਕਾਂਸ਼ ਆਮ ਹੀ ਪੜ੍ਹਨ ਨੂੰ ਮਿਲਦੇ ਹਨ। ਫਿਰ ਇਹ ਗੱਲ ਵੀ ਹੈ ਕਿ ਅਜਿਹੀਆਂ ਟਿੱਪਣੀਆਂ ਕੇਵਲ ਪੜ੍ਹਨ ਜਾਂ ਛਪਣ ਤਕ ਸੀਮਿਤ ਨਹੀਂ; ਜਦੋਂ ਵੀ ਕੋਈ ਦੋ ਜਣੇ ਮਿਲ ਪੈਣ ਜਾਂ ਫ਼ੋਨ ਤੇ ਗੱਲ ਹੋਵੇ ਇਸ ਠੁਰ-ਠੁਰ ਵਾਲੇ ਮੌਸਮ ਦੀ ਚਰਚਾ ਹੋਣੀ ਲਾਜ਼ਮੀ ਹੈ! ਹਰ ਕੋਈ ਆਪਣੇ ਤਰੀਕੇ ਤੇ ਅੰਦਾਜ਼ ਨਾਲ ਇਸ ਦੀ ਤੀਬਰਤਾ ਦਾ ਬਿਆਨ ਕਰਦਾ ਹੈ; ‘ਢੇਰ ਕਪੜੇ ਲੱਦੇ ਹੋਏ ਨੇ, ਪਰ ਫਿਰ ਵੀ ਇੰਨੀ ਠੰਢ!,’ ‘ਰਜ਼ਾਈ ਵਿੱਚੋਂ ਨਿਕਲਣ ਨੂੰ ਦਿਲ ਈ ਨਹੀਂ ਕਰਦਾ ਜੀ, ਇਸ ਮੌਸਮ ਵਿਚ ਤਾਂ,’ ਵਰਗੇ ਹੋਰ ਵੰਨ-ਸੁਵੰਨੇ ਵਿਚਾਰ ਸੁਣਨ ਨੂੰ ਮਿਲਦੇ ਹਨ। ਹਰ ਸਾਲ ਇਹਨਾਂ ਦਿਨਾਂ ਵਿਚ ਆਮ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਜਿੰਨੀ ਠੰਢ ਇਸ ਵਾਰ ਪੈ ਰਹੀ ਹੈ ਇੰਨੀ ਸ਼ਾਇਦ ਹੀ ਪਹਿਲਾਂ ਕਦੇ ਪਈ ਹੋਵੇ! ਜਾਪਦਾ ਹੈ ਜਿਵੇਂ ਬੰਦਾ ਆਪਣੀ ਯਾਦ ਸ਼ਕਤੀ ਤੇ ਪੂਰਾ ਭਰੋਸਾ ਤਾਂ ਨਹੀਂ ਕਰ ਸਕਦਾ!
ਇਸ ਹੱਡ-ਚੀਰਵੀਂ ਠੰਢ ਦਾ ਮੁਕਾਬਲਾ ਕਰਨ ਲਈ ਅੱਗ ਬਾਲ ਕੇ ਸੇਕਣ, ਬਿਜਲਈ ਹੀਟਰਾਂ ਦੀ ਵਰਤੋਂ ਕਰਨ ਜਾਂ ਹੋਰ ਕਈ ਅਜਿਹੇ ਸਾਧਨਾਂ ਦਾ ਸਹਾਰਾ ਲਿਆ ਜਾਂਦਾ ਹੈ। ਭਾਂਤ-ਭਾਂਤ ਦੀਆਂ ਸਹੂਲਤਾਂ ਦੇ ਬਾਵਜੂਦ ਸ਼ਾਇਦ ਹੀ ਕੋਈ ਇਹ ਦਾਅਵਾ ਕਰ ਸਕੇ ਕਿ ਉਸਨੇ ਠੰਢ ਦੇ ਅਸਰ ਨੂੰ ਨਕਾਰਾ ਕਰਨ ਵਿਚ ਕਾਮਯਾਬੀ ਹਾਸਲ ਕਰ ਲਈ ਹੈ। ਸੀਤ ਹਵਾ ਬੰਦੇ ਨੂੰ ਧੁਰ ਅੰਦਰ ਤੱਕ ਸੁੰਨ ਕਰਨ ਦੀ ਸਮਰੱਥਾ ਰਖਦੀ ਹੈ। ਚੰਗਾ-ਭਲਾ ਬੰਦਾ ਸੁੰਗੜਿਆ ਜਿਹਾ ਫਿਰੇਗਾ ਇਸ ਦੀ ਮੌਜੂਦਗੀ ਵਿਚ। ਇਸ ਦੀ ਤਾਕਤ ਨੂੰ ਸਲਾਮ!
ਅੰਗਰੇਜ਼ੀ ਦੇ ਪ੍ਰਸਿੱਧ ਨਾਟਕਕਾਰ ਵਿਲੀਅਮ ਸ਼ੇਕਸ਼ਪੀਅਰ ਨੇ ਕੁਝ ਸਤਰਾਂ, ਇਸੇ ਹੱਢ-ਚੀਰਵੀਂ ਠੰਢੀ ਹਵਾ ਦੀ ਤਾਕਤ ਨੂੰ ਸਵੀਕਾਰਦਿਆਂ, ਇਸ ਨੂੰ ਸੰਬੋਧਿਤ ਹੋ ਕੇ ਆਖੀਆਂ ਹਨ, ਜਿਹਨਾਂ ਦਾ ਪੰਜਾਬੀ ਵਿਚ ਭਾਵ ਕੁਝ ਇਸ ਤਰ੍ਹਾਂ ਹੋਵੇਗਾ:
“ਵਗਦੀ ਰਹਿ ਐ ਸੀਤ ਹਵਾ, ਤੂੰ ਵਗਦੀ ਰਹਿ,
ਕਿਸੇ ਅਕਿਰਤਘਣ ਜਿੰਨੀ ਤਾਂ ਨਹੀਂ ਤੂੰ ਬੇਰਹਿਮ!
ਭਾਵੇਂ ਤੇਰਾ ਝੌਂਕਾ ਹੁੰਦਾ ਹੈ ਅਸਹਿ,
ਪਰ ਅਦ੍ਰਿਸ਼ਟ ਹੈਂ ਤੂੰ, ਇੰਨੇ ਤਿੱਖੇ ਨਹੀਂ ਹਨ ਦੰਦ ਤੇਰੇ!
ਬੱਚੇ, ਵੱਡੇ ਅਤੇ ਬੁੱਢੇ ਸਾਰੇ ਹੀ ਇਸ ਦਾ ਅਸਰ ਕਬੂਲਦੇ ਹਨ ਤੇ ਇਸ ਤੋਂ ਬਚਣ ਦੇ ਉਪਰਾਲੇ ਕਰਨ ਦੇ ਆਹਰ ਵਿਚ ਹੁੰਦੇ ਨੇ। ਇਸ ਤੋਂ ਸ਼ਿਕਾਇਤਾਂ ਵੀ ਬਹੁਤ ਹੁੰਦੀਆਂ ਨੇ ਬੜਿਆਂ ਨੂੰ। ਪਰ ਫਿਰ ਵੀ ਘਰ ਦੇ ਬਾਹਰ ਤੇ ਅੰਦਰ ਦੀ ਠੰਢ ਦੇ ਫ਼ਰਕ ਨੂੰ ਤਾਂ ਹਰ ਇਕ ਨੇ ਹੀ ਮਹਿਸੂਸ ਕੀਤਾ ਹੋਵੇਗਾ। ਇਸ ਗੱਲ ਤੋਂ ਮੈਨੂੰ ਚਾਰ ਕੁ ਦਹਾਕੇ ਪਹਿਲਾਂ ਪੜ੍ਹੇ, ‘ਨੌਰਮਨ ਮੈਕਿਨਲ’ ਦੇ ਅੰਗਰੇਜ਼ੀ ਨਾਟਕ, ‘ਪਾਦਰੀ ਦੇ ਮੋਮਬੱਤੀਦਾਨ’ ਦਾ ਖ਼ਿਆਲ ਆ ਗਿਆ ਹੈ। ਠੰਢ ਦੇ ਸੰਦਰਭ ਵਿਚ ਪਾਦਰੀ ਦੀ ਕਹੀ ਹੋਈ ਗੱਲ ਬੜੀ ਅਰਥਪੂਰਨ ਜਾਪਦੀ ਹੈ। ਨਾਟਕ ਵਿਚ ਪਾਦਰੀ ਨੂੰ ਕੜਾਕੇ ਦੀ ਠੰਢ ਵਿਚ ਕਿਸੇ ਕੰਮ ਲਈ ਘਰੋਂ ਬਾਹਰ ਜਾਣਾ ਪਿਆ। ਜਦੋਂ ਉਹ ਵਾਪਸ ਘਰ ਦੇ ਅੰਦਰ ਆਉਂਦਾ ਹੈ ਤਾਂ ਦਾਖ਼ਲ ਹੁੰਦੇ ਹੀ ਅੰਦਰਲੀ ਗਰਮਾਇਸ਼ ਨੂੰ ਮਹਿਸੂਸ ਕਰਦਾ, ਆਖਦਾ ਹੈ, “ਘਰ ਅੰਦਰਲੇ ਨਿੱਘ ਦਾ ਮੁੱਲ, ਬੰਦਾ ਪਹਿਲਾਂ ਬਾਹਰਲੀ ਠੰਢ ਵਿਚ ਜਾ ਕੇ ਹੀ ਪਾ ਸਕਦਾ ਹੈ!”
ਅੰਤਹਕਰਣ ਵਿਚ ਜਦੋਂ ਉਪਰੋਕਤ ਸਾਰੇ ਖ਼ਿਆਲ ਹਲਚਲ ਮਚਾਈ ਬੈਠੇ ਸਨ ਤਾਂ ਅਚਾਨਕ ਸੰਘਣੀ ਧੁੰਦ ਨਾਲ ਲੁੱਕਣ-ਮੀਟੀ ਖੇਡਦਾ ਸੂਰਜ, ਇਸ ‘ਤੇ ਜਿੱਤ ਪਾ ਕੇ ਵਿਚ-ਵਿਚਾਲੇ, ਖਿੜਕੀ ਤੋਂ ਪਾਰ ਲਿਸ਼ਕਾਂ ਮਾਰਦਾ ਦਿਖਾਈ ਦਿੱਤਾ। ਇਕਦਮ ਆਪਣੀ ਨਿੱਕੀ ਜਿਹੀ ਬਗੀਚੀ ਵਿਚ ਲੱਗੇ ਫੁੱਲ-ਬੂਟਿਆਂ ਦਾ ਧਿਆਨ ਆਇਆ। ਸੋਚਿਆ ਇਹਨਾਂ ਸਾਰਿਆਂ ਦਾ ਬਾਹਰ ਨਿਕਲ ਕੇ ਹਾਲ-ਚਾਲ ਤਾਂ ਪੁੱਛਾਂ। ਉਹ ਤਾਂ ਸਾਰੀਆਂ ਧੁੰਦਾਂ, ਕੜਾਕੇ ਦੀ ਸਰਦੀ ਤੇ ਬਰਫ਼ੀਲੀਆਂ ਹਵਾਵਾਂ ਦਿਨੇ-ਰਾਤੀਂ, ਬਾਹਰ ਖੁਲ੍ਹੇ ਅਸਮਾਨ ਹੇਠਾਂ ਹੰਢਾਉਂਦੇ ਪਏ ਨੇ। ਪਰ ਇਹ ਕੀ, ਜਿਵੇਂ ਹੀ ਬਗੀਚੀ ਵਿਚ ਪੈਰ ਰੱਖਿਆ, ਉੱਥੇ ਆਸ ਦੇ ਐਨ ਵਿਪਰੀਤ, ਬੜਾ ਖ਼ੁਸ਼ਨੁਮਾ ਨਜ਼ਾਰਾ ਸੀ! ਉਹ ਇੰਜ ਖਿੜੇ ਹੋਏ ਖੜ੍ਹੇ ਸਨ ਜਿਵੇਂ ਉਹਨਾਂ ਕੋਈ ਨੱਚਣ-ਗਾਉਣ ਦਾ ਪਰੋਗਰਾਮ ਆਯੋਜਿਤ ਕੀਤਾ ਹੋਵੇ ਤੇ ਸਾਰੇ ਉਚੇਚੇ ਤੌਰ ‘ਤੇ ਬਣ-ਫੱਬ ਕੇ ਆਏ ਹੋਣ। ਖ਼ਬਰੇ ਇਹ ਵਿਚਾਰ ਕਿਵੇਂ ਮਨ ਵਿਚ ਆ ਗਿਆ ਸੀ ਕਿ ਫੁੱਲ-ਪੌਦੇ ਵੀ ਕਈ ਗਿਲੇ-ਸ਼ਿਕਵੇ ਲਈ ਬੈਠੇ ਹੋਣਗੇ ਤੇ ਚਲੋ ਸ਼ਾਇਦ ਉਹਨਾਂ ਨੂੰ ਮੇਰੇ ਨਾਲ ਇਹਨਾਂ ਦੀ ਚਰਚਾ ਕਰਨਾ ਚੰਗਾ ਲੱਗੇ!
ਮੈਂ ਤਾਂ ਅਜੇ ਇਹਨਾਂ ਹਸੂੰ-ਹਸੂੰ ਕਰਦੇ, ਜੋਬਨ-ਮੱਤੇ ਪੁਸ਼ਪਾਂ ਤੇ ਪੌਦਿਆਂ ਦੇ ਤੌਰ-ਤਰੀਕਿਆਂ ਬਾਰੇ ਸੋਚਣ ਵਿਚ ਵਿਅਸਤ ਸਾਂ ਕਿ ਕੋਲ ਹੀ ਖੜ੍ਹੇ ਪੀਲੇ ਗੁਲਦਾਊਦੀ ਦੇ ਫੁੱਲਾਂ ਨਾਲ ਲੱਦੇ ਬੂਟੇ ਨੇ ਮੈਨੂੰ ਬੁਲਾ ਲਿਆ, “ਅੱਜਕੱਲ੍ਹ ਬਹੁਤ ਘੱਟ ਨਜ਼ਰ ਆਉਂਦੇ ਹੋ…।”
“ਠੰਢ ਕਿੰਨੀ ਪੈਂਦੀ ਪਈ ਏ, ਐਨੀ ਧੁੰਦ… ਬਾਹਰ ਨਿਕਲਣ ਨੂੰ ਦਿਲ ਈ ਨਹੀਂ ਕਰਦਾ। ਤੁਸੀਂ ਪਤਾ ਨਹੀਂ ਕਿਵੇਂ ਜਰਦੇ ਓ ਇੰਨੇ ਔਖੇ ਹਾਲਾਤ!”
“ਐਹ ਲਉ! ਸਾਡੇ ਲਈ ਤਾਂ ਇਹ ਜੀਵਨ ਇਕ ਰੋਚਕ ਚੁਣੌਤੀ ਜਿਹਾ ਏ; ਇਸ ਲਈ ਸਭ ਕੁਝ ਚੰਗਾ ਈ ਚੰਗਾ…,” ਗੁਲਦਾਊਦੀ ਦੇ ਢੇਰ ਸਾਰੇ ਫੁੱਲਾਂ ਨਾਲ ਭਰੇ ਬੂਟੇ ਨੇ ਆਪਣੇ ਖੇੜੇ ਦਾ ਰਾਜ਼ ਸਾਂਝਾ ਕੀਤਾ।
ਉਸ ਦੇ ਕੋਲ ਹੀ ਚਿੱਟੇ ਤੇ ਗੁਲਾਬੀ ਰੰਗ ਦੇ ਫੁੱਲਾਂ ਵਾਲੇ ਫ਼ਲੌਕਸ ਦੇ ਕਈ ਬੂਟੇ ਮਹਿਕਣ-ਟਹਿਕਣ ਲੱਗੇ ਹੋਏ ਸਨ। ਉਹਨਾਂ ਦੀ ਆਪਣੀ ਨਿਵੇਕਲੀ ਸੁੰਦਰਤਾ ਸੀ। ਉਹਨਾਂ ਨੇ ਗੁਲਦਾਊਦੀ ਦੀ ਪ੍ਰੋੜ੍ਹਤਾ ਕਰਦਿਆਂ ਆਖਿਆ, “ਅਸੀਂ ਤਾਂ ਇਸ ਜੀਵਨ ਲਈ ਬੜੇ ਸ਼ੁਕਰਗੁਜ਼ਾਰ ਹਾਂ; ਉਂਜ ਵੀ ਕੁਦਰਤ ਨੇ ਸਾਨੂੰ ਖੇੜਾ ਵੰਡਣ ਲਈ ਹੀ ਤਾਂ ਬਣਾਇਆ ਹੈ! ਫਿਰ ਹਰ ਹਾਲ ਵਿਚ ਖ਼ੁਸ਼ ਰਹਿਣਾ ਤਾਂ ਸਾਡਾ ਫ਼ਰਜ਼ ਵੀ ਬਣ ਜਾਂਦਾ ਹੈ ਨਾ।”
ਮੈਂ ਤਾਂ ਦੰਗ ਰਹਿ ਗਈ ਫ਼ਲੌਕਸ ਦੇ ਮੂੰਹੋਂ ਇੰਨੀ ਗੰਭੀਰ ਟਿੱਪਣੀ ਸੁਣ ਕੇ! ਨੇੜੇ ਹੀ ਖੜ੍ਹੇ ਉਨਾਬੀ ਰੰਗ ਦੇ ਫੁੱਲਾਂ ਵਾਲੇ ਗੁਲਦਾਊਦੀ ਦੇ ਪੌਦੇ ਨੇ ਮੁਸਕਰਾ ਕੇ ਮੇਰੇ ਵੱਲ ਵੇਖਿਆ ਤੇ ਕਿਹਾ, “ਜੋ ਫ਼ਲੌਕਸ ਨੇ ਹੁਣੇ ਤੁਹਾਨੂੰ ਦੱਸਿਆ ਹੈ, ਉਸ ‘ਤੇ ਹੈਰਾਨ ਹੋਣ ਦੀ ਕੋਈ ਗੱਲ ਨਹੀਂ। ਅਸੀਂ ਸਾਰੇ ਤਾਂ ਜੀਵਨ ਨੂੰ ਇਕ ਉਤਸਵ ਤੇ ਨਾਯਾਬ ਮੌਕਾ ਜਾਣ ਕੇ ਬਤੀਤ ਕਰਦੇ ਹਾਂ। ਕੁਦਰਤ ਦੇ ਕਾਨੂੰਨ ਤੋੜਨ ਵਿਚ ਸਾਡਾ ਉੱਕਾ ਹੀ ਵਿਸ਼ਵਾਸ਼ ਨਹੀਂ!”
“ਇਹ ਸੀਤ ਹਵਾਵਾਂ ਤਾਂ ਸਾਡੇ ਇਰਾਦੇ ਨੂੰ ਪਕੇਰਾ ਕਰਨ ਵਿਚ ਸਹਾਈ ਹੁੰਦੀਆਂ ਤੇ ਮੰਜ਼ਲ ਵੱਲ ਹੋਰ ਤਕੜੇ ਹੋ ਕੇ ਵਧਣ ਲਈ ਪਰੇਰਦੀਆਂ ਨੇ,” ਸੰਤਰੀ ਰੰਗ ਦੇ ਨਿੱਕੇ-ਨਿੱਕੇ ਬਟਨ-ਗੁਲਦਾਊਦੀ ਦੇ ਫੁੱਲਾਂ ਲੱਦੇ ਬੂਟੇ ਨੇ ਆਖਿਆ, ਜੋ ਸਾਹਮਣੇ ਕੋਨੇ ਵਿਚ ਰੱਖੇ ਗੁਲਦਾਊਦੀ ਦੇ ਗਮਲਿਆਂ ਵਿੱਚੋਂ ਇਕ ਵਿਚ ਲੱਗਿਆ ਹੋਇਆ ਸੀ। ਇਹਨਾਂ ਫੁੱਲਾਂ ਨੂੰ ਵੇਖ ਕੇ ਇੰਜ ਜਾਪਦਾ ਸੀ ਜਿਵੇਂ ਕੁਦਰਤ ਨੇ ਰੂਹ ‘ਤੇ ਸਰੂਰ ਲਿਆਉਣ ਲਈ ਖ਼ਾਸ ਗੁਲਦਸਤਾ ਤਿਆਰ ਕੀਤਾ ਹੋਵੇ! ਉਪਰੋਕਤ ਟਿੱਪਣੀ ਸੁਣ ਕੇ ਸਾਹਮਣੇ ਕਿਆਰੀ ਵਿਚ ਖੜ੍ਹੀ ਪੀਲੇ ਗੁਲਾਬ ਦੇ ਫੁੱਲਾਂ ਵਾਲੀ ਝਾੜੀ ਖਿੜ-ਖਿੜ ਹੱਸੀ। ਨਾਲ ਦੇ ਗਮਲਿਆਂ ਵਿਚ ਲੱਗੇ ਗੁਲਾਬੀ ਧਾਗਾ-ਪੱਤੀਆਂ ਵਾਲੇ ਗੁਲਦਾਊਦੀ ਦੇ ਪੌਦੇ ਨੇ ਵੀ ਸਿਰ ਹਿਲਾ ਕੇ ਆਪਣੇ ਸਾਥੀ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ ਤੇ ਫਿਰ ਜਿਵੇਂ ਝੂਮ ਕੇ ਨੱਚਣ ਲੱਗ ਪਏ। ਮੈਨੂੰ ਪਰਤੀਤ ਹੋਣ ਲਗ ਪਿਆ ਜਿਵੇਂ ਇਹ ਬਰਫ਼ੀਲੀ ਰੁੱਤ, ਇਹਨਾਂ ਫੁੱਲ-ਪੌਦਿਆਂ ਦੇ ਇਕ ਨਵੇਂ ਨਜ਼ਰੀਏ ਨਾਲ ਮੇਰੀ ਵਾਕਫ਼ੀਅਤ ਕਰਵਾਉਣ ਦਾ ਸਬੱਬ ਬਣ ਰਹੀ ਸੀ। ਉਂਜ ਵੀ ਤਾਂ ਇਸ ਜੀਵਨ ਵਿਚ ਵਿਚਰਦਿਆਂ ਆਮ ਹੀ ਵੇਖਣ ਨੂੰ ਮਿਲ ਜਾਂਦਾ ਹੈ ਨਾ ਕਿ ਕਿਸੇ ਗੱਲ ਲਈ ਹੀਲਾ-ਵਸੀਲਾ ਕੁਦਰਤ ਆਪ ਹੀ ਬਣਾ ਛੱਡਦੀ ਹੈ!
ਦੂਜੇ ਪਾਸੇ ਇਕ ਵੱਡੇ ਗਮਲੇ ਵਿਚ ਲੱਗੇ ਜਾਮਨੀ-ਗੁਲਾਬੀ ਫੁੱਲਾਂ ਵਾਲੇ ਡੇਲੀਐ ਨੂੰ ਵੀ ਆਪਣੇ ਅੰਤਰੀਵ ਭਾਵ ਸਾਂਝੇ ਕਰਨ ਦਾ ਸ਼ਾਇਦ ਇਹ ਢੁਕਵਾਂ ਵੇਲਾ ਜਾਪਿਆ। ਉਹ ਆਖਦਾ, “ਸੱਚਾਈ ਤਾਂ ਇਹੋ ਹੈ ਜੀ ਕਿ ਅਸੀਂ ਸਾਰੇ ਕੁਦਰਤ ਦੇ ਬਣਾਏ ਨਿਯਮਾਂ ‘ਤੇ ਕਿੰਤੂ ਕਰਨਾ ਨਾ ਜਾਣਦੇ ਹਾਂ ਤੇ ਨਾ ਹੀ ਜਾਣਨਾ ਚਾਹੁੰਦੇ ਹਾਂ; ਸਾਨੂੰ ਆਪਣੀ ਭਲਾਈ ਇਸੇ ਸਥਿਤੀ ਵਿਚ ਦਿਖਾਈ ਦਿੰਦੀ ਹੈ!” ਬਿਲਕੁਲ ਇਸੇ ਤਰ੍ਹਾਂ ਦੇ ਹੀ ਵਿਚਾਰ ਬਗੀਚੀ ਵਿਚ ਖੜ੍ਹੇ ਗੇਂਦੇ ਦੇ ਪੀਲੇ ਤੇ ਸੰਤਰੀ ਫੁੱਲਾਂ ਵਾਲੇ ਬੂਟਿਆਂ ਨੇ ਵੀ ਵਿਅਕਤ ਕੀਤੇ। ਨੇੜੇ ਹੀ ਕਿਆਰੀ ਵਿਚ ਖੜ੍ਹੇ ਕੁੱਤਾ ਫੁੱਲ, ਕਲੈਂਡੁਲਾ ਤੇ ਕਾਗਜ਼ ਫੁਲਾਂ ਦੇ ਵੀ ਚਿਹਰਿਆਂ ‘ਤੇ ਪੱਸਰੀ ਰੌਣਕ ਤੇ ਆਭਾ ਵੇਖਿਆਂ ਹੀ ਬਣਦੀ ਸੀ ਜਦੋਂ ਉਹਨਾਂ ਨੇ ਆਪਣੀ ਪ੍ਰਸੰਨਤਾ ਦਾ ਇਹੋ ਰਾਜ਼ ਮੇਰੇ ਨਾਲ ਸਾਂਝਾ ਕੀਤਾ।
ਇਹਨਾਂ ਸਾਰੇ ਰੰਗ-ਬਰੰਗੇ, ਖੇੜਾ ਵੰਡਦੇ ਮਿੱਤਰਾਂ ਦੇ ਜ਼ਿੰਦਗੀ ਪ੍ਰਤੀ ਇੰਨੇ ਸੰਜੀਦਾ ਵਿਚਾਰ ਸੁਣਕੇ ਇਕ ਵਾਰ ਤਾਂ ਮੈਨੂੰ ਕੋਈ ਗੱਲ ਸੁਝ ਹੀ ਨਹੀਂ ਸੀ ਰਹੀ। ਸਭਨਾਂ ਫੁੱਲ-ਬੂਟਿਆਂ ਦੀ ਜਾਣਕਾਰੀ ਤੇ ਸੂਝ-ਬੂਝ ਨੇ ਮੈਨੂੰ ਬੇਹਦ ਪ੍ਰਭਾਵਤ ਕੀਤਾ ਅਤੇ ਇਸ ਮੁੱਦੇ ਤੇ ਇਹਨਾਂ ਦੀ ਇਕਸੁਰਤਾ ਵੀ ਅਣਗੌਲਿਆਂ ਕਰਨ ਵਾਲੀ ਗੱਲ ਤਾਂ ਹਰਗਿਜ਼ ਨਹੀਂ ਭਾਸੀ। ਮੈਂ ਇਹਨਾਂ ਵੱਲੋਂ ਬਗੀਚੀ ਵਿਚ ਲਿਆਂਦੀ ਗਈ ਬਹਾਰ ਦੇ ਲਈ ਵੀ ਇਹਨਾਂ ਦੀ ਸ਼ੁਕਰਗੁਜ਼ਾਰ ਸਾਂ। ਇਕ ਗੰਭੀਰ ਤੇ ਸੁਹਜ-ਸਲੀਕੇ ਵਾਲੀ ਜੀਵਨ-ਜਾਚ ਦੇ ਗੁਰ ਤਾਂ ਕੋਈ ਇਹਨਾਂ ਤੋਂ ਸਿੱਖੇ! ਇਹ ਗੱਲ ਵੀ ਸ਼ਿੱਦਤ ਨਾਲ ਮਹਿਸੂਸ ਹੋਈ ਕਿ ਇਹਨਾਂ ਦੀ ਸੰਗਤ ਵਿਚ ਕੋਈ ਮੁਰਝਾਇਆ ਜਿਹਾ ਜਾਂ ਉਦਾਸ ਹੋ ਕੇ ਰਹਿ ਹੀ ਨਹੀਂ ਸਕਦਾ ਭਾਵੇਂ ਆਲਾ-ਦੁਆਲਾ ਕਿੰਨੀ ਸੰਘਣੀ ਧੁੰਦ ਦੀ ਲਪੇਟ ਵਿਚ ਹੋਵੇ ਜਾਂ ਪੋਹ-ਮਾਘ ਦੀ ਹਵਾ ਕਿੰਨੀ ਤਿੱਖੀ ਕਿਉਂ ਨਾ ਵਗਦੀ ਪਈ ਹੋਵੇ!
-ਪਰਮਬੀਰ ਕੌਰ, ਲੁਧਿਆਣਾ।
Leave a Reply