ਕਿਸਾਨ ਮੋਰਚੇ – ਖੇਤੀ ਸੰਕਟ ਦੀ ਗੱਲ ਕਰਦੇ 3 ਨਾਵਲ

ਸਾਲ 2022 ਦਾ ਨਾਵਲ

– ਡਾ. ਜੇ.ਬੀ.ਸੇਖੋਂ –

ਨਾਵਲ ਨੂੰ ਲੰਮਾਂ ਸਮਾਂ ਆਧੁਨਿਕ ਯੁੱਗ ਦੇ ਮਹਾਂਕਾਵਿ ਵੱਜੋਂ ਜਾਂ ਇਸਦੇ ਉੱਤਰਾਧਿਕਾਰੀ ਵੱਜੋਂ ਪਰਿਭਾਸ਼ਿਤ ਕੀਤਾ ਜਾਂਦਾ ਰਿਹਾ ਹੈ। ਮੱਧਕਾਲ ਦੇ ਰੁਮਾਂਸਵਾਦੀ ਚਰਿੱਤਰ ਵਿੱਚ ਸੂਰਮੇ ਦੀ ਮਿੱਥ ਨੂੰ ਮਹਾਂਕਾਵਿ ਦੁਆਰਾ ਅਤੇ ਆਧੁਨਿਕ ਯੁੱਗ ਦੇ ਸਮਾਜੀ ਯਥਾਰਥ ਵਿੱਚ ਸਧਾਰਨ ਬੰਦੇ ਦੀ ਇਤਿਹਾਸਕ ਮਹੱਤਤਾ ਨੂੰ ਨਾਵਲ ਦੁਆਰਾ ਰੂਪਮਾਨ ਕੀਤਾ ਗਿਆ ਹੈ। ਬਿਰਤਾਂਤ ਪੱਖੋਂ ਭਾਵੇਂ ਨਾਵਲ ਨੇ ਮਹਾਂਕਾਵਿਕ ਪਰੰਪਰਾ ਦਾ ਵੱਡਾ ਅਸਰ ਕਬੂਲਿਆ ਹੈ ਪਰ ਵੀਹਵੀਂ ਸਦੀ ਦੇ ਤਰਕ, ਬੌਧਿਕਤਾ ਅਤੇ ਵਿਵੇਕੀ ਯੁੱਗ ਵਿੱਚ ਨਾਵਲ ਨੇ ਵਸਤੂ ਜਗਤ ਦੇ ਰਚਨਾਤਮਿਕ ਪ੍ਰਤੱਖਣ ਵੱਜੋਂ ਆਪਣੀ ਇਕ ਨਿਵੇਕਲੀ ਤੇ ਸੁਤੰਤਰ ਪਛਾਣ ਕਾਇਮ ਕੀਤੀ ਹੈ। ਇਸੇ ਲਈ ਨਾਵਲ ਨੂੰ ਆਧੁਨਿਕ ਪੂੰਜੀਵਾਦੀ ਸਮਾਜ ਦੇ ਬਹੁ ਪੱਖੀ, ਬਹੁਪਰਤੀ ਅਤੇ ਬਹੁ ਦਿਸ਼ਾਵੀ ਮੁਹਾਂਦਰੇ ਨੂੰ ਯਥਾਰਥਕ ਰੂਪ ਵਿੱਚ ਪ੍ਰਗਟਾਉਣ ਵਾਲੀ ਸਸ਼ਕਤ ਵਿਧਾ ਤਸਲੀਮ ਕੀਤਾ ਜਾਂਦਾ ਹੈ।

1898 ਵਿੱਚ ਭਾਈ ਵੀਰ ਸਿੰਘ ਵੱਲੋਂ ਲਿਖੇ ਪੰਜਾਬੀ ਦੇ ਪ੍ਰਥਮ ਨਾਵਲ ‘ਸੁੰਦਰੀ’ ਤੋਂ ਬਾਅਦ ਸਾਲ 2022 ਤੱਕ ਪੰਜਾਬੀ ਨਾਵਲ ਆਪਣੀ ਅਉਧ ਦੇ 124 ਸਾਲ ਹੰਢਾਅ ਚੁੱਕਾ ਹੈ। ਇਸ ਦੌਰ ਵਿੱਚ ਪੰਜਾਬੀ ਨਾਵਲ ਨੇ ਮੁੱਢਲੇ ਆਦਰਸ਼ਵਾਦ-ਸੁਧਾਰਵਾਦ ਤੋਂ ਲੈ ਕੇ ਯਥਾਰਥਵਾਦ, ਉੱਤਰ ਯਥਾਰਥਵਾਦ, ਪਰਵਾਸ, ਪੰਜਾਬ ਸੰਕਟ ਸਮੇਤ ਸਮਕਾਲ ਦੇ ਆਰਥਿਕ ਵਿਸ਼ਵੀਕਰਨ ਤੇ ਕਾਰਪੋਰੇਟ ਸੰਸਾਰ ਦੀਆਂ ਵਿਸੰਗਤੀਆਂ ਤੋਂ ਪੈਦਾ ਬੇਤਰਤੀਬੀਆਂ ਨੂੰ ਆਪਣੀ ਬਿਰਤਾਂਤਕ ਵਸਤੂ ਦਾ ਆਧਾਰ ਬਣਾਇਆ ਹੈ।

ਸਮਕਾਲ ਦੇ ਪੰਜਾਬੀ ਨਾਵਲ ਨੇ ਤਤਕਾਲ ਦੇ ਉਪਭੋਗਤਾਵਾਦੀ ਨਿਜਾਮ ਵਿੱਚ ਜਿੱਥੇ ਨਾਇਕ ਦੀ ਸਿਰਜਣਾ ਦੇ ਨਵੇਂ ਪ੍ਰਤਿਮਾਨ ਸਥਾਪਿਤ ਕੀਤੇ ਹਨ ਉੱਥੇ ਹੀ ਪੰਜਾਬ ਦੇ ਇਤਿਹਾਸ, ਲੋਕਧਾਰਾ ਅਤੇ ਦਰਸ਼ਨ ਦੇ ਸਮੁੱਚੇ ਟੂਲ ਬਾਕਸ ਖੁੱਲ੍ਹੇ ਰੱਖ ਕੇ ਇਨ੍ਹਾਂ ਵਰਤਮਾਨ ਗੜਬੜੀਆਂ ਨੂੰ ਸਮਝਣ ਤੇ ਵਿਸ਼ਲੇਸ਼ਤ ਕਰਨ ਦੇ ਪ੍ਰਤਿਮਾਨ ਵੀ ਤੈਅ ਕੀਤੇ ਹਨ। ਆਰਥਿਕ ਵਿਸ਼ਵੀਕਰਨ ਅਤੇ ਨਵ ਪੂੰਜੀਵਾਦੀ ਦੌਰ ਦੀਆਂ ਮਨੁੱਖ ਮਾਰੂ ਅਲਾਮਤਾਂ ਨੂੰ ਸਮਕਾਲ ਦਾ ਪੰਜਾਬੀ ਨਾਵਲ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਸੰਬੋਧਿਤ ਹੋ ਰਿਹਾ ਹੈ। ਇਸ ਦੌਰ ਦਾ ਨਾਵਲ ਪੰਜਾਬ ਦੇ ਨਿਕਟਕਾਲੀਨ, ਮੱਧਕਾਲੀਨ ਅਤੇ ਆਦਿਕਾਲੀਨ ਇਤਿਹਾਸ ਵਿੱਚੋਂ ਆਪਣੀ ਕਥਾ ਵਸਤੂ ਗ੍ਰਹਿਣ ਕਰਦਾ ਹੋਇਆ ਸਮਕਾਲ ਦੇ ਸੰਕਟਾਂ ਨੂੰ ਕਈ ਕੋਣਾਂ ਤੋਂ ਮੁਖਾਤਿਬ ਹੋ ਰਿਹਾ ਹੈ। ਨਾਇਕ ਪਰੰਪਰਾ ਦੇ ਜਾਵੀਏ ਤੋਂ 1960 ਤੱਕ ਪੰਜਾਬੀ ਨਾਵਲ ਨਾਇਕ ਕੇਂਦਰਿਤ ਬਿਰਤਾਂਤਕਾਰੀ ਵੱਲ ਰੁਚਿਤ ਰਿਹਾ।

1960 ਤੋਂ ਬਾਅਦ ਨਾਇਕਤਵ ਦੇ ਤਰਦੇ-ਤਰਦੇ ਸੂਰਮਈ ਝਲਕਾਰੇ ਨਾਵਲੀ ਵਸਤੂ ਵਿੱਚੋਂ ਗਾਇਬ ਹੋਣ ਲੱਗੇ ਅਤੇ ਨਾਵਲ ਵਿੱਚ ਨਾਇਕ ਦੀ ਥਾਂ ਮੁੱਖ ਪਾਤਰ ਦਾ ਅਨਾਇਕਤਵ ਰੂਪ ਭਾਰੂ ਹੋ ਗਿਆ। ਇਹ ਮੁੱਖ ਪਾਤਰ ਸਮਾਜ ਦੀਆਂ ਤਲਖ ਸਥਿਤੀਆਂ ਦੀ ਵਿਕਰਾਲਤਾ ਅੱਗੇ ਪਸਰੀ ਮਾਨਵੀ ਲਘੂਤਾ, ਬੇਗਾਨਗੀ ਅਤੇ ਉਪਰਾਮਤਾ ਨੂੰ ਪੇਸ਼ ਕਰਦਾ ਬਿਰਤਾਂਤਕਾਰੀ ਦੇ ਨਵੇਂ ਦਿਸਹੱਦੇ ਛੁੰਹਣ ਲੱਗਾ। 1990 ਤੋਂ ਬਾਅਦ ਆਰਥਿਕ ਵਿਸ਼ਵੀਕਰਨ ਅਤੇ ਨਵ ਪੂੰਜੀਵਾਦ ਦੌਰ ਦੀਆਂ ਨੀਤੀਆਂ ਤੋਂ ਉਤਪੰਨ ਬਹੁਪਰਤੀ ਅਲਾਮਤਾਂ ਨੇ ਪੰਜਾਬੀ ਸਮਾਜ, ਸੰਸਕ੍ਰਿਤੀ ਤੇ ਪ੍ਰਕਿਰਤੀ ਨੂੰ ਨਵੀਆਂ ਚੁਣੌਤੀਆਂ ਦੇ ਸਨਮੁੱਖ ਕਰ ਦਿੱਤਾ।

ਇਸ ਦੌਰ ਦੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਤੋਂ ਪੈਦਾ ਸੰਕਟਾਂ ਨੂੰ ਪੰਜਾਬੀ ਨਾਵਲ ਪਰੰਪਰਾ ਨੇ ਦਿਸਦੇ ਅਣਦਿਸਦੇ ਰੂਪ ਵਿੱਚ ਆਪਣੇ ਬਿਰਤਾਂਤ ਦੀ ਵਸਤੂ ਬਣਾਇਆ ਹੈ। ਪੰਜਾਬੀ ਨਾਵਲਕਾਰਾਂ ਨੇ ਇਸ ਦੌਰ ਵਿੱਚ ਜਿੱਥੇ ਪੰਜਾਬ ਦੇ ਇਤਿਹਾਸ, ਲੋਕਧਾਰਾ, ਸੁਤੰਤਰਤਾ ਸੰਗਰਾਮ ਦੀਆਂ ਲਹਿਰਾਂ ਸਮੇਤ ਪੰਜਾਬ ਦੇ ਨਿਕਟ ਕਾਲੀਨ ਇਤਿਹਾਸ ਵਿੱਚੋਂ ਆਪਣੇ ਨਾਇਕ ਦੀ ਤਲਾਸ਼ ਕੀਤੀ ਉੱਥੇ ਹੀ ਵਸਤੂ ਯਥਾਰਥ ਦੀ ਕਰੂਰਤਾ ਦੇ ਪ੍ਰਤਿਉੱਤਰ ਵਿੱਚ ਬਹੁਵੰਨੀਆਂ ਅੰਤਰ ਦ੍ਰਿਸ਼ਟੀਆਂ ਵੀ ਸਪਲੀਮੈਂਟ ਕੀਤੀਆਂ।

punjabi-novel-about-farmers-protest-kisaan-morcha-delhi.jpg
ਕਿਸਾਨ ਮੋਰਚੇ – ਖੇਤੀ ਸੰਕਟ ਦੀ ਗੱਲ ਕਰਦੇ ਸਾਲ 2022 ਦੇ ਨਾਵਲ

ਇਨ੍ਹਾਂ ਵਿਚਾਰਾਂ ਦੇ ਪ੍ਰਸੰਗ ਵਿੱਚ ਸਾਲ 2022 ਦਾ ਪੰਜਾਬੀ ਨਾਵਲ ਵਿਸ਼ੇਸ਼ ਚਰਚਾ ਦੀ ਮੰਗ ਕਰਦਾ ਹੈ। ਇਸ ਕਾਲ ਖੰਡ ਦਾ ਨਾਵਲ ਦੇਸ਼ ਵਿੱਚ ਕਰੋਨਾ ਕਾਲ ਅਤੇ ਕਿਸਾਨ ਅੰਦੋਲਨ ਤੋਂ ਬਾਅਦ ਦੀਆਂ ਪੰਜਾਬੀ ਸਿਰਜਣਕਾਰੀ ਦੀਆਂ ਸੰਭਾਵਨਾਵਾਂ ਦੀ ਮੁੱਢਲੀ ਟੋਹ ਵੀ ਦਿੰਦਾ ਹੈ। ਕਰੋਨਾ ਕਾਲ ਦੀ ਵਿਸ਼ਵ ਵਿਆਪੀ ਮਹਾਂਮਾਰੀ ਦੇ ਬਿਰਤਾਂਤ ਦੇ ਸਮਾਂਨਅੰਤਰ ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉੱਠੇ ਕਿਸਾਨ ਅੰਦੋਲਨ ਦੇ ਬਿਰਤਾਂਤ ਨੇ ਸੱਤਾ ਸਿਆਸਤ ਦੀ ਹੈਜਮਨੀ ਨੂੰ ਸਿੱਧੀ ਵੰਗਾਰ ਦਿੱਤੀ। ਇਹ ਕਿਸਾਨ ਅੰਦੋਲਨ ਕਰੋਨਾ ਕਾਲ ਵਿੱਚ ‘ਸਮਾਜਿਕ ਦੂਰੀ’ ਰੱਖਣ ਦੇ ਨੈਰੇਟਿਵ ਦੇ ਸਮਵਿੱਥ ‘ਸਮਾਜਿਕ ਏਕਤਾ’ ਦੇ ਨੈਰੇਟਿਵ ਦੁਆਰਾ ਆਪਣੀ ਕੌਮਾਂਤਰੀ ਪਛਾਣ ਬਣਾਉਂਦਾ ਹੈ।

ਇਸ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਅਸੰਖ ਹਨ ਜਿਹੜੀਆਂ ਕਿ ਖੇਤੀ ਦੇ ਕਾਲੇ ਕਾਨੂੰਨਾਂ ਦੀ ਵਾਪਸੀ ਤੱਕ ਸੀਮਤ ਨਹੀਂ। ਇਸਨੇ ਉਪਭੋਗਤਾਵਾਦ ਦੇ ਹੜ੍ਹ ਵਿੱਚ ਵਹਿੰਦੇ ਨਿਸੱਤੇ ਤੇ ਭਵੰਤਰੇ ਪੰਜਾਬ ਵਿੱਚੋਂ ਅਜਿਹੀ ਸਭਿਆਚਾਰਕ ਏਕਤਾ ਦੀ ਭਰਪੂਰਤਾ ਵਾਲੀ ਨਾਬਰ ਲਹਿਰ ਪੈਦਾ ਕਰਕੇ ਸੱਤਾ ‘ਤੇ ਕਾਬਜ਼ ਦੱਖਣਪੰਥੀ ਤਾਕਤਾਂ ਦੇ ਦਮਨ ਵਿਰੁੱਧ ਜਨ ਏਕਤਾ ਦਾ ਸੈਲਾਬ ਪੈਦਾ ਕੀਤਾ। ਇਹ ਵਰਤਾਰਾ ਘੱਟ ਗਿਣਤੀਆਂ, ਦਲਿਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਹਾਸ਼ੀਅਤ ਧਿਰਾਂ ਨੂੰ ਇਕ ਮੰਚ ਪ੍ਰਦਾਨ ਕਰਦਾ ਸੱਤਾ ਸਿਆਸਤ ਦੇ ਸਮਾਜਿਕ ਵੰਡੀਆਂ ਪਾਈ ਰੱਖਣ ਦੇ ਤਮਾਮ ਮਨਸੂਬਿਆਂ ਨੂੰ ਤਾਰ-ਤਾਰ ਕਰ ਦਿੰਦਾ ਹੈ। ਇਨ੍ਹਾਂ ਸਰੋਕਾਰਾਂ ਨੂੰ ਤੱਤਫੱਟ ਰੂਪ ਵਿੱਚ ਇਸ ਸਾਲ ਦੇ ਤਿੰਨ ਚਰਚਿਤ ਨਾਵਲਾਂ ਨੇ ਆਪਣੀ ਕਥਾ ਵਸਤੂ ਵਿੱਚ ਪ੍ਰਗਟਾਇਆ ਹੈ।

ਪਰਮਜੀਤ ਸਿੰਘ ਜੱਜ ਦਾ ਨਾਵਲ ‘ਕਰੋਨਾ ਤੇ ਕਿਸਾਨ’, ਬਲਵੀਰ ਪਰਵਾਨਾ ਦਾ ‘ਟਰਾਲੀ ਯੁੱਗ’ ਅਤੇ ਧਰਮ ਸਿੰਘ ਕੰਮੇਆਣਾ ਦਾ ‘378 ਦਿਨ ਜਿਨ੍ਹਾਂ ਦਿੱਲੀ ਹਿਲਾ ਦਿੱਤੀ’ ਇਸ ਪ੍ਰਸੰਗ ਦੀਆਂ ਸੰਵਾਦੀ ਮਿਸਾਲਾਂ ਹਨ। ਇਹ ਨਾਵਲ ਵੱਖੋ ਵੱਖਰੇ ਜਾਵੀਏ ਤੋਂ ਕਰੋਨਾ ਕਾਲ ਦੇ ਦਹਿਸ਼ਤੀ ਪ੍ਰਵਚਨਾਂ ਦੇ ਨਾਲ ਨਾਲ ਕਿਸਾਨ ਅੰਦੋਲਨ ਦੀ ਏਕਤਾ ਅਤੇ ਅਖੰਡਤਾ ਭਰੀ ਮੋਰਚਾਬੰਦੀ ਨੂੰ ਪੇਸ਼ ਕਰਦਿਆਂ ਇਸ ਇਤਿਹਾਸ ਨੂੰ ਗਲਪੀ ਪ੍ਰਸੰਗਾਂ ਵਿੱਚ ਸਾਂਭਣ ਦੇ ਮੁੱਢਲੇ ਕਾਰਜ ਕਰਦੇ ਹਨ। ਕਿਸਾਨੀ ਸਰੋਕਾਰਾਂ ਦੇ ਤਰਦੇ ਤਰਦੇ ਬਿਰਤਾਂਤ ਦੇ ਪੇਸ਼ਕਾਰ ਵੀ ਹਨ ਇਹ ਨਾਵਲ ਪਰ ਨਾਲ ਹੀ ਖੇਤੀ ਸੰਕਟਾਂ ਦੇ ਬਹੁਪਾਸਾਰੇ ਸੁਭਾਅ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਦੀ ਸਮਾਜਿਕ ਤੋਰ ਵਿੱਚ ਰੱਖ ਕੇ ਸਮਝਣ ਵੱਲ ਵੀ ਅਹੁਲਦੇ ਹਨ।

ਟਰਾਲੀ ਯੁੱਗ

ਹਰੀ ਕ੍ਰਾਂਤੀ ਦੀ ‘ਖੁਸ਼ਹਾਲੀ’, ਪੰਜਾਬ ਸੰਕਟ ਵਿੱਚ ਹਾਰੇ ਜੁਆਰੀਏ ਵਾਂਗ ਖੜ੍ਹੇ ਪੰਜਾਬ ਦੀ ਖੰਡਿਤ ਸੰਵੇਦਨਾ, ਆਰਥਿਕ ਵਿਸ਼ਵੀਕਰਨ ਦੀ ਜਿਣਸ ਉਪਭੋਗਤਾਵਾਦ ਦੇ ਵਹਿਣ ਅਤੇ ਕਮਿਊਨਿਸਟ ਧਿਰਾਂ ਦੇ ਬਹੁਪਾਸਾਰੇ ਸੰਕਟਾਂ ਨੂੰ ਬਲਬੀਰ ਪਰਵਾਨਾ ਆਪਣੀਆਂ ਨਾਵਲੀਆਂ ਲਿਖਤਾਂ ਵਿੱਚ ਰਜਿਸਟਰ ਕਰਦਾ ਆਇਆ ਹੈ। ਆਪਣੇ ਨਵੇਂ ਨਾਵਲ ‘ਟਰਾਲੀ ਯੁੱਗ’ ਵਿੱਚ ਉਹ ਪੰਜਾਬੀ ਸਮਾਜ ਦੇ ਨਿਕਟਕਾਲੀ ਇਤਿਹਾਸ ਦੀ ਥਾਂ ਸਮਕਾਲ ਦੇ ਕਿਸਾਨ ਅੰਦੋਲਨ ਨੂੰ ਸੰਵਾਦੀ ਦ੍ਰਿਸ਼ਟੀ ਤੋਂ ਪੇਸ਼ ਕਰਦਾ ਹੈ। ਲੇਖਕ ਇਸ ਨਾਵਲ ਵਿੱਚ ਪਾਤਰਾਂ ਦੇ ਕਾਰਜੀ ਵਿਹਾਰ ਦੁਆਰਾ ਜਿੱਥੇ ਕਿਸਾਨ ਅੰਦੋਲਨ ਦੀਆਂ ਪ੍ਰਾਪਤੀਆਂ ਨੂੰ ਸਪਲੀਮੈਂਟ ਕਰਦਾ ਹੈ ਉੱਥੇ ਹੀ ਬੰਦੇ ਦੀ ਇਨਕਲਾਬੀ ਸੁਰਤ ਨੂੰ ਦਰਪੇਸ਼ ਘਰ, ਸਮਾਜ ਤੇ ਹੋਰ ਸੰਸਥਾਵਾਂ ਦੇ ਮਾਰੂ ਕਿਰਦਾਰ ਵੀ ਉਜਾਗਰ ਕਰਦਾ ਹੈ। ਪਰਵਾਨਾ ਵਿਸ਼ਵ ਵਿਆਪੀ ਸੰਕਟਾਂ ਵਿੱਚ ਘਿਰੀ ਸਰਮਾਏਦਾਰੀ ਦੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਵੱਲੋਂ ਖੇਤੀ ਨੂੰ ਪਹਿਲਾਂ ਸੰਕਟਸ਼ੀਲ ਬਣਾਉਣ ਅਤੇ ਬਾਅਦ ਵਿੱਚ ਖੇਤੀ ਅਰਥਚਾਰੇ ਨੂੰ ਆਪਣੇ ਲਪੇਟ ਵਿੱਚ ਲੈ ਕੇ ਖਾਧ ਪਦਾਰਥਾਂ ‘ਤੇ ਪੂਰਨ ਅਜਾਰੇਦਾਰੀ ਕਾਇਮ ਕਰਨ ਵਾਲੀਆਂ ਧਿਰਾਂ ਨੂੰ ਕਾਂਟੇ ਹੇਠ ਰੱਖਦਾ ਹੈ। ਨਾਵਲ ਦੇ ਨਿੱਕੇ ਨਿੱਕੇ ਕਥਾਨਕੀ ਵੇਰਵੇ ਦਿਹਾਤ ਦੇ ਸਮਾਜਿਕ ਰਿਸ਼ਤਿਆਂ ਉੱਤੇ ਕੇਂਦਰਿਤ ਸੰਸਥਾਵਾਂ ਦੇ ਬਦਲਦੇ ਮੁਹਾਂਦਰੇ ਨੂੰ ਨਿਪੁੰਨਤਾ ਨਾਲ ਪੇਸ਼ ਕਰਦੇ ਹਨ।

ਕਰੋਨਾ ਤੇ ਕਿਸਾਨ

ਪਰਮਜੀਤ ਸਿੰਘ ਜੱਜ ਦਾ ਨਾਵਲ ‘ਕਰੋਨਾ ਤੇ ਕਿਸਾਨ’ ਕਿਸਾਨ ਅੰਦੋਲਨ ਦੇ ਬਹੁਪਾਸਾਰੇ ਸੁਭਾਅ ਦਾ ਮੁਲਾਂਕਣੀ ਲਹਿਜ਼ੇ ਵਾਲਾ ਬਿਰਤਾਂਤ ਹੈ। ਨਾਵਲ ਦੇ ਵੱਖੋ-ਵੱਖਰੇ ਸਮਾਜਿਕ ਪਰਿਵੇਸ਼ ਵਾਲੇ ਮੱਧਵਰਗੀ ਪਾਤਰ ਇਸ ਅੰਦਲਨ ਦੇ ਸਮਾਜਿਕ, ਆਰਥਿਕ , ਸਭਿਆਚਾਰਕ ਅਤੇ ਦਾਰਸ਼ਨਿਕ ਸਵਾਲਾਂ ਨੂੰ ਮੁਖਾਤਬ ਰਹਿੰਦੇ ਹਨ। ਇਹ ਪਾਤਰ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਵੱਖ ਵੱਖ ਵਿਸ਼ਿਆਂ ਦੇ ਸੰਜੀਦਾ ਅਧਿਆਪਕ ਹਨ ਜਿਨ੍ਹਾਂ ਲਈ ਕਰੋਨਾ ਕਾਲ ਦੀ ਦਹਿਸ਼ਤੀ ਤੇ ਕੇਂਦਰ ਸਰਕਾਰ ਦੀ ਧੌਂਸਮੂਲਕ ਪ੍ਰਵਚਨਕਾਰੀ ਦੇ ਸਮਾਂਨਅੰਤਰ ਕਿਸਾਨ ਅੰਦੋਲਨ ਦੀ ਜੋਸ਼ੀਲੀ ਤੇ ਚਿੰਤਨੀ ਪ੍ਰਵਚਨਕਾਰੀ ਗਹਿਰੇ ਸੰਵਾਦ ਦੀ ਬਾਇਸ ਬਣੀ ਰਹਿੰਦੀ ਹੈ।

ਨਾਵਲ ਵਿੱਚ ਪ੍ਰੋ ਸੁਰਜੀਤ ਜਸਵਾਲ, ਪ੍ਰੋ ਰਾਮ ਆਸਰਾ, ਗਰੇਵਾਲ ਦੰਪਤੀ, ਪ੍ਰੋ ਜਤਿੰਦਰ ਸੰਧੂ, ਪ੍ਰੋ ਅਸ਼ੋਕ ਹਾਂਡਾ,ਦਵਿੰਦਰ, ਅੰਤਰਾ, ਰਮਾ ਆਦਿ ਪਾਤਰਾਂ ਦੇ ਵਾਰਤਾਲਾਪੀ ਉਚਾਰ ਲੇਖਕ ਦੇ ਬਿਰਤਾਂਤਕੀ ਦਖਲ ਨਾਲ ਬੇਸ਼ੱਕ ਲਾਊਡ ਭਾਸ਼ਣੀ ਸੁਰ ਅਖਤਿਆਰ ਕਰੀ ਰੱਖਦੇ ਹਨ ਪਰ ਨਾਵਲੀ ਬਿਰਤਾਂਤ ਦੀ ਪ੍ਰਾਪਤੀ ਇਸ ਅੰਦੋਲਨ ਦੇ ਬਹੁਪਾਸਾਰੇ ਸੁਭਾਅ ਦਾ ਗਲਪੀ ਵਿਸ਼ਲੇਸ਼ਣ ਕਰਨ ਵਿੱਚ ਹੈ। ਆਰਥਿਕ ਵਿਸ਼ਵੀਕਰਨ ਦੀਆਂ ਨੀਤੀਆਂ ਦੀ ਖੁੱਲ੍ਹ ਖੇਡ, ਕਾਰਪੋਰੇਟ ਸੈਕਟਰ ਦੇ ਤੰਦੂਆ ਜਾਲ, ਕੇਂਦਰ ਸਰਕਾਰ ਦੀਆਂ ਹਿਦੂਤਵੀ ਏਜੰਡੇ ਵਾਲੀਆਂ ਨੀਤੀਆਂ, ਗੋਦੀ ਮੀਡੀਆ, ਕਮਿਊਨਿਸਟ ਧਿਰਾਂ ਦੇ ਅੰਤਰ ਵਿਰੋਧ, ਖੇਤੀ ਅਰਥਚਾਰੇ ਸਮੇਤ ਮੱਧਵਰਗੀ ਸਮਾਜ ਦੇ ਬਹੁਪੱਖੀ ਸੰਕਟਾਂ ਅਤੇ ਸੱਤਾ ਦੀ ਹੈਜਮਨੀ ਵਿੱਚ ਘਿਰਦੀ ਲੋਕਾਈ ਸਮੇਤ ਅਨੇਕਾਂ ਵਰਤਮਾਨ ਮੁੱਦਿਆਂ ਨੂੰ ਨਾਵਲੀ ਬਿਰਤਾਂਤ ਵਿੱਚ ਤਿੱਖੀ ਸੁਰ ਵਿੱਚ ਉਠਾਇਆ ਗਿਆ ਹੈ।

ਕਿਸਾਨੀ ਅੰਦੋਲਨ ਦੇ ਮੁਹਾਂਦਰੇ ਨੂੰ ਸਮਝਣ ਦੇ ਪ੍ਰਸੰਗ ਵਿੱਚ ਲੇਖਕ ਨੇ ਕਮਿਊਨਿਸਟ ਧਿਰਾਂ ਦੇ ਇਤਿਹਾਸ ਤੇ ਸਮਕਾਲ ਨੂੰ ਵੀ ਨਾਵਲੀ ਪ੍ਰਵਚਨ ਦਾ ਹਿੱਸਾ ਬਣਾਇਆ ਹੈ। ਨਾਵਲਕਾਰ ਨੇ ਕਿਸਾਨ ਅੰਦੋਲਨ ਦੇ ਵੰਨ ਸੁਵੰਨੇ ਸੁਭਾਅ ਨੂੰ ਸਮਝਣ ਲਈ ਅਨੇਕਾਂ ਪੱਛਮੀ ਤੇ ਪੂਰਬੀ ਚਿੰਤਕਾਂ, ਲੇਖਕਾਂ, ਸਿਆਸੀ ਆਗੂਆਂ ਦੀਆਂ ਰਚਨਾਵਾਂ ਤੇ ਵਿਚਾਰ ਪੱਧਤੀਆਂ ਦੀ ਪ੍ਰਸੰਗਾਂ ਅਨੁਕੂਲ ਵਰਤੋਂ ਵੀ ਕੀਤੀ ਹੈ। ਪਰਵਾਨਾ ਦਾ ਨਾਵਲ ਬਿਰਤਾਂਤ ਦੀ ਸਹਿਜ ਚਾਲ,ਯਥਾਰਥਕ ਵਸਤੂ ਵੇਰਵਿਆਂ ਅਤੇ ਪਾਤਰਾਂ ਦੇ ਕਾਰਜੀ ਵਿਹਾਰ ਵਿੱਚ ਕਿਸਾਨ ਅੰਦੋਲਨ ਦੇ ਦਿਹਾਤੀ ਸਮਾਜ ‘ਤੇ ਪਏ ਪ੍ਰਭਾਵਾਂ ਦੀ ਪਛਾਣ ਕਰਦਾ ਹੈ। ਜਦਕਿ ਪਰਮਜੀਤ ਜੱਜ ਦਾ ਨਾਵਲ ਬਿਰਤਾਂਤ ਦੇ ਰਵਾਇਤੀ ਚਲਨ ਦੀ ਥਾਂ ਪਾਤਰਾਂ ਦੇ ਲੰਮੇ ਸੰਵਾਦ ਵਿੱਚੋਂ ਕਿਸਾਨ ਅੰਦੋਲਨ ਦੇ ਦੂਰ ਸਥਾਈ ਪ੍ਰਭਾਵ ਰਜਿਸਟਰ ਕਰਦਾ ਹੈ।

378 ਦਿਨ ਜਿਨ੍ਹਾਂ ਦਿੱਲੀ ਹਿਲਾ ਦਿੱਤੀ

ਇਸ ਪ੍ਰਸੰਗ ਵਿੱਚ ਧਰਮ ਸਿੰਘ ਕੰਮੇਆਣਾ ਦਾ ਨਾਵਲ ‘378 ਦਿਨ ਜਿਨ੍ਹਾਂ ਦਿੱਲੀ ਹਿਲਾ ਦਿੱਤੀ’ ਵਿੱਚ ਕਿਸਾਨ ਅੰਦੋਲਨ ਦੇ 378 ਦਿਨ੍ਹਾਂ ਦੀ ਬਿਰਤਾਂਤਕ ਤਸਵੀਰਕਸ਼ੀ ਕੀਤੀ ਗਈ ਹੈ। ਕੰਮੇਆਣਾ ਕੋਲ ਸੰਕੋਚ, ਸਹਿਜ ਅਤੇ ਸਪੱਸ਼ਟਤਾ ਨਾਲ ਨਾਵਲ ਉਸਾਰੀ ਦਾ ਹੁਨਰ ਹੈ ਪਰ ਉਹ ਨਾਵਲੀ ਭਾਸ਼ਾ ਦੀ ਸਫੋਟਮਈ ਵਰਤੋਂ ਦੀ ਥਾਂ ਵਾਰਤਕਨੁਮਾ ਬਿਰਤਾਂਤਕਾਰੀ ਦੇ ਸੂਚਨਾਮੁੱਖੀ ਵੇਰਵਿਆਂ ਤੱਕ ਸਿਮਟਣ ਵਾਲੇ ਬਿਰਤਾਂਤ ਵੱਲ ਰੁਚਿਤ ਰਹਿੰਦਾ ਹੈ। ਲੇਖਕ ਆਪਣੇ ਨਾਵਲ ਵਿੱਚ ਅੰਦੋਲਨ ਦੀਆਂ ਮੁੱਖ-ਮੁੱਖ ਘਟਨਾਵਾਂ ਨੂੰ ਰੋਜ਼ਨਾਮਚਾਕਾਰ ਵੱਜੋਂ ਰਜਿਸਟਰ ਕਰਨ ਦੀ ਸ਼ੈਲੀ ਵਿੱਚ ਬਿਰਤਾਂਤ ਉਸਾਰਦਾ ਹੈ।

ਉਹ ਮਾਰਕਸੀ ਸਮਾਜਵਾਦੀ ਅਤੇ ਸਿੱਖ ਫਿਲਾਸਫੀ ਦੇ ਰਲੇਵੇਂ ਵਾਲੀ ਕਥਾ ਦ੍ਰਿਸ਼ਟੀ ਤੋਂ ਕਿਸਾਨ ਅੰਦੋਲਨ ਦਾ ਮੁਤਾਲਿਆ ਕਰਦਾ ਹੈ। ਨਾਵਲ ਦਾ ਮੁੱਖ ਪਾਤਰ ਗੁਰਅਸੀਸ ਸੇਖੋਂ ਅਤੇ ਉਸਦੀ ਸਹਿਪਾਠਣ ਸਹਿਜਪ੍ਰੀਤ ਕੌਰ ਕਿਸਾਨ ਅੰਦੋਲਨ ਦੇ ਕਾਰਕੁੰਨ ਹਨ। ਸਧਾਰਨ ਕਿਸਾਨੀ ਪਰਿਵਾਰ ਦੇ ਇਨ੍ਹਾਂ ਨੌਜਵਾਨ ਪਾਤਰਾਂ ਦੀ ਚੇਤੰਨ, ਸਜੱਗ ਅਤੇ ਜਾਗਰੂਕ ਪਹੁੰਚ ਸਦਕਾ ਲੇਖਕ ਯੁਵਾ ਵਰਗ ਦੀ ਕਿਸਾਨ ਅੰਦੋਲਨ ਵਿੱਚ ਨਿਭਾਈ ਭੂਮਿਕਾ ਵੱਲ ਇਸ਼ਾਰਾ ਕਰਦਾ ਹੈ। ਕੰਮੇਆਣਾ ਦਾ ਇਹ ਨਾਵਲ ਅਨੇਕਾਂ ਥਾਵਾਂ ‘ਤੇ ਅਖਬਾਰੀ ਰਿਪੋਰਟਿੰਗ ਵਾਲੀ ਤਰਦੀ-ਤਰਦੀ ਸੂਚਨਾਵੀਂ ਸੈਲੀ ਅਖਤਿਆਰ ਕਰ ਲੈਂਦਾ ਹੈ ਅਤੇ ਕਿਸਾਨ ਅੰਦੋਲਨ ਦੀ ਤਹਿ ਵਿੱਚ ਉਤਰਨ ਦੀ ਥਾਂ ਇਸਦੇ ਬਾਹਰੀ, ਇਕਾਂਗੀ ਤੇ ਇਕਪਰਤੀ ਚਰਿੱਤਰ ਤੱਕ ਸਿਮਟ ਜਾਂਦਾ ਹੈ।

378 ਦਿਨ੍ਹਾਂ ਵਿੱਚ ਵਾਪਰੀਆਂ ਸੱਤਾ ਸਿਆਸਤ ਦੀਆਂ ਘਟਨਾਵਾਂ ਦੇ ਨਾਲ-ਨਾਲ ਕਿਸਾਨਾਂ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਵਿੱਢੀਆਂ ਕਾਰਵਾਈਆਂ ਦੇ ਲੇਖੇ ਜੋਖੇ ਵੱਲ ਰੁਚਿਤ ਹੋਣ ਕਰਕੇ ਨਾਵਲ ਤਬਸਰਾਨੁਮਾ ਬਿਰਤਾਂਤਕਾਰੀ ਦਾ ਆਸਰਾ ਵੀ ਲੈਂਦਾ ਹੈ। ਇਸ ਨਾਵਲ ਦਾ ਰਚਨਾਵੀਂ ਪ੍ਰੇਰਨਾ ਸਰੋਤ ਲੇਖਕ ਨੇ ਜੌਨ ਰੀਡ ਦੇ ਵਿਸ਼ਵ ਪ੍ਰਸਿੱਧ ਨਾਵਲ ‘ਦਸ ਦਿਨ ਜਿਨ੍ਹਾਂ ਦੁਨੀਆ ਹਿਲਾ ਦਿੱਤੀ’ ਤੋਂ ਲਿਆ ਹੈ। ਜੌਨ ਰੀਡ ਨੇ ਉਕਤ ਸ਼ਾਹਕਾਰ ਕ੍ਰਿਤ ਵਿੱਚ ਰੂਸੀ ਇਨਕਲਾਬ ਤੇ ਇਸ ਦੁਆਰੇ ਪਸਰੇ ਸਮੁੱਚੇ ਕ੍ਰਾਂਤੀਕਾਰੀ ਵਰਤਾਰੇ ਨੂੰ ਬਹੁਤ ਸਸ਼ੱਕਤ ਲਹਿਜ਼ੇ ਵਿੱਚ ਰੂਪਮਾਨ ਕੀਤਾ ਸੀ ਪਰ ਪੰਜਾਬੀ ਵਿੱਚ ਕਿਸਾਨ ਅੰਦੋਲਨ ਨਾਲ ਜੁੜਿਆ ਸਾਹਿਤ ਫ਼ਿਲਹਾਲ ਸਿਰਜਣਕਾਰੀ ਦੀ ਖਾਦ ਵੱਜੋਂ ਹਾਜ਼ਰ ਹੈ। ਫਿਰ ਵੀ ਇਸ ਨਾਵਲ ਨੇ ਲਹਿਰਾਂ ਵਿਹੂਣੇ ਦੌਰ ਵਿੱਚ ਸੱਤਾ ਦੇ ਪ੍ਰਤੀਰੋਧ ਵਿੱਚ ਉੱਠੇ ਇਸ ਜਨ ਅੰਦੋਲਨ ਦੀ ਤਸਵੀਰਕਸ਼ੀ ਨੂੰ ਚਿੰਤਨੀ, ਭਾਵੁਕ ਅਤੇ ਮੁਲਾਂਕਣੀ ਲਹਿਜ਼ੇ ਵਿੱਚ ਪ੍ਰਸਤੁਤ ਕਰਨ ਦੀ ਪਹਿਲਕਦਮੀ ਕੀਤੀ ਹੈ।

ਪੰਜਾਬੀ ਨਾਵਲ ਸ਼ੁਰੂ ਤੋਂ ਹੀ ਸਮਾਜ ਨੂੰ ਦਰਪੇਸ਼ ਤਤਕਾਲੀ ਸੰਕਟਾਂ ਦੇ ਨਿਵਾਰਨ ਲਈ ਇਤਿਹਾਸਕ ਪਾਤਰਾਂ, ਘਟਨਾਵਾਂ ਅਤੇ ਨਿਸ਼ਤਿਕ ਤਵਾਰੀਖੀ ਕਾਲ ਦੀ ਵਸਤੂ ਸਮੱਗਰੀ ਨੂੰ ਆਪਣੀ ਬਿਰਤਾਂਤਕ ਵਸਤੂ ਦੇ ਧਰਾਤਲ ਵੱਜੋਂ ਪ੍ਰਯੋਗ ਕਰਦਾ ਰਿਹਾ ਹੈ। ਇਸ ਸਾਲ ਪ੍ਰਕਾਸ਼ਿਤ ਤਿੰਨ ਨਾਵਲ ਬਲਦੇਵ ਸਿੰਘ (ਜਿਉਣਾ ਮੋੜ), ਸ਼ਰਨਜੀਤ ਕੌਰ (ਬਚੇ ਸ਼ਰਨ ਜੋ ਹੋਇ) ਅਤੇ ਅਤਰਜੀਤ ( ਅਬ ਜੂਝਨ ਕੋ ਦਾਉ) ਪੰਜਾਬ ਦੀ ਲੋਕਧਾਰਾ, ਸਿੱਖ ਇਤਿਹਾਸ ਅਤੇ ਪੰਜਾਬੀ ਜਨ ਜੀਵਨ ਦੇ ਬਾਗੀ ਸੁਭਾਅ ਵਿੱਚੋਂ ਨਾਇਕਤਵ ਦੀ ਤਲਾਸ਼ ਵੱਲ ਰੁਚਿਤ ਹੋਣ ਦੇ ਕਥਾ ਪ੍ਰਤਿਮਾਨਾਂ ਨੂੰ ਦ੍ਰਿੜਤਾ ਦੇ ਰਹੇ ਹਨ। ਅੱਗੇ ਪੜ੍ਹੋ –

ਪੁਸਤਕਾਂ ਦੇ ਰਿਵੀਯੂ ਪੜ੍ਹਨ ਲਈ ਕਲਿੱਕ ਕਰੋ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Posted

in

by

Comments

2 responses to “ਕਿਸਾਨ ਮੋਰਚੇ – ਖੇਤੀ ਸੰਕਟ ਦੀ ਗੱਲ ਕਰਦੇ 3 ਨਾਵਲ”

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com