ਸਾਲ 2022 ਦਾ ਨਾਵਲ
-ਡਾ. ਜੇ.ਬੀ.ਸੇਖੋਂ –
ਉਜੜੇ ਖੂਹਾਂ ਦਾ ਪਾਣੀ
ਬੂਟਾ ਸਿੰਘ ਚੌਹਾਨ ਪੰਜਾਬੀ ਗ਼ਜ਼ਲ ਦੇ ਨਾਲ-ਨਾਲ ਨਾਵਲ ਖੇਤਰ ਵਿੱਚ ਗੌਲਣਯੋਗ ਕੰਮ ਕਰ ਰਿਹਾ ਹੈ। ਇਸ ਸਾਲ ਉਨ੍ਹਾਂ ਦਾ ਨਾਵਲ ‘ਉਜੜੇ ਖੂਹਾਂ ਦਾ ਪਾਣੀ’ ਪ੍ਰਕਾਸ਼ਿਤ ਹੋਇਆ ਹੈ। ਨਾਵਲ ਵਿੱਚ ਲੇਖਕ ਆਪਣੀ ਕਲਾਤਮਿਕ ਬਿਰਤਾਂਤ ਸ਼ੈਲੀ ਦੁਆਰਾ ਪੰਜਾਬੀ ਸਮਾਜ ਵਿੱਚ ਮੱਧਕਾਲੀ ਜੀਵਨ ਬੋਧ ਵਾਲੇ ਉਨ੍ਹਾਂ ਜੀਵਨ ਮੁੱਲਾਂ ਨੂੰ ਨਕਾਰਦਾ ਹੈ ਜਿਹੜੇ ਮਨੁੱਖ ਨੂੰ ਅਖੌਤੀ ਕਿਸਮ ਦੀ ਅਣਖ, ਗੈਰਤ ਅਤੇ ਹੈਂਕੜਬਾਜ਼ੀ ਵਿੱਚ ਬੰਨ੍ਹਦੇ ਹਨ।
ਪੰਜਾਬ ਦੇ ਸਮਾਜਿਕ ਯਥਾਰਥ ਅੰਦਰ ਰਿਸ਼ਤਿਆਂ ਵਿੱਚ ਆ ਰਹੀ ਟੁੱਟ ਭੱਜ, ਪੂੰਜੀਵਾਦੀ ਕਦਰਾਂ ਕੀਮਤਾਂ ਅਤੇ ਜਗੀਰੂ ਮੁੱਲਾਂ ਦੀ ਰਹਿੰਦ ਖੂੰਹਦ ਤੋਂ ਪੈਦਾ ਵਿਸੰਗਤੀਆਂ ਮਨੁੱਖ ਨੂੰ ਸੰਵੇਦਨਹੀਣ ਤੇ ਮਾਨਵਵਾਦ ਤੋਂ ਵਿਹੂਣਾ ਜੀਵ ਬਣਾ ਦਿੰਦੀਆਂ ਹਨ। ਚੌਹਾਨ ਆਪਣੇ ਨਾਵਲਾਂ ਵਿੱਚ ਮਨੁੱਖਤਾਵਾਦ ਅਤੇ ਤਰੱਕੀ ਪਸੰਦ ਜੀਵਨ ਦ੍ਰਿਸ਼ਟੀ ਦਾ ਸੰਚਾਰ ਕਰਦਾ ਹੈ। ਸ਼ਰਨ ਵਰਗੀ ਔਰਤ ਪਾਤਰ ਦੇ ਉਤਰਾਅ ਚੜਾਅ ਵਾਲੇ ਜੀਵਨ ਦੀ ਸਿਰਜਣਾ ਇਸ ਨਾਵਲ ਨੂੰ ਸੰਵਾਦਮਈ ਬਣਾ ਦਿੰਦੀ ਹੈ।
ਬੋਹੜ ਪੁੱਤ
ਇਸੇ ਪ੍ਰਸੰਗ ਵਿੱਚ ਨਾਵਲਕਾਰ ਯਾਦਵਿੰਦਰ ਸਿੰਘ ਬਦੇਸ਼ਾ ਦਾ ਨਾਵਲ ‘ਬੋਹੜ ਪੁੱਤ’ ਵੱਖਰਾ ਵਾਧਾ ਕਰਦਾ ਹੈ। ਨਾਵਲ ਵਿੱਚ ਬੋਹੜ ਦੇ ਪ੍ਰਤੀਕ ਦੁਆਰਾ ਪੰਜਾਬੀ ਜੀਵਨ ਯਥਾਰਥ ਵਿੱਚ ਰਿਸ਼ਤਿਆਂ ਦੀ ਟੁੱਟ ਭੱਜ, ਪਦਾਰਥਵਾਦੀ ਸੋਚ, ਭ੍ਰਿਸ਼ਟ ਨਿਜ਼ਾਮ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਪੇਸ਼ ਕੀਤਾ ਗਿਆ ਹੈ। ਨਾਵਲ ਦਾ ਕੇਂਦਰੀ ਪਾਤਰ ਇਕ ਬਜ਼ੁਰਗ ਪਾਤਰ ਹੈ ਜਿਹੜਾ ਕਿ ਬੋਹੜ ਵਰਗੇ ਰੁੱਖ ਦੀ ਵਿਸ਼ਾਲਤਾ ਦਾ ਪ੍ਰਤੀਕ ਹੈ। ਉਸਦਾ ਪੁੱਤਰ ਨਿੰਮਾ ਤੇ ਰਾਣੋ ਬਾਪੂ ਦੀ ਸੋਚ ਦੇ ਵਾਹਕ ਹਨ ਜਦਕਿ ਦੂਜੇ ਪੁੱਤਰ ਜੋਰਾ ਤੇ ਸ਼ੇਰਾ ਪਦਾਰਥਵਾਦੀ ਰੁਚੀਆਂ ਕਾਰਨ ਵੱਖਰੀਆਂ ਲੀਹਾਂ ‘ਤੇ ਤੁਰ ਪੈਂਦੇ ਹਨ।
ਮਲਵਈ ਆਂਚਲਿਕਤਾ ਵਾਲੇ ਇਸ ਨਾਵਲ ਵਿੱਚ ਵਿਅੰਗਨੁਮਾ ਚੋਭਾਂ, ਨਾਟਕੀਯਤਾ ਅਤੇ ਪਾਤਰਾਂ ਦੇ ਤਿੱਖੇ ਵਾਰਤਾਲਾਪ ਹਨ। ਪੰਜਾਬ ਦੇ ਪੇਂਡੂ ਸਮਾਜ ਦੀਆਂ ਵਿਸੰਗਤੀਆਂ ਨੂੰ ਲੇਖਕ ਨੇ ਰੁਮਾਂਟਿਕ ਆਦਰਸ਼ਵਾਦੀ ਲਹਿਜ਼ੇ ਵਿੱਚ ਬਿਆਨਿਆ ਹੈ।
ਲਿਫਾਫਾ
ਇੰਜਨੀਅਰ ਡੀ.ਐੱਮ.ਸਿੰਘ ਦਾ ਨਾਵਲ ‘ਲਿਫਾਫਾ’ ਸਰਕਾਰੀ ਸਿਹਤ ਸੇਵਾਵਾਂ ਦੇ ਤਹਿਸ ਨਹਿਸ ਕੀਤੇ ਪ੍ਰਬੰਧ ਦੇ ਸਮਾਂਨਅੰਤਰ ਪ੍ਰਾਈਵੇਟ ਸਿਹਤ ਸੇਵਾਵਾਂ ਦੇ ਖੁੰਬਾਂ ਵਾਂਗ ਉੱਗਣ ਤੇ ਲੋਕਾਂ ਦੀ ਸ਼ਰੇਆਮ ਆਰਥਿਕ ਤੇ ਮਾਨਸਿਕ ਲੁੱਟ ਦਾ ਚਿੰਤਾਮਈ ਬਿਰਤਾਂਤ ਸਿਰਜਦਾ ਹੈ। ਮੈਡੀਕਲ ਕੰਪਨੀਆਂ ਦੀ ਬੁਰਛਾਗਰਦੀ, ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ, ਡਰੱਗ ਮਾਫੀਆ ਅਤੇ ਡਾਕਟਰੀ ਪੇਸ਼ੇ ਵਿੱਚ ਮਿਸ਼ਨਰੀ ਭਾਵਨਾ ਦੀ ਥਾਂ ਪਦਾਰਥਕ ਕਦਰਾਂ ਕੀਮਤਾਂ ਦੇ ਭਾਰੂਪਨ ਦੇ ਬਿਰਤਾਂਤਕ ਵੇਰਵੇ ਪਾਠਕਾਂ ਨੂੰ ਝੰਜੋੜ ਦਿੰਦੇ ਹਨ।
ਸ਼ਤਰੰਜ ਦੇ ਮੋਹਰੇ
ਇਸੇ ਤਰ੍ਹਾਂ ਦੀ ਸਿਆਸੀ ਬੁਰਛਾਗਰਦੀ ਦਾ ਨਮੂਨਾ ਕ੍ਰਿਸ਼ਨ ਪ੍ਰਤਾਪ ਦੇ ਨਾਵਲ ‘ਸ਼ਤਰੰਜ ਦੇ ਮੋਹਰੇ’ ਵਿੱਚ ਮਿਲਦਾ ਹੈ। ਇਹ ਨਾਵਲ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਸਿਧਾਂਤਕ ਤੇ ਵਿਹਾਰਕ ਖੱਪਿਆਂ ਦੇ ਨਾਲ ਨਾਲ ਸਿਆਸਤ ਦੇ ਅੰਦਰਲੇ ਕੁਹਜ ਦਾ ਕੱਚ ਸੱਚ ਬਿਆਨ ਕਰਦਾ ਹੈ। ਕ੍ਰਿਸ਼ਨ ਪ੍ਰਤਾਪ ਪੰਜਾਬੀ ਦੇ ਚੇਤੰਨ ਤੇ ਵਿਵੇਕੀ ਨੌਜਵਾਨ ਨਾਵਲਕਾਰਾਂ ਦੀ ਕਤਾਰ ਵਿੱਚ ਆਉਂਦਾ ਹੈ ਜਿਸ ਕੋਲ ਸਿਆਸੀ, ਪ੍ਰਸ਼ਾਸਨਿਕ, ਨਿਆਂਇਕ ਢਾਂਚੇ ਦੇ ਜਰਜਰ ਹਾਲਾਤ ਨੂੰ ਪੇਸ਼ ਕਰਨ ਦਾ ਹੁਨਰ ਹੈ। ‘ਸ਼ਤੰਰਜ ਦੇ ਮੋਹਰੇ’ ਨਾਵਲ ਵਿੱਚ ਵੀਹਵੀ ਸਦੀ ਦੇ ਆਖਰੀ ਤਿੰਨ ਦਹਾਕਿਆਂ ਦੀ ਸਿਆਸੀ ਬਿਸਾਤ ‘ਤੇ ਲੋਕਾਈ ਨੂੰ ਦਾਅ ‘ਤੇ ਲਾਈ ਰੱਖਣ ਵਾਲੀਆਂ ਕੋਝੀਆਂ ਸਿਆਸੀ ਚਾਲਾਂ ਦਾ ਬਿਰਤਾਂਤ ਉਸਾਰਿਆ ਗਿਆ ਹੈ।
ਸਿਆਸਤ ਦੀ ਇਸ ਗਲੀਜ਼ ਬਿਸਾਤ ਉੱਤੇ ਆਮ ਆਵਾਮ ਨੂੰ ਧਰਮਾਂ, ਜਾਤਾਂ, ਖੇਤਰਾਂ ਅਤੇ ਹੋਰ ਵੰਡੀਆਂ ਦੇ ਮੋਹਰਿਆਂ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਸਿਆਸਤ ਨੂੰ ਸ਼ਤਰੰਜ ਦੀ ਖੇਡ ਨਾਲ ਤੁਲਨਾ ਕੇ ਨਾਵਲਕਾਰ ਨੇ ਸ਼ਤਰੰਜ ਖੇਡ ਦੀਆਂ ਬਹੁਪਾਸਾਰੀਆਂ ਚਾਲਾਂ ਵਿੱਚ ਇਕ ਦੂਜੇ ਨਾਲ ਭਿੜਦੇ ਮੋਹਰਿਆਂ ਦੇ ਰੂਪ ਵਿੱਚ ਆਮ ਲੋਕਾਂ ਦੇ ਹੁੰਦੇ ਘਾਣ ‘ਤੇ ਰੁਦਨ ਕੀਤਾ ਹੈ। ਪੰਜਾਬ ਵਿੱਚ ਹਿੰਦੂ ਸਿੱਖ ਟਕਰਾਅ, ਅਪਰੇਸ਼ਨ ਬਲਿਉ ਸਟਾਰ, ਪ੍ਰਧਾਨ ਮੰਤਰੀ ਦਾ ਕਤਲ, ਸਿੱਖ ਕਤਲੇਆਮ, ਅੱਤਵਾਦ ਦੀ ਹਨੇਰੀ ਵਿੱਚ ਪੰਜਾਬੀ ਕੌਮ ਦੇ ਸੰਕਟ ਸਿਆਸੀ ਧਿਰਾਂ ਲਈ ਕਿਸੇ ਸ਼ਤਰੰਜ ਦੀ ਖੇਡ ਤੋਂ ਘੱਟ ਵਰਤਾਰੇ ਨਹੀਂ।
ਸ਼ਤਰੰਜ ਦੀ ਖੇਡ ਦਾ ਇਹ ਨਿਰਵਿਘਨ ਵਰਤਾਰਾ ਚੱਲਦਾ ਰਹਿੰਦਾ ਹੈ ਅਤੇ ਕਿਸੇ ਦੁਖਾਂਤ ਦੇ ਵਾਪਰਨ ਤੋਂ ਬਾਅਦ ਸਦੀਆਂ ਤੱਕ ਲੋਕ ਚੇਤਿਆਂ ਵਿੱਚ ਨਾਸੂਰ ਵਾਂਗ ਪਾਲ ਕੇ ਇਸਦੇ ਸਿਆਸੀ ਮੁਫਾਦ ਖੱਟੇ ਜਾਂਦੇ ਹਨ। ਕ੍ਰਿਸ਼ਨ ਪ੍ਰਤਾਪ ਸਿਆਸਤ ਦੇ ਇਸ ਕੁਹਜ ਦਾ ਬਿਰਤਾਂਤ ਮਨ ਭਾਉਂਦੇ ਯਥਾਰਥ ਦੀ ਪੇਸ਼ਕਾਰੀ ਵਿੱਚ ਕਰਦਾ ਹੋਇਆ ਲਹੂ ਲੁਹਾਣ ਪੰਜਾਬ ਦੀ ਦਾਸਤਾਨ ਸਾਂਝੀ ਕਰਦਾ ਹੈ।
ਯੋਧਾ
ਕ੍ਰਿਸ਼ਨ ਪ੍ਰਤਾਪ ਜਿੱਥੇ ਅੱਠਵੇਂ ਦਹਾਕੇ ਦੀ ਬਿਰਤਾਂਤਕ ਲੋਕੇਲ ‘ਤੇ ਸਿਆਸੀ ਸ਼ਤਰੰਜ ਵਿੱਚ ਮੋਹਰੇ ਬਣੀ ਸਧਾਰਨ ਲੋਕਾਈ ਦੀ ਸੰਵੇਦਨਾ ਨੂੰ ਪੇਸ਼ ਕਰਦਾ ਹੈ ਉੱਥੇ ਹੀ ਇਸ ਦੌਰ ਵਿੱਚ ਉੱਠੀ ਅੱਤਵਾਦ ਲਹਿਰ ਅਤੇ ਸਟੇਟ ਦੀ ਦਹਿਸ਼ਤ ਵਿੱਚ ਪਿਸਦੇ ਲੋਕਾਂ ਦੇ ਦਰਦ ਨੂੰ ਮਨਮੋਹਨ ਸਿੰਘ ਵਿਰਕ ਆਪਣੇ ਨਾਵਲ ‘ਯੋਧਾ’ ਵਿੱਚ ਪੇਸ਼ ਕਰਦਾ ਹੈ। ਨਾਵਲਕਾਰ ਅਪਰੇਸ਼ਨ ਬਲਿਊ ਸਟਾਰ, ਪ੍ਰਧਾਨ ਮੰਤਰੀ ਦੇ ਕਤਲ , ਪੰਜਾਬ ਵਿੱਚ ਦੋ ਫਿਰਕਿਆਂ ਦੇ ਤਣਾਅ ਤੇ ਤਿੱਖੇ ਵਿਰੋਧ ਸਮੇਤ ਇੱਥੇ ਉੱਠੀ ਅੱਤਵਾਦ ਲਹਿਰ ਤੇ ਸਟੇਟ ਦੇ ਟਕਰਾਅ ਵਿੱਚ ਅਵਾਮ ਵੱਲੋਂ ਭੁਗਤੇ ਸੰਤਾਪ ਦੀਆਂ ਪਰਤਾਂ ਉਜਾਗਰ ਕਰਦਾ ਹੈ।
ਪੰਜਾਬ ਸੰਕਟ ‘ਤੇ ਉਸਰਿਆ ਇਹ ਨਾਵਲ ਡੀਐੱਸਪੀ ਬਰਾੜ, ਇੰਦਰਜੀਤ, ਪ੍ਰਕਾਸ਼ ਕੌਰ ਅਤੇ ਹੋਰ ਪਾਤਰਾਂ ਦੀ ਕਾਲੇ ਚਿੱਟੇ ਰੂਪ ਵਿੱਚ ਪੇਸ਼ਕਾਰੀ ਦੇ ਬਾਵਜੂਦ ਪੁਲੀਸ ਵੱਲੋਂ ਝੂਠੇ ਮੁਕਾਬਲੇ ਬਣਾ ਕੇ ਤਰੱਕੀਆਂ ਲੈਣ, ਸਟੇਟ ਵੱਲੋਂ ਲੋਕਾਂ ‘ਤੇ ਜਬਰ ਜੁਲਮ ਸਮੇਤ ਦੋਹਾਂ ਧਿਰਾਂ ਦੀ ਦਹਿਸ਼ਤਗਰਦੀ ਵਿੱਚ ਨਿਸ਼ਾਨਾ ਬਣਦੇ ਲੋਕਾਂ ਦੀ ਪੀੜ ਨੂੰ ਪੇਸ਼ ਕਰਦਾ ਹੈ। ਧਾਰਮਿਕ ਲਹਿਰ ਅਤੇ ਸਟੇਟ ਦੇ ਆਪੋ ਆਪਣੇ ‘ਨਾਇਕਤਵੀ ਯੋਧਿਆਂ’ ਦੇ ਪ੍ਰਸੰਗ ਵਿੱਚ ਸੰਵਾਦ ਪੈਦਾ ਕਰਦੀ ਇਹ ਰਚਨਾ ਪੰਜਾਬ ਸੰਕਟ ਪ੍ਰਤੀ ਮਾਨਵਵਾਦੀ ਆਦਰਸ਼ਵਾਦੀ ਸੁਰ ਰੱਖਣ ਵਾਲੇ ਨਾਵਲਾਂ ਵਿੱਚ ਅਹਿਮ ਵਾਧਾ ਹੈ।
ਨਾਵਲਕਾਰ ਯੋਧੇ ਦੇ ਸੰਕਲਪ ਦੁਆਰਾ ਹੱਕ, ਸੱਚ ਅਤੇ ਇਨਸਾਫ ਲਈ ਜੂਝਣ ਵਾਲੇ ਉਨ੍ਹਾਂ ਯੋਧਿਆਂ ਨੂੰ ਨਮਨ ਕਰਦਾ ਹੈ ਜਿਹੜੇ ਧਾਰਮਿਕ ਤੰਗਦਸਤੀ, ਫਿਰਕਾਪ੍ਰਸਤੀ ਅਤੇ ਜਬਰ ਜੁਲਮ ਦੀ ਥਾਂ ਬਿਨਾਂ ਕਿਸੇ ਖੂਨ ਖਰਾਬੇ ਤੋਂ ਲੋਕ ਹਿਤਾਂ ਲਈ ਜੂਝਦੇ ਹਨ। ਇੰਝ ਪੰਜਾਬੀ ਸਮਾਜ ਦੇ ਨਿਕਟਕਾਲੀਨ ਇਤਿਹਾਸ ਨੂੰ ਗਲਪੀ ਦਸਤਾਵੇਜ਼ਾਂ ਵਿੱਚ ਰੂਪਮਾਨ ਕਰਨ, ਚਲੰਤ ਮੁੱਦਿਆਂ ਪ੍ਰਤੀ ਕ੍ਰਿਟੀਕ ਰੱਖਣ ਅਤੇ ਪੰਜਾਬ ਦੇ ਸਾਂਝੇ ਫਿਕਰਾਂ ਦੀ ਪੇਸ਼ਕਾਰੀ ਦੇ ਨਾਲ ਨਾਲ ਪੰਜਾਬੀ ਸਮਾਜ ਵਿੱਚ ਸਮਾਜਿਕ ਪੱਧਰ ‘ਤੇ ਜਾਤੀ ਪਾਤੀ ਭੇਦਭਾਵ ਤੋਂ ਪੈਦਾ ਮਾਨਸਿਕ ਗੁੰਝਲਾਂ ਨੂੰ ਦੋ ਨਾਵਲਕਾਰਾਂ ਨੇ ਆਪਣੀ ਨਾਵਲੀ ਵਸਤੂ ਦਾ ਆਧਾਰ ਬਣਾਇਆ ਹੈ।
ਤਪਦੇ ਪੈਰਾਂ ਦਾ ਸਫ਼ਰ
ਰਘਬੀਰ ਸਿੰਘ ਮਾਨ ਦਾ ਨਾਵਲ ‘ਤਪਦੇ ਪੈਰਾਂ ਦਾ ਸਫ਼ਰ’ ਦਿਹਾਤੀ ਸਮਾਜ ਵਿੱਚ ਭਾਰੂ ਫਿਊਡਲ ਕਦਰਾਂ ਕੀਮਤਾਂ ਤੇ ਮਰਦਾਵੇਂ ਪ੍ਰਬੰਧ ਅੰਦਰ ਦਲਿਤ ਔਰਤ ਦੇ ਸੰਘਰਸ਼ਸ਼ੀਲ ਬਿਰਤਾਂਤ ਨੂੰ ਪੇਸ਼ ਕਰਦੀ ਰਚਨਾ ਹੈ। ਨਾਵਲ ਵਿੱਚ ਵਿਧਵਾ ਦਲਿਤ ਔਰਤ ਭਾਨੀ ਆਪਣੇ ਪੁੱਤਰ ਗੁਰਦਰਸ਼ਨ ਸਿੰਘ ਨੂੰ ਪੜ੍ਹਾ ਲਿਖਾ ਕੇ ਐੱਸਡੀਐੱਮ ਬਣਾ ਦਿੰਦੀ ਹੈ। ਉਹ ਅਖੌਤੀ ਉੱਚ ਜਾਤੀ ਦੇ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚ ਦਿਹਾੜੀਆਂ ਕਰਦੀ ਹੈ ਪਰ ਆਪਣਾ ਸਵੈਮਾਣ, ਗੌਰਵ ਅਤੇ ਖੁੱਦਾਰੀ ਨੂੰ ਮਰਨ ਨਹੀਂ ਦਿੰਦੀ। ਲੇਖਕ ਦਲਿਤ ਵਿਹੜਿਆਂ ਦੇ ਕਰੂਰ ਜੀਵਨ ਯਥਾਰਥ ਵਿੱਚ ਨਸ਼ੇ, ਅਨਪੜ੍ਹਤਾ ਅਤੇ ਜਾਤੀ ਹੀਣ ਬੋਧ ਭੋਗਦੇ ਵਰਗਾਂ ਨੂੰ ਭਾਵਪੂਰਤ ਬਿਰਤਾਂਤ ਸਿਰਜਦਾ ਹੈ।
ਉਹ ਵਿੱਦਿਆ ਦੁਆਰਾ ਸਸ਼ਕਤੀਕਰਨ ਹਾਸਿਲ ਕਰਨ, ਅੰਤਰ ਜਾਤੀ ਵਿਆਹ ਅਤੇ ਬੌਧਿਕ ਤੌਰ ‘ਤੇ ਸੁਜੱਗ ਹੋਣ ਦੀ ਗਲਪੀ ਦ੍ਰਿਸ਼ਟੀ ਦੁਆਰਾ ਦਲਿਤ ਮੁਕਤੀ ਦੇ ਪ੍ਰਸ਼ਨਾਂ ਨੂੰ ਮੁਖਾਤਿਬ ਹੁੰਦਾ ਹੈ। ਨਾਵਲ ਵਿੱਚ ਗੈਰ ਵਿਸ਼ਵਾਸਯੋਗ ਵੇਰਵੇ, ਲਕੀਰੀ ਬਿਰਤਾਂਤ, ਤਰਦੀ ਤਰਦੀ ਵਿਚਾਰਧਾਰਾ ਅਤੇ ਪਾਤਰਾਂ ਦੇ ਗੋਲ ਤੇ ਚਪਟੇ ਰੂਪ ਪਰੰਪਰਕ ਨਾਵਲ ਦੀ ਯਾਦ ਤਾਜ਼ਾ ਕਰ ਦਿੰਦੇ ਹਨ। ਬੇਸ਼ੱਕ ਦਲਿਤ ਔਰਤ ਦੇ ਦੂਹਰੇ ਤੀਹਰੇ ਸੰਤਾਪ ਦੇ ਹੋਰ ਵੀ ਅਨੇਕਾਂ ਪਾਸਾਰ ਹਨ ਜਿਹੜੇ ਕਿਸੇ ਵਿਸ਼ਾਲ ਨਾਵਲੀ ਕੈਨਵਸ ‘ਤੇ ਪੰਜਾਬੀ ਦਲਿਤ ਔਰਤ ਦੀ ਹੋਣੀ ਨੂੰ ਪ੍ਰਗਟਾਉਣ ਦੀ ਮੰਗ ਕਰਦੇ ਹਨ। ਫਿਰ ਵੀ ਰਘਬੀਰ ਸਿੰਘ ਮਾਨ ਦੀ ਇਸ ਪਹਿਲਕਦਮੀ ਦਾ ਸਵਾਗਤ ਹੈ।
ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ
ਜੋਰਾ ਸਿੰਘ ਸੰਧੂ ਦਾ ਨਾਵਲ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ’ ਅੰਤਰ ਜਾਤੀ ਵਿਆਹ ਦੀ ਤਮੰਨਾ ਰੱਖਦੇ ਪ੍ਰੇਮੀ ਪ੍ਰੇਮਿਕਾ ਰਾਜ ਅਤੇ ਰਾਣੀ ਦੀ ਮੁਹੱਬਤ ਦੇ ਰਸਤੇ ਵਿੱਚ ਆਉਂਦੀਆਂ ਰੁਕਾਵਟਾਂ ਦਾ ਬਿਰਤਾਂਤ ਹੈ। ਰਾਣੀ ਦਲਿਤ ਪਰਿਵਾਰ ਦੀ ਧੀ ਹੈ ਜੋ ਕਿ ਅਖੌਤੀ ਉੱਚ ਵਰਗੀ ਜੋਰਾ ਸਿੰਘ ਦੇ ਪੁੱਤਰ ਰਾਜ ਨਾਲ ਪਿਆਰ ਕਰਦੀ ਹੈ। ਪਿਆਰ ਵਿਆਹ ਪ੍ਰਵਾਨ ਨਾ ਹੁੰਦਾ ਦੇਖ ਕੇ ਦੋਵੇਂ ਘਰੋਂ ਦੌੜ ਜਾਂਦੇ ਹਨ ਅਤੇ ਸਮੁੱਚਾ ਨਾਵਲ ਉਨ੍ਹਾਂ ਦੀ ਸਮਾਜ ਨਾਲ ਟੱਕਰ ਨੂੰ ਉੱਚੀ ਭਾਸ਼ਣੀ ਸੁਰ ਵਿੱਚ ਪੇਸ਼ ਕਰਦਾ ਹੈ। ਦੁਖਾਂਤ ਤੋਂ ਸੁਖਾਂਤ ਵੱਲ ਮੁੜਦਾ ਇਹ ਨਾਵਲ ਵੀ ਦਲਿਤ ਤੇ ਸਵਰਨ ਜਾਤੀਆਂ ਦੇ ਅੰਤਰ ਵਿਰੋਧ, ਮਾਨਸਿਕ ਗੁੰਝਲਾਂ ਅਤੇ ਅੰਤਰ ਜਾਤੀ ਵਿਆਹ ਦੀਆਂ ਰੁਕਾਵਟਾਂ ਨੂੰ ਫਿਲਮੀ ਲਹਿਜ਼ੇ ਵਾਲੀ ਰੁਮਾਂਟਿਕ ਸ਼ੈਲੀ ਵਿੱਚ ਪੇਸ਼ ਕਰਦਾ ਹੈ।
ਮਟਰਗਸ਼ਤੀ
ਗੁਰਪ੍ਰੀਤ ਸਹਿਜੀ ਆਪਣੇ ਨਾਵਲ ‘ਮਟਰਗਸ਼ਤੀ’ ਵਿੱਚ ਮਨੁੱਖ ਦੇ ਪਿਆਰ ਸਰੋਕਾਰਾਂ ਨੂੰ ਦਾਰਸ਼ਨਿਕ ਲਹਿਜੇ ਵਿੱਚ ਪੇਸ਼ ਕਰਦਾ ਅਲੋਕਾਰੀ ਕਿਸਮ ਦਾ ਬਿਰਤਾਂਤ ਉਸਾਰਦਾ ਹੈ। ਸਹਿਜੀ ਆਪਣੇ ਅਸਿਹਜ ਪਾਤਰਾਂ ਦੇ ਅੰਦਰਲੇ ਸੰਸਾਰ ਦਾ ਖੂਬਸੂਰਤ ਚਿਤੇਰਾ ਹੈ। ਉਸ ਕੋਲ ਨਾਵਲ ਦੀ ਰਵਾਇਤੀ ਬਿਰਤਾਂਤ ਸੰਰਚਨਾ ਨੂੰ ਤੋੜ ਕੇ ਨਵੇਂ ਪੂਰਨੇ ਪਾਉਣ ਦੀ ਸਮਰੱਥਾ ਹੈ। ਉਹ ਬਿਰਤਾਂਤਕ ਭਾਸ਼ਾ ਦੀ ਵਿਸਫੋਟਕ ਵਰਤੋਂ ਦਾ ਭੇਤੀ ਹੈ। ਉਸਨੂੰ ਗਿਣਾਤਮਿਕਤਾ ਦੀ ਥਾਂ ਗੁਣਾਤਮਿਕਤਾ ਦੇ ਪੱਖ ਤੋਂ ਗੰਭੀਰ ਤੇ ਸਾਰਥਿਕ ਕੰਮ ਕਰਨ ਦੀ ਲੋੜ ਹੈ।
ਗੋਲਡਨ ਪੰਚ
ਲੰਮੇਂ ਸਮੇਂ ਤੋਂ ਜੀਵਨੀ ਕੇਂਦਰਿਤ ਨਾਵਲਕਾਰੀ ਬਿਰਤਾਂਤ ਦੀ ਵਸਤੂ ਬਣਦੀ ਰਹੀ ਹੈ। ਜੀਵਨੀਮੂਲਕ ਨਾਵਲੀ ਪਰੰਪਰਾ ਵਿੱਚ ਇਸ ਸਾਲ ਬਲਵੰਤ ਸਿੰਘ ਸੰਧੂ ਦਾ ਨਾਵਲ ‘ਗੋਲਡਨ ਪੰਚ’ ਵੱਖਰੀ ਤਰ੍ਹਾਂ ਦਾ ਵਾਧਾ ਕਰਦਾ ਹੈ। ਲੇਖਕ ਪੰਜਾਬ ਦੇ ਪ੍ਰਸਿੱਧ ਮੁੱਕੇਬਾਜ਼ ਕੌਰ ਸਿੰਘ ਦੇ ਬਚਪਨ, ਜਵਾਨੀ, ਫੌਜ ਵਿੱਚ ਨੌਕਰੀ, ਮੁੱਕੇਬਾਜ਼ੀ ਖੇਡ ਵਿੱਚਲੀਆਂ ਪ੍ਰਾਪਤੀਆਂ ਅਤੇ ਮੁੱਕੇਬਾਜ਼ ਮੁਹੰਮਦ ਅਲੀ ਨਾਲ ਟੱਕਰ ਸਮੇਤ ਉਸਦੇ ਜੀਵਨ ਸੰਘਰਸ਼ ਨੂੰ ਦਿਲਚਸਪ ਬਿਰਤਾਂਤਕੀ ਅੰਦਾਜ਼ ਵਿੱਚ ਪੇਸ਼ ਕਰਦਾ ਹੈ। ਬਲਵੰਤ ਸਿੰਘ ਸੰਗਰੂਰ ਜ਼ਿਲ੍ਹੇ ਦੇ ਨਿੱਕੇ ਜਿਹੇ ਪਿੰਡ ਖਨਾਲ ਖੁਰਦ ਤੋਂ ਉੱਠੇ ਇਸ ਮੁੱਕੇਬਾਜ਼ ਨੇ 26 ਸਾਲ ਦੀ ਉਮਰ ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ ਤੇ ਵਿਸ਼ਵ ਪੱਧਰੀ ਪ੍ਰਾਪਤੀਆਂ ਕੀਤੀਆਂ।
ਬਲਵੰਤ ਸਿੰਘ ਸੰਧੂ ਇਸ ਤੋਂ ਪਹਿਲਾਂ ਦਾਰਾ ਸਿੰਘ ਦੁਲਚੀਪੁਰੀਆ ਵਰਗੇ ਵਿਸ਼ਵ ਪ੍ਰਸਿੱਧ ਰੈਸਲਰ ‘ਤੇ ‘ਗੁੰਮਨਾਮ ਚੈਂਪੀਅਨ’ ਨਾਵਲ ਵੀ ਲਿਖ ਚੁੱਕਾ ਹੈ। ਇੰਝ ਨਾਵਲ ਦੇ ਖੇਤਰ ਵਿੱਚ ਪਰੰਪਰਕ ਮੁੱਦਿਆਂ ਦੀ ਥਾਂ ਅਜਿਹੇ ਗੁੰਮਨਾਮ ਨਾਇਕਾਂ ਤੇ ਅਣਪਛਾਤੇ ਵਿਸ਼ਿਆਂ ਦੀ ਜੀਵਨੀਮੂਲਕ ਲਹਿਜ਼ੇ ਵਿੱਚ ਪੇਸ਼ਕਾਰੀ ਹੋਣੀ ਪੰਜਾਬੀ ਨਾਵਲ ਦੇ ਵਸਤੂ ਘੇਰੇ ਦਾ ਵਿਸਥਾਰ ਕਰਦੀ ਹੈ।
ਸਾਲ 2022 ਦੇ ਨਾਵਲਾਂ ਦੀ ਸਮੀਖਿਆ
ਕੁੱਲ ਮਿਲਾ ਕੇ ਸਾਲ 2022 ਦਾ ਪੰਜਾਬੀ ਨਾਵਲ ਆਪਣੇ ਬਹੁਵੰਨੇ ਕਥਾ ਬਿਰਤਾਂਤ ਨਾਲ ਪੰਜਾਬੀ ਸਮਾਜਿਕ ਯਥਾਰਥ ਦੇ ਵੰਨ ਸੁਵੰਨੇ ਮੁਹਾਂਦਰੇ ਦੀ ਪੇਸ਼ਕਾਰੀ ਕਰਦਾ ਹੈ। ਇਹ ਨਾਵਲ ਜਿੱਥੇ ਬਿਰਤਾਂਤਕਾਰੀ ਦੇ ਨਾਇਕ ਕੇਂਦਰਿਤ ਰੁਝਾਨਾਂ ਵੱਲ ਵੱਧਦਾ ਹੈ ਉੱਥੇ ਹੀ ਆਪਣੇ ਤਬਸਰਾਨੁਮਾ, ਆਲੋਚਨਾਤਮਿਕ ਅਤੇ ਰੁਮਾਂਸਵਾਦੀ ਕਥਾ ਲਹਿਜ਼ੇ ਦੇ ਸਮਨਵੈ ਨਾਲ ਵੱਖੋ ਵੱਖਰੀਆਂ ਗਲਪੀ ਦ੍ਰਿਸ਼ਟੀਆਂ ਸਿਰਜਦਾ ਹੈ। ਇਸ ਨਾਵਲ ਦਾ ਕੇਂਦਰੀ ਪਾਤਰ ਹੀ ਨਾਵਲਕਾਰ ਦੀ ਬਿਰਤਾਂਤ ਦ੍ਰਿਸ਼ਟੀ ਦਾ ਵਾਹਕ ਹੈ ਜਿਹੜਾ ਕਿ ਜਾਗਰੂਕ, ਚੇਤੰਨ, ਸੁਜੱਗ ਅਤੇ ਸੰਘਰਸ਼ਸ਼ੀਲ ਹੈ।
ਪੰਜਾਬ ਦੇ ਭਾਰੂ ਕਿਸਾਨੀ ਵਾਲੇ ਨਾਵਲੀ ਬਿਰਤਾਂਤ ਦੀ ਥਾਂ ਇਸ ਸਾਲ ਪੰਜਾਬੀ ਨਾਵਲ ਨੇ ਸਿੱਖ ਇਤਿਹਾਸ, ਬਰਤਾਨਵੀ ਬਸਤੀਵਾਦੀ ਇਤਿਹਾਸ , ਸੰਤਾਲੀ ਦੇ ਦੁਖਾਂਤ ਸਮੇਤ ਨਿਕਟਕਾਲੀਨ ਇਤਿਹਾਸ ਦੀਆਂ ਅਹਿਮ ਘਟਨਾਵਾਂ ਵਿੱਚ ਪੰਜਾਬੀ ਬੰਦੇ ਦੇ ਸੰਘਰਸ਼ ਰੱਤੇ ਚਰਿੱਤਰ ਨੂੰ ਜ਼ਿਆਦਾ ਸਪਲੀਮੈਂਟ ਕੀਤਾ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਦੇ ਪੰਜਾਬੀ ਸਮਾਜ ਦੀ ਸਹਿਜਤਾ ਅਤੇ ਇਸ ‘ਕ੍ਰਾਂਤੀ’ ਦੀ ਅਲਪ ਖੁਸ਼ਹਾਲੀ ਤੋਂ ਬਾਅਦ ਦੇ ਬਹੁਪਾਸਾਰੇ ਸਮਾਜਿਕ-ਸਭਿਆਚਾਰਕ ਸੰਕਟ ਵੀ ਸਿੱਧੇ ਅਸਿੱਧੇ ਰੂਪ ਵਿੱਚ ਨਾਵਲੀ ਵਸਤੂ ਦਾ ਹਿੱਸਾ ਬਣੇ ਹਨ।
ਪੰਜਾਬ ਸੰਕਟ, ਦਲਿਤ ਸੰਵੇਦਨਾ, ਨਾਰੀ ਚੇਤਨਾ, ਟਰੇਡ ਯੂਨੀਅਨਾਂ ਦੀਆਂ ਸੰਘਰਸ਼ਸ਼ੀਲ ਪ੍ਰਾਪਤੀਆਂ, ਕਿਸਾਨੀ ਅੰਦੋਲਨ ਸਮੇਤ ਪਰਵਾਸੀ ਮਨੁੱਖ ਦੇ ਮਸਲਿਆਂ ਨੂੰ ਆਪਣੇ ਕਲੇਵਰ ਵਿੱਚ ਸਮੇਟਣ ਵਾਲਾ ਇਸ ਸਾਲ ਦਾ ਨਾਵਲ ਵਿਸ਼ੇਸ਼ ਪ੍ਰਾਪਤੀਆਂ ਵਾਲਾ ਰਿਹਾ ਹੈ। ਇਸ ਤੋਂ ਇਲਾਵਾ ਇਸ ਸਾਲ ਔਰਤ ਨਾਵਲਕਾਰਾਂ ਨੇ ਵੀ ਆਪਣੀ ਸਰਗਰਮ ਭੂਮਿਕਾ ਦਿਖਾਈ ਹੈ ਅਤੇ ਪਿੱਤਰੀ ਸੱਤਾ ਦੇ ਦਾਬੇ ਵਿੱਚ ਨਾਰੀ ਘੁਟਣ ਦੀਆਂ ਘੁਣਤਰਾਂ ਪੇਸ਼ ਕਰਨ ਦੀ ਥਾਂ ਨਾਰੀ ਪਾਤਰ ਦੇ ਆਜ਼ਾਦ ਅਤੇ ਗੌਰਵਸ਼ਾਲੀ ਬਿਰਤਾਂਤਕ ਬਿੰਬ ਦੀ ਉਸਾਰੀ ਕੀਤੀ ਹੈ।
ਸਾਂਰਾਸ਼ ਤੌਰ ‘ਤੇ ਇਸ ਵਰ੍ਹੇ ਪੰਜਾਬ ਵਿੱਚ ਬਸਤੀਵਾਦ ਤੋਂ ਉੱਤਰ ਬਸਤੀਵਾਦ ਤੱਕ ਦੇ ਇਤਿਹਾਸਕ ਕਾਲ ਖੰਡ ਵਿੱਚ ਮਨੁੱਖ ਮਾਰੂ ਸੱਤਾ ਦੇ ਖ਼ਿਲਾਫ਼ ਉੱਠੇ ਪੰਜਾਬੀ ਸੰਘਰਸ਼ ਦੀ ਦਾਸਤਾਨ ਸਾਲ ਦੀ ਨਾਵਲੀ ਪਰੰਪਰਾ ਵਿੱਚ ਉਚੇਚੇ ਤੌਰ ‘ਤੇ ਪੇਸ਼ ਹੋਈ ਹੈ। ਇਸ ਸਾਲ ਦੂਜੀਆਂ ਭਾਸ਼ਾਵਾਂ ਤੋਂ ਵੀ ਅਨੇਕਾਂ ਨਾਵਲ ਪੰਜਾਬੀ ਵਿੱਚ ਅਨੁਵਾਦ ਹੋਏ ਹਨ। ਇਸ ਸਾਲ ਨਿੰਦਰ ਗਿੱਲ ਅਤੇ ਸੁਖਦੇਵ ਸਿੰਘ ਮਾਨ ਦਾ ਚਲਾਣਾ ਕਰ ਜਾਣਾ ਪੰਜਾਬੀ ਨਾਵਲ ਸੰਸਾਰ ਲਈ ਵੱਡਾ ਘਾਟਾ ਰਿਹਾ ਹੈ। ਨਿੰਦਰ ਗਿੱਲ ਆਪਣੇ ਨਾਵਲ ‘ਚੋਣ ਹਲਕਾ ਪਾਇਲ’, ‘ਪੰਜਾਬ ਚੁਰਾਸੀ’ ਅਤੇ ‘ਪੰਡੋਰੀ ਪ੍ਰੋਹਿਤਾਂ’ ਕਰਕੇ ਅਤੇ ਸੁਖਦੇਵ ਸਿੰਘ ਮਾਨ ‘ਟਿਕੀ ਹੋਈ ਰਾਤ’ ਵਰਗੇ ਵੱਡ ਆਕਾਰੀ ਨਾਵਲ ਨਾਲ ਪੰਜਾਬੀ ਨਾਵਲ ਦੇ ਪਾਠਕਾਂ ਦੇ ਮਨਾਂ ਵਿੱਚ ਵਸਦੇ ਰਹਿਣਗੇ।
-ਡਾ. ਜੇ.ਬੀ.ਸੇਖੋਂ
84370 89769
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
Leave a Reply