ਔਰਤਾਂ ਦੀ ਹੋਣੀ ਦਾ ਸੱਚ ਬਿਆਨ ਕਰਦੇ 5 ਨਾਵਲ

ਸਾਲ 2022 ਦਾ ਨਾਵਲ

-ਡਾ. ਜੇ.ਬੀ.ਸੇਖੋਂ –

ਡਾ. ਗੁਰਮਿੰਦਰ ਕੌਰ ਸਿੱਧੂ ਦਾ ਨਾਵਲ ‘ਅੰਬਰੀ ਉੱਡਣ ਤੋਂ ਪਹਿਲਾਂ’ ਔਰਤ ਦੇ ਆਜ਼ਾਦ ਫਿਜ਼ਾ ਵਿੱਚ ਉੱਚੀਆਂ ਤੇ ਮਨਪਸੰਦ ਉਡਾਣਾਂ ਭਰਨ ਦੀ ਚਾਹਤ ਦਾ ਬਿਰਤਾਂਤ ਹੈ। ਨਾਵਲ ਦੀ ਮੁੱਖ ਪਾਤਰ ਸਰਘੀ ਬੇਸੱਕ ਆਪਣੇ ਨਸ਼ੇੜੀ ਪਤੀ ਦੇ ਸਰੀਰਕ ਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੈ ਪਰ ਸਿੱਖਿਆ ਦੇ ਸਸ਼ਕਤੀਕਰਨ ਦੁਆਰਾ ਉਹ ਆਪਣੇ ਹਿੱਸੇ ਦੇ ਅਸਮਾਨ ਵਿੱਚ ਪਰਵਾਜ਼ ਭਰਨ ਦਾ ਸੁਪਨਾ ਮਰਨ ਨਹੀਂ ਦਿੰਦੀ। ਆਪਣੇ ਸਨੇਹੀਆਂ ਦੇ ਸਹਿਯੋਗ ਅਤੇ ਦ੍ਰਿੜ ਇੱਛਾ ਸ਼ਕਤੀ ਨਾਲ ਉਹ ਮਰਦ ਸੱਤਾ ਦੇ ਦਾਬੂ ਪ੍ਰਬੰਧ ਨਾਲ ਭਿੜਦੀ ਸਚਮੁੱਚ ਸਰਘੀ ਦੀ ਲੋਅ ਵਾਂਗ ਚਮਕਣ ਲੱਗਦੀ ਹੈ। ਲੇਖਿਕਾ ਨੇ ਸਰਘੀ ਨੂੰ ਅਬਲਾ, ਦਬੇਲ ਅਤੇ ਕਰੁਨਾ ਮਾਰੀ ਪਾਤਰ ਨਾਲੋਂ ਦਲੇਰ, ਚਿੰਤਨਸ਼ੀਲ ਤੇ ਸਿਰੜੀ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਹੈ।

ਕੰਧਾਂ ਕੌਲੇ

ਇਸੇ ਲਹਿਜ਼ੇ ਨਾਲ ਮਿਲਦੀ ਜੁਲਦੀ ਕਥਾ ਚੇਤਨਾ ਵਾਲਾ ਹਰਸਿਮਰਨ ਕੌਰ ਦਾ ਨਾਵਲ ‘ਕੰਧਾਂ ਕੌਲੇ’ ਹੈ ਜਿਸ ਵਿੱਚ ਮਰਦ ਪ੍ਰਧਾਨ ਸਮਾਜ ਦੀ ਪਿੱਤਰੀ ਸੱਤਾ ਵਿੱਚ ਔਰਤ ਦੇ ਸੰਘਰਸ਼ਸ਼ੀਲ ਜੀਵਨ ਦੀ ਦਾਸਤਾਨ ਪੇਸ਼ ਕੀਤੀ ਹੈ। ਨਾਵਲ 1947 ਦੀ ਪਿੱਠਭੂਮੀ ‘ਤੇ ਉਸਰਦਾ ਹੈ ਤੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵਿੱਚ ਪੁੱਜੇ ਰਫਿਊਜੀ ਲੋਕਾਂ ਦੀ ਸੰਵੇਦਨਾ ਦੀ ਤੰਦ ਨਾਲ ਆਰੰਭ ਹੁੰਦਾ ਹੈ। ਕੇਂਦਰੀ ਪਾਤਰ ਕੀਰਤ ਦਾ ਪਤੀ ਨਸ਼ੇਖੋਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਪੈ ਜਾਂਦਾ ਹੈ ਤੇ ਕੀਰਤ ਆਪਣੇ ਬੱਚਿਆਂ ਸੁਖਮਨ ਤੇ ਸਹਿਜ ਨੂੰ ਪ੍ਰਤੀਕੂਲ ਸਥਿਤੀਆਂ ਵਿੱਚ ਵੀ ਪੜ੍ਹਾ ਲਿਖਾ ਕੇ ਸਮਰੱਥਾਵਾਨ ਬਣਾ ਦਿੰਦੀ ਹੈ। ਸਮਾਜ ਅੰਦਰ ਜਾਤੀ, ਜਮਾਤੀ, ਲਿੰਗਕ ਅਤੇ ਆਰਥਿਕ ਵੱਖਰੇਵਿਆਂ ਕਾਰਨ ਉਪਜੇ ਦੁਖਾਂਤ ਨੂੰ ਨਾਵਲ ਵਿੱਚ ਪੇਸ਼ ਕੀਤਾ ਗਿਆ ਪਰ ਨਾਲ ਹੀ ਨਾਰੀ ਪਾਤਰਾਂ ਕੀਰਤ ਤੇ ਸਹਿਜ ਦੇ ਕਰੜੇ ਜੀਵਨ ਸੰਘਰਸ਼ ਨੂੰ ਰੂਪਮਾਨ ਕੀਤਾ ਹੈ।

punjabi-novel-on-women-issues.jpg
ਔਰਤਾਂ ਦੀ ਹੋਣੀ ਦਾ ਸੱਚ ਬਿਆਨ ਕਰਦੇ 5 ਨਾਵਲ

ਦੀਜੈ ਬੁੱਧ ਬਿਬੇਕਾ

ਨਾਰੀ ਦ੍ਰਿਸ਼ਟੀਕੋਣ ਤੋਂ ਇਸ ਵਰ੍ਹੇ ਆਪਣੇ ਪਲੇਠੇ ਨਾਵਲ ‘ਦੀਜੈ ਬੁੱਧ ਬਿਬੇਕਾ’ ਦੁਆਰਾ ਨਾਵਲ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਵਾਲੀ ਕਿਰਨਦੀਪ ਕੌਰ ਭਾਈਰੂਪਾ ਪੰਜਾਬ ਵਿੱਚ ਵੱਧ ਰਹੇ ਡੇਰਾਵਾਦ ਦੀਆਂ ਸਮੱਸਿਆਵਾਂ ‘ਤੇ ਆਪਣਾ ਨਾਵਲੀ ਫੋਕਸ ਕੇਂਦਰਿਤ ਕਰਦੀ ਹੈ। ਅਨਪੜ੍ਹਤਾ, ਗਰੀਬੀ ਅਤੇ ਮਾਨਵੀ ਲਾਲਸਾਵਾਂ ਦੀ ਕੁੱਖ ਵਿੱਚੋਂ ਪਲਦੇ ਡੇਰਾਵਾਦ ਦੀਆਂ ਵਿਸੰਗਤੀਆਂ ਨੂੰ ਲੇਖਿਕਾ ਨੇ ਨਾਵਲ ਦੇ ਡੇਰਾ ਸੰਚਾਲਕ ਰਿਸ਼ੀ ਦੇਵ ਉਰਫ ਰੇਸ਼ਮ ਦੇ ਜੀਵਨ ਵੇਰਵਿਆਂ ਦੁਆਰਾ ਪੇਸ਼ ਕੀਤਾ ਹੈ। ਸੱਤਾ ਸਿਆਸਤ ਦੀ ਬਿਸਾਤ ਬਣੇ ਡੇਰਿਆਂ ਵਿੱਚ ਸਮਾਜਿਕ ਤੇ ਧਾਰਮਿਕ ਅਲਹਿਦਗੀ ਭੋਗਦੇ ਮਨੁੱਖਾਂ ਨੂੰ ਸੁਰੱਖਿਆ ਤੇ ਸਾਂਝ ਭਰੀ ਠਾਹਰ ਮਹਿਸੂਸ ਹੁੰਦੀ ਹੈ। ਨਾਵਲ ਅਜਿਹੇ ਚਿੰਤਨ ਦੀ ਥਾਂ ਚਿੰਤਾ ਦੀ ਪੱਧਰ ‘ਤੇ ਡੇਰਾਵਾਦ ਵਿੱਚ ਹੁੰਦੇ ਕੁਕਰਮਾਂ, ਅਨੈਤਿਕ ਵਿਹਾਰ ਅਤੇ ਮਾਨਵੀ ਸ਼ੋਸ਼ਣ ਦੀਆਂ ਪਰਤਾਂ ਉਜਾਗਰ ਕਰਦਾ ਯਥਾਰਥ ਦੀ ਥਾਂ ਰੁਮਾਂਟਿਕ ਸੁਧਾਰਵਾਦ ਦੀਆਂ ਵਲਗਣਾਂ ਵਿੱਚ ਘਿਰ ਜਾਂਦਾ ਹੈ। ਇਸਦੇ ਬਾਵਜੂਦ ਲੇਖਿਕਾ ਦਾ ਇਹ ਪਹਿਲਾ ਯਤਨ ਸ਼ਲਾਘਾਯੋਗ ਹੈ।

ਸੂਰਜ ਦੀ ਛਾਵੇਂ

ਮਰਦਾਵੀਂ ਪਿੱਤਰ ਸੱਤਾ ਵਿੱਚ ਅਬਲਾ ਨਾਰੀ ਦੀ ਬਿੰਬਕਾਰੀ ਦੀ ਥਾਂ ਉਸਦੇ ਸਬਲਾ ਰੂਪ ਨੂੰ ਡਾ. ਸ਼ਰਨਜੀਤ ਕੌਰ ਦਾ ਪਲੇਠਾ ਨਾਵਲ ‘ਸੂਰਜ ਦੀ ਛਾਵੇਂ’ ਪੇਸ਼ ਕਰਦਾ ਹੈ। ਨਾਵਲ ਦੀ ਨਾਇਕਾ ਕਮਲ ਨਸ਼ੇੜੀ ਪਤੀ ਅਤੇ ਸਹੁਰਾ ਪਰਿਵਾਰ ਦੇ ਖੁਦਗਰਜ਼ ਵਿਹਾਰ ਤੋਂ ਦੁਖੀ ਹੋ ਕੇ ਮਰਦ ਆਸ਼ਰਿਤ ਰਿਸ਼ਤਿਆਂ ਨੂੰ ਤਿਲਾਂਜਲੀ ਦੇਣ ਦਾ ਫੈਸਲਾ ਕਰ ਲੈਂਦੀ ਹੈ। ਨਾਵਲਕਾਰਾ ਨੇ ਪੜ੍ਹੀ ਲਿਖੀ ਔਰਤ ਦੇ ਸਵੈ ਨਿਰਭਰ, ਸੁਤੰਤਰ ਅਤੇ ਗੌਰਵਸ਼ਾਲੀ ਬਿੰਬ ਦੀ ਸਿਰਜਣਾ ਕਰਕੇ ਆਪਣੀ ਜ਼ਿੰਦਗੀ ਦਾ ਮੌਲਿਕ ਸੂਰਜ ਉਸਾਰਨ ਵਾਲੀ ਗਲਪੀ ਦ੍ਰਿਸ਼ਟੀ ਦਾ ਸੰਚਾਰ ਕੀਤਾ ਹੈ।

ਚੰਨਣ ਰੁੱਖ

ਇਸੇ ਤਰ੍ਹਾਂ ਨਾਰੀ ਸਰੋਕਾਰਾਂ ਵਿੱਚ ਇਸ ਸਾਲ ਪਰਵਾਸੀ ਲੇਖਿਕਾ ਹਰਕੀਰਤ ਕੌਰ ਚਹਿਲ ਆਪਣੇ ਨਾਵਲ ‘ਚੰਨਣ ਰੁੱਖ’ ਵਿੱਚ ਪਰਵਾਸੀ ਜੀਵਨ ਦੀਆਂ ਵਿਸੰਗਤੀਆਂ ਵਿੱਚ ਔਰਤ ਦੇ ਆਪਣੀ ਹੋਂਦ ਤੇ ਪਰਿਵਾਰਕ ਜੀਵਨ ਦੇ ਮਸਲਿਆਂ ਨੂੰ ਸੰਬੋਧਤ ਹੈ। ਨਾਵਲ ਦੀ ਨਾਇਕਾ ਚੰਨੀ ਮਰਜੀ ਦੇ ਪਰਵਾਸ ਅਨੁਸਾਰ ਸਾਧਨ ਸੰਪੰਨ ਪਰਿਵਾਰ ਨੂੰ ਛੱਡ ਕੇ ਕੈਨੇਡਾ ਚਲੇ ਜਾਂਦੀ ਹੈ। ਕੈਨੇਡਾ ਵਿੱਚ ਉਹ ਦੋ ਮੰਦਬੁੱਧੀ ਬੱਚਿਆਂ ਨੂੰ ਜਨਮ ਦਿੰਦੀ ਹੈ ਤੇ ਪਰਿਵਾਰਕ ਕਲੇਸ਼ ਦੌਰਾਨ ਪਤੀ ਨਾਲ ਤਲਾਕ ਹੋ ਜਾਂਦਾ ਹੈ। ਉਹ ਆਪਣੇ ਬੱਚਿਆਂ ਦੀ ਸਾਂਭ ਸੰਭਾਲ ਕਰਦੀ ਗੋਰੇ ਪਾਤਰ ਵਿਕਟਰ ਦੇ ਸੰਪਰਕ ਵਿੱਚ ਆਉਂਦੀ ਹੈ ਜਿਹੜਾ ਕਿ ਮੰਦਬੁੱਧੀ ਧੀ ਦਾ ਪਿਤਾ ਤੇ ਪਤਨੀ ਦੀ ਮੌਤ ਤੋਂ ਬਾਅਦ ਇਕੱਲਤਾ ਹੰਢਾਉਂਦਾ ਹੈ।

ਵਿਕਟਰ ਤੇ ਚੰਨੀ ਵਿਆਹ ਕਰਵਾ ਲੈਂਦੇ ਹਨ ਜਿਨ੍ਹਾਂ ਦੇ ਘਰ ਚੰਨਣ ਰੁੱਖ ਵਾਂਗ ਰਿਸ਼ਤਿਆਂ ਦੀ ਠੰਡਕ ਦੇਣ ਵਾਲਾ ਪੁੱਤਰ ਜਨਮ ਲੈਂਦਾ ਹੈ। ਚਹਿਲ ਕੋਲ ਕੈਨੇਡੀਅਨ ਸਮਾਜ ਵਿੱਚ ਪਰਵਾਸੀ ਮਨੁੱਖ ਦੇ ਅਸਤਿਤਵਮੂਲਕ ਸਰੋਕਾਰਾਂ ਦੀ ਪੇਸ਼ਕਾਰੀ ਦਾ ਹੁਨਰ ਹੈ। ਉਹ ਪੰਜਾਬੀ ਔਰਤ ਪਾਤਰ ਚੰਨੀ ਦੁਆਰਾ ਪਰਵਾਸ ਦੀ ਧਰਤੀ ‘ਤੇ ਹਾਈਬ੍ਰਿਡ ਸਭਿਆਚਾਰ, ਕਾਨੂੰਨ ਵਿਵਸਥਾ ਅਤੇ ਆਵਾਸ ਪਰਵਾਸ ਦੀਆਂ ਕੋਲਾਜ ਜੀਵਨ ਪਰਤਾਂ ਨੂੰ ਪੇਸ਼ ਕਰਦੀ ਹੈ। ਚੰਨਣ ਰੁੱਖ ਦਾ ਕਥਾ ਬਿੰਬ ਨਾਵਲ ਵਿੱਚ ਪਰਵਾਸੀ ਧਰਤੀ ‘ਤੇ ਤਪਦੀਆਂ ਰੂਹਾਂ ਨੂੰ ਠਾਰਨ ਵਾਲੀਆਂ ਆਸਾਂ ਦਾ ਪ੍ਰਤੀਕ ਬਣਦਾ ਹੈ। ਅੱਗੇ ਪੜ੍ਹੋ-

ਕਿਸਾਨੀ ਮੋਰਚੇ – ਕਿਸਾਨੀ ਸੰਕਟ ਬਾਰੇ 3 ਨਾਵਲ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Posted

in

by

Comments

One response to “ਔਰਤਾਂ ਦੀ ਹੋਣੀ ਦਾ ਸੱਚ ਬਿਆਨ ਕਰਦੇ 5 ਨਾਵਲ”

  1. […] ਔਰਤਾਂ ਦੀ ਹੋਣੀ ਦਾ ਸੱਚ ਬਿਆਨ ਕਰਦੇ 5 ਨਾਵਲ ਕਿਸਾਨੀ ਮੋਰਚੇ – ਕਿਸਾਨੀ ਸੰਕਟ ਬਾਰੇ 3 ਨਾਵਲ […]

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com