ਸਾਲ 2022 ਦਾ ਨਾਵਲ
– ਡਾ. ਜੇ.ਬੀ.ਸੇਖੋਂ –
ਪੰਜਾਬੀ ਨਾਵਲ ਸ਼ੁਰੂ ਤੋਂ ਹੀ ਸਮਾਜ ਨੂੰ ਦਰਪੇਸ਼ ਤਤਕਾਲੀ ਸੰਕਟਾਂ ਦੇ ਨਿਵਾਰਨ ਲਈ ਇਤਿਹਾਸਕ ਪਾਤਰਾਂ, ਘਟਨਾਵਾਂ ਅਤੇ ਨਿਸ਼ਤਿਕ ਤਵਾਰੀਖੀ ਕਾਲ ਦੀ ਵਸਤੂ ਸਮੱਗਰੀ ਨੂੰ ਆਪਣੀ ਬਿਰਤਾਂਤਕ ਵਸਤੂ ਦੇ ਧਰਾਤਲ ਵੱਜੋਂ ਪ੍ਰਯੋਗ ਕਰਦਾ ਰਿਹਾ ਹੈ। ਇਸ ਸਾਲ ਪ੍ਰਕਾਸ਼ਿਤ ਤਿੰਨ ਨਾਵਲ ਬਲਦੇਵ ਸਿੰਘ (ਜਿਉਣਾ ਮੋੜ), ਸ਼ਰਨਜੀਤ ਕੌਰ (ਬਚੇ ਸ਼ਰਨ ਜੋ ਹੋਇ) ਅਤੇ ਅਤਰਜੀਤ ( ਅਬ ਜੂਝਨ ਕੋ ਦਾਉ) ਪੰਜਾਬ ਦੀ ਲੋਕਧਾਰਾ, ਸਿੱਖ ਇਤਿਹਾਸ ਅਤੇ ਪੰਜਾਬੀ ਜਨ ਜੀਵਨ ਦੇ ਬਾਗੀ ਸੁਭਾਅ ਵਿੱਚੋਂ ਨਾਇਕਤਵ ਦੀ ਤਲਾਸ਼ ਵੱਲ ਰੁਚਿਤ ਹੋਣ ਦੇ ਕਥਾ ਪ੍ਰਤਿਮਾਨਾਂ ਨੂੰ ਦ੍ਰਿੜਤਾ ਦੇ ਰਹੇ ਹਨ।
ਜਿਉਣਾ ਮੋੜ
ਬਲਦੇਵ ਸਿੰਘ ਸੜਕਨਾਮਾ ਪੰਜਾਬ ਦੀ ਲੋਕਧਾਰਾ ਵਿੱਚ ਸੂਰਮਗਤੀ ਦੀ ਮਿੱਥ ਬਣੇ ਲੋਕ ਨਾਇਕ ਜਿਉਣਾ ਮੋੜ ਵੱਲੋਂ ਜਾਗੀਰਦਾਰਾਂ ਤੇ ਸਾਹੂਕਾਰਾਂ ਨੂੰ ਲੁੱਟਣ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਨੈਤਿਕ ਪ੍ਰਤਿਮਾਨਾਂ ਨੂੰ ਆਪਣੇ ਗਲਪੀ ਪ੍ਰਬੰਧ ਦਾ ਹਿੱਸਾ ਬਣਾਉਂਦਾ ਹੈ। ਜਿਉਣਾ ਮੋੜ ਬਸਤੀਵਾਦੀ ਸੱਤਾ, ਸ਼ਾਹੂਕਾਰਾਂ ਦੇ ਦਮਨ ਅਤੇ ਜਾਗੀਰਦਾਰੀ ਧੌਂਸ ਵਿੱਚ ਪਿਸਦੇ ਪੰਜਾਬ ਦੇ ਨਿਮਨ ਕਿਸਾਨਾਂ, ਮੁਜਾਰਿਆਂ ਅਤੇ ਹੋਰ ਮਿਹਨਤਕਸ਼ ਜਮਾਤਾਂ ਦੇ ਹਿਤਾਂ ਲਈ ਜੂਝਦੀ ਵਿਅਕਤੀਗਤ ਸੂਰਮਤਾਈ ਦੀ ਮਿੱਥ ਸਿਰਜਣ ਵਾਲਾ ਪਾਤਰ ਹੈ। ਨਾਵਲਕਾਰ ਇਸ ਮਿੱਥ ਦੀ ਪੁਨਰ ਸਿਰਜਣਾ ਕਰਦਿਆਂ ਕਿੱਸਾ ਸ਼ੈਲੀ ਵਿੱਚ ਜਿਉਣਾ ਮੋੜ ਦੇ ਲੋਕਧਾਰਾਈ ਬਿੰਬ ਨੂੰ ਦੁਬਾਰਾ ਸਥਾਪਿਤ ਕਰਦਾ ਹੈ।
ਇਹ ਰਚਨਾ ਨਾਵਲਕਾਰ ਦੀ ਤਤਕਾਲੀ ਜਾਗੀਰਦਾਰੀ ਸਮਾਜ ਦੀਆਂ ਸ਼ੋਸ਼ਣੀ ਬਣਤਰਾਂ ਪ੍ਰਤੀ ਪੰਜਾਬੀ ਬੰਦੇ ਦੇ ਨਾਬਰ ਸੁਭਾਅ ਦੀ ਤਰਜਮਾਨੀ ਕਰਦੀ ਹੈ ਜਿਸਦੇ ਅਚੇਤ ਵਿੱਚ ਬਸਤੀਵਾਦੀ ਦੌਰ ਵਿੱਚ ਅੰਗਰੇਜ਼ਾਂ, ਜਾਗੀਰਦਾਰਾਂ ਅਤੇ ਸ਼ਾਹੂਕਾਰਾਂ ਦੀ ਤੀਹਰੀ ਗੁਲਾਮੀ ਭੋਗਦੇ ਨਿਮਨ ਕਿਸਾਨਾਂ ਤੇ ਮੁਜਾਰਿਆਂ ਦੇ ਹਥਿਆਰਬੰਦ ਵਿਦਰੋਹ ਦਾ ਬਿਰਤਾਂਤ ਕਾਰਜਸ਼ੀਲ ਹੈ। ਨਾਵਲ ਵਿੱਚ ਬਸਤੀਵਾਦੀ ਦੌਰ ਦੀ ਮਲਵਈ ਆਂਚਲਿਕਤਾ ਦਾ ਭਰਪੂਰ ਵਰਨਣ ਇਸ ਰਚਨਾ ਦੇ ਸੁਹਜ ਨੂੰ ਬਰਕਰਾਰ ਰੱਖਦਾ ਹੈ।
ਜੀਉਣਾ ਮੌੜ ਬੇਸ਼ੱਕ ਲੁੱਟਮਾਰ ਤੇ ਸ਼ਾਹੂਕਾਰਾਂ/ਜਗੀਰਦਾਰਾਂ ਦੀ ਸੋਧ ਸੁਧਾਈ ਵਾਲੇ ਵਿਅਕਤੀਗਤ ਸਾਹਸ ਦੀ ਰਾਮਕਾਰ ਵਿੱਚ ਰਹਿ ਕੇ ਵਿਦਰੋਹ ਦੇ ਸੰਸਥਾਵੀਂ ਰੂਪ ਤੋਂ ਪਰੇ ਵਿਚਰਨ ਵਾਲਾ ਨਾਇਕ ਹੈ ਪਰ ਅਜਿਹੇ ਨਾਇਕ ਪੰਜਾਬੀ ਲੋਕ ਮਨਾਂ ਦੇ ਬਾਦਸ਼ਾਹ ਪਾਤਰ ਹਨ ਜਿਨ੍ਹਾਂ ਦੇ ਮਾਧਿਅਮ ਨਾਲ ਪੰਜਾਬ ਦੀ ਧਰਤੀ ਤੋਂ ਦਬੇਲ ਧਿਰਾਂ ਦੇ ਹੱਕਾਂ ਵਿੱਚ ਉੱਠਦੀਆਂ ਪ੍ਰਤੀਰੋਧੀ ਧੁਨੀਆਂ ਨੂੰ ਨਾਵਲਕਾਰ ਨੇ ਸਾਂਭਣ ਦਾ ਉੱਦਮ ਕੀਤਾ ਹੈ। ਸਮਕਾਲ ਦੀ ਆਪਾਧਾਪੀ ਵਿੱਚ ਲੋਕਧਾਰਾ ਦੇ ਮੌਖਿਕ ਗੁਬਾਰ ਵਿੱਚੋਂ ਕਿਸੇ ਨਾਇਕ ਨੂੰ ਯਥਾਰਥਕ ਗਲਪੀ ਪ੍ਰਬੰਧ ਵਿੱਚ ਢਾਲਣ ਵਾਲੀ ਕਲਾਤਮਿਕਤਾ ਵਾਲੇ ਇਸ ਨਾਵਲ ਦੀਆਂ ਕਈ ਸੀਮਾਵਾਂ ਹਨ।
ਇਨ੍ਹਾਂ ਸੀਮਾਵਾਂ ਵਿੱਚ ਨਾਵਲ ਅੰਦਰ ਦਰਜ ਕਈ ਬਿਰਤਾਂਤਕੀ ਵੇਰਵੇ ਗੈਰ ਵਿਸ਼ਵਾਸਯੋਗ ਤੇ ਨਿਰੋਲ ‘ਕਵੀਸ਼ਰੀ’ ਅੰਦਾਜ਼ ਵਿੱਚ ਹਨ। ਇਸਦੇ ਬਾਵਜੂਦ ਲੇਖਕ ਨੇ ਲੋਕਧਾਰਾਈ ਨਾਇਕ ਦੁਆਲੇ ਬੁਣੀਆਂ ਜਾਂਦੀਆਂ ਅਲੌਕਿਕਤਾ ਵਾਲੀਆਂ ਕਈ ਮਿਥਾਂ ਦਾ ਕਾਫੀ ਭੰਜਨ ਕੀਤਾ ਹੈ ਅਤੇ ਜੀਉਣਾ ਮੋੜ ਦੇ ਪਰਿਵਾਰ, ਜੀਵਨ ਸ਼ੈਲੀ, ਗ੍ਰਿਫਤਾਰੀ ਤੇ ਫਾਂਸੀ ਨਾਲ ਜੁੜੇ ਵੇਰਵੇ ਯਥਾਰਥਕ ਤੇ ਖੋਜ ਪੂਰਨ ਲਹਿਜ਼ੇ ਤੋਂ ਪ੍ਰਸਤੁਤ ਕੀਤੇ ਹਨ।
ਅਬ ਜੂਝਨ ਕੋ ਦਾਊ
ਦਲਿਤ ਚੇਤਨਾ ਵਾਲਾ ਕਹਾਣੀਕਾਰ ਅਤਰਜੀਤ ਇਸ ਸਾਲ ਆਪਣੇ ਪਲੇਠੇ ਨਾਵਲ ‘ਅਬ ਜੂਝਨ ਕੋ ਦਾਊ’ ਦੁਆਰਾ ਅੰਗਰੇਜ਼ੀ ਬਸਤੀਵਾਦੀ ਦੌਰ ਤੋਂ ਸਮਕਾਲ ਤੱਕ ਦੇ ਉੱਤਰ ਬਸਤੀਵਾਦੀ ਦੌਰ ਤੱਕ ਪੰਜਾਬ ਦੀ ਧਰਤੀ ਤੋਂ ਰਾਜਸੀ ਤੇ ਸਮਾਜਿਕ ਸੱਤਾ ਵਿਰੁੱਧ ਉੱਠੀਆਂ ਲੋਕ ਲਹਿਰਾਂ ਦੀ ਤਸਵੀਰਕਸ਼ੀ ਪੇਸ਼ ਕਰਦਾ ਹੈ। ਅਤਰਜੀਤ ਆਪਣੇ ਨਾਵਲ ਦੇ ਆਰੰਭ ਵਿੱਚ ਅੰਗਰੇਜ਼ੀ ਰਾਜ ਕਾਲ ਵਿੱਚ ਜ਼ਰਈ ਹਾਲਾਤਾਂ ਦੇ ਝੰਬੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਕ ਕਾਫਲੇ ਨੂੰ ਦੁਆਬੇ ਤੋਂ ਉੱਠ ਕੇ ਮਾਲਵੇ ਦੇ ਰਿਆਸਤੀ ਇਲਾਕਿਆਂ ਵੱਲ ਹਿਜਰਤ ਕਰਨ ਦੇ ਬਿਰਤਾਂਤਕ ਦ੍ਰਿਸ਼ ਪੇਸ਼ ਕਰਦਾ ਹੈ। ਇਹ ਪਾਤਰ ਮਾਲਵੇ ਵਿੱਚ ਆਪਣਾ ਪਿੰਡ ਵਸਾ ਲੈਂਦੇ ਹਨ ਜਿਨ੍ਹਾਂ ਦੇ ਮਾਧਿਅਮ ਨਾਲ ਲੇਖਕ ਪੰਜਾਬ ਵਿੱਚ ਸਿੱਖ ਰਾਜ ਦੇ ਜਾਗੀਰਦਾਰੀ ਸਮਾਜ ਤੋਂ ਸਹਿਜੇ ਸਹਿਜੇ ਬਰਤਾਨਵੀ ਰਾਜ ਅਧੀਨ ਪੂੰਜੀਵਾਦੀ ਵਿਵਸਥਾ ਦੇ ਪੈਰ ਪਸਾਰਨ ਦੇ ਕਥਾਨਕੀ ਵੇਰਵੇ ਸ਼ਾਮਿਲ ਕਰਦਾ ਆਪਣੇ ਨਾਵਲ ਨੂੰ ਸਮਕਾਲ ਦੇ ਕਿਸਾਨ ਅੰਦੋਲਨ ਤੱਕ ਫੈਲਾ ਦਿੰਦਾ ਹੈ।
ਲੇਖਕ ਆਪਣੇ ਨਾਵਲ ਦੁਆਰਾ ਬਰਤਾਨਵੀ ਸੱਤਾ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ‘ਕਾਲੇ ਹੁਕਮਰਾਨਾਂ’ ਵਿਰੁੱਧ ਸੰਘਰਸ਼ ਰੱਤੀਆਂ ਲੋਕ ਲਹਿਰਾਂ ਨੂੰ ਪੰਜਾਬੀ ਸੁਭਾਅ ਦੀ ਨਾਬਰੀ ਦੇ ਇਤਿਹਾਸਕ ਪਰਿਪੇਖ ਵਿੱਚ ਪੇਸ਼ ਕਰਨ ਦਾ ਯਤਨ ਕਰਦਾ ਹੈ। ਨਾਵਲੀ ਬਿਰਤਾਂਤ ਦੇ ਆਰੰਭ ਵਿੱਚ ਬਸਤੀਵਾਦੀ ਸ਼ਾਸਕਾਂ ਅਤੇ ਪਿੰਡ ਦੀ ਸੂਦਖੋਰ ਸਰਮਾਏਦਾਰੀ ਦੇ ਸਤਾਏ ਨਿਮਨ ਕਿਸਾਨੀ ਤੇ ਸੀਰੀ ਜੀਵਨ ਭੋਗਦੇ ਪਾਤਰ ਰੂੜਾ, ਸੱਦੋ,ਕਾਰਾ, ਤਾਰਾ, ਰਾਮੂ, ਸੰਤੂ, ਘੀਲਾ, ਸਾਂਭੋ, ਫੱਗਾ, ਗੇਂਦਾ ਆਦਿ ਦਾ ਕਾਫਲਾ ਦੁਆਬਾ ਦੇ ਪਿੰਡ ਮੱਲੋ ਕੇ ਨੂੰ ਛੱਡ ਕੇ ਰਿਆਸਤ ਸੰਗਰੂਰ ਦਾ ਪਿੰਡ ਸੱਗੂਵਾਲ ਪੁੱਜਦਾ ਹੈ। ਲੇਖਕ ਨਾਵਲ ਵਿੱਚ ਇਨ੍ਹਾਂ ਪਾਤਰਾਂ ਦੀਆਂ ਤਿੰਨ ਚਾਰ ਪੀੜ੍ਹੀਆਂ ਨੂੰ ਸਮਕਾਲ ਦੇ ਕਿਸਾਨ ਅੰਦੋਲਨ ਤੱਕ ਫੈਲਾ ਕੇ ਪੰਜਾਬ ਦੇ ਇਤਿਹਾਸ ਦੇ ਪਿਛਲੇ 175 ਸਾਲਾਂ ਦੀਆਂ ਕਰਵਟਾਂ ਤੇ ਸਮਾਜਿਕ ਤੋਰ ਦਾ ਮੁਲਾਂਕਣ ਕਰਨ ਦੇ ਯਤਨ ਕਰਦਾ ਹੈ।
ਨਾਵਲ ਨੂੰ ਪੰਜਾਬ ਦੇ ਇਤਿਹਾਸ ਦੇ ਵਿਸ਼ੇਸ਼ ਕਾਲ ਖੰਡ (1849) ਦੀ ਪੰਜਾਬੀ ਉਦਾਸੀ ਤੇ ਮਾਯੂਸੀ ਤੋਂ ਆਰੰਭ ਕਰਕੇ ਵਰਤਮਾਨ ਦੌਰ ਦੀਆਂ ਬੇਤਰਤੀਬੀਆਂ ਤੱਕ ਪੇਸ਼ ਕਰਦਿਆਂ ਅਤਰਜੀਤ ਇਤਿਹਾਸ ਦੀ ਲਿਖਤੀ ਸਮੱਗਰੀ ਨੂੰ ਵੱਡੇ ਸਰੋਤ ਵੱਜੋਂ ਪ੍ਰਯੋਗ ਕਰਦਾ ਹੈ। ਇਸਦੇ ਨਾਲ ਉਹ ਪੰਜਾਬ ਦੇ ਉਜਾੜੇ ‘ਤੇ ਉਸਰੀ ਆਜ਼ਾਦੀ ਤੋਂ ਬਾਅਦ ਦੀ ਪੰਜਾਬੀ ਬੰਦੇ ਦੀ ਉਦਾਸੀ ਦਾ ਭਲੀਭਾਂਤ ਵਰਨਣ ਕਰਦਾ ਹੈ।
ਹਰੀ ਕ੍ਰਾਂਤੀ ਦੇ ਚਕਾਚੌਂਧ ਖੁਸ਼ਹਾਲੀ, ਨਕਸਲਵਾੜੀ ਲਹਿਰ, ਪਰਵਾਸ, ਪੰਜਾਬ ਸੰਕਟ ਤੇ ਵਿਸ਼ਵੀਕਰਨ ਦੇ ਦਾਬੇ ਤੋਂ ਉਤਪੰਨ ਸਮਾਜਿਕ ਵਿਸੰਗਤੀਆਂ ਵਿੱਚ ਝੰਬੇ ਪੰਜਾਬੀ ਜਨ ਜੀਵਨ ਦਾ ਦ੍ਰਿਸ਼ ਨਾਵਲ ਦੇ ਲੰਮੇਰੇ ਬਿਰਤਾਂਤ ਦਾ ਹਿੱਸਾ ਬਣਦਾ ਹੈ। ਲੇਖਕ ਸਮਕਾਲੀ ਦੌਰ ਵਿੱਚ ਦੇਸ਼ ਅੰਦਰ ਸਰਮਾਏਦਾਰੀ ਦੀ ਚੜਤ ਤੇ ਦੱਖਣਪੰਥੀ ਸਰਕਾਰਾਂ ਦੇ ਫਾਂਸ਼ੀਵਾਦੀ ਰੁਝਾਨਾਂ ਤੋਂ ਪੈਦਾ ਸੰਕਟਾਂ ਵਿੱਚ ਉੱਠੇ ਕਿਸਾਨ ਅੰਦੋਲਨ ਨੂੰ ਵੱਡੀ ਲੋਕ ਲਹਿਰ ਦੇ ਰੂਪ ਵਿੱਚ ਤਸਲੀਮ ਕਰਦਾ ਹੈ।
ਅਤਰਜੀਤ ਦਾ ਇਹ ਨਾਵਲ ਇਤਿਹਾਸ ਦੇ ਲੰਮੇ ਬਿਰਤਾਂਤਕ ਕਾਲ ਖੰਡ ‘ਤੇ ਫੈਲੀ ਖੋਜਪੂਰਨ ਆਸ਼ੇ ਵਾਲੀ ਰਚਨਾ ਹੈ ਪਰ ਲੇਖਕ ਨੇ ਨਾਵਲ ਨੂੰ ਵਿਚਾਰਾਂ ਦੇ ਭਾਰੂਪਨ, ਗਲਤ ਤੇ ਸਮਾਜਿਕ ਵੰਡੀਆਂ ਪਾਉਣ ਵਾਲੀ ਬਿਆਨਬਾਜ਼ੀ, ਭਾਸ਼ਣੀ ਸੁਰ ਅਤੇ ਬਿਰਤਾਂਤਕ ਭਾਸ਼ਾ ਦੀ ਥਾਂ ਵਾਰਤਕੀ ਭਾਸ਼ਾ ਵਾਲੀ ਰਚਨਾ ਵੱਜੋਂ ਪੇਸ਼ ਕੀਤਾ ਹੈ। ਇਸ ਨਾਵਲ ਵਿੱਚਲੇ ਇਤਿਹਾਸ ਦੇ ਘਟਨਾਕ੍ਰਮ ਨੂੰ ਇਤਿਹਾਸ ਦੀਆਂ ਅਨੇਕਾਂ ਪੁਸਤਕਾਂ ਵਿੱਚ ਭਰਵੀਂ ਸਪੇਸ ਮਿਲ ਚੁੱਕੀ ਹੈ ਪਰ ਇਤਿਹਾਸਕ ਨਾਵਲ ਨੇ ਇਤਿਹਾਸ ਦੀ ਥਾਂ ਇਤਿਹਾਸਕ ਜੀਵਨ ਦੀ ਅੰਤਰ ਆਤਮਾ ਨੂੰ ਪੇਸ਼ ਕਰਨਾ ਹੁੰਦਾ ਹੈ।
ਇਸ ਨੁਕਤੇ ਤੋਂ ਇਹ ਨਾਵਲ 1849 ਤੋਂ ਗਦਰ ਲਹਿਰ ਤੱਕ ਦੇ ਕਾਲ ਖੰਡ ਨੂੰ ਕਾਫੀ ਹੱਦ ਤੱਕ ਇਤਿਹਾਸਕ ਗਲਪ ਦੀ ਵਸਤੂ ਬਣਾ ਕੇ ਪੇਸ਼ ਕਰਦਾ ਹੈ ਪਰ ਇਸ ਪਿੱਛੋਂ ਆਜ਼ਾਦੀ ਸੰਘਰਸ਼ ਵਿੱਚ ਉੱਠੀਆਂ ਲਹਿਰਾਂ, ਦੇਸ਼ ਦੀ ਵੰਡ ਦੇ ਸੰਤਾਪ, ਆਜ਼ਾਦੀ ਉਪਰੰਤ ਕਮਿਊਨਿਸਟ ਪਾਰਟੀਆਂ ਦੇ ਸਿਧਾਂਤ ਤੇ ਵਿਹਾਰ, ਨਕਸਲਵਾੜੀ ਲਹਿਰ, ਪੰਜਾਬ ਸੰਕਟ ਅਤੇ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਝੰਬੇ ਪੰਜਾਬ ਦਾ ਗਲਪੀ ਚਿੱਤਰ ਪੇਸ਼ ਕਰਦਾ ਕਾਫੀ ਹੱਦ ਤੱਕ ਚਰਚਿਤ ਇਤਿਹਾਸਕ ਘਟਨਾਵਾਂ ਦੀ ਪੁਨਰ ਪੇਸ਼ਕਾਰੀ ਅਤੇ ਮਨ ਇੱਛਤ ਯਥਾਰਥ ਦੀ ਪੇਸ਼ਕਾਰੀ ਦੁਆਲੇ ਹੀ ਕੇਂਦਰਿਤ ਰਹਿੰਦਾ ਹੈ। ਨਾਵਲ ਦੀ ਇਹ ਵੱਡੀ ਕਮਜ਼ੋਰੀ ਪੂਰੀ ਟੈਕਸਟ ਨੂੰ ਘਟਨਾਵਾਂ ਦੇ ਇਕਹਿਰੇ ਪਰਿਪੇਖ, ਇਕਾਂਗੀ ਪੇਸ਼ਕਾਰੀ ਅਤੇ ਸੂਚਨਾਮੁੱਖ ਬਿਰਤਾਂਤ ਤੱਕ ਸਿਮਟਾ ਦਿੰਦੀ ਹੈ।
ਬਚੇ ਸ਼ਰਨ ਜੋ ਹੋਇ
ਸਾਲ ਦੇ ਇਤਿਹਾਸਕ ਨਾਵਲਾਂ ਵਿੱਚ ਜਿੱਥੇ ਬਲਦੇਵ ਸਿੰਘ ਪੰਜਾਬੀ ਲੋਕਧਾਰਾ ਦੇ ਸੂਰਮੇ ਨਾਇਕ ਜਿਉਣਾ ਮੌੜ ਅਤੇ ਅਤਰਜੀਤ ਜੂਝਾਰੂ ਤੇ ਨਾਬਰ ਪੰਜਾਬੀ ਕੌਮ ਦੇ ਨਾਇਕ ਨੂੰ ਪ੍ਰਸਤੁਤ ਕਰਦੇ ਹਨ ਉੱਥੇ ਹੀ ਨਾਵਲਕਾਰਾ ਹਰਜੀਤ ਕੌਰ ਵਿਰਕ ਸਿੱਖ ਇਤਿਹਾਸ ਦੀ ਜੂਝਾਰੂ ਸ਼ਹੀਦ ਸ਼ਰਨ ਕੌਰ ਨੂੰ ਆਪਣੇ ਨਾਵਲ ‘ਬਚੇ ਸ਼ਰਨ ਜੋ ਹੋਇ’ ਦੀ ਨਾਇਕਾ ਵੱਜੋਂ ਪੇਸ਼ ਕਰਦੀ ਸਿੱਖ ਕੌਮ ਦੇ ਮਰਜੀਵੜੇ ਕਿਰਦਾਰ ਨੂੰ ਪੇਸ਼ ਕਰਦੀ ਹੈ। ਇਸ ਨਾਵਲ ਨੂੰ ਪੜ੍ਹਦਿਆਂ ਪੰਜਾਬੀ ਨਾਵਲ ਦੇ ਮੋਢੀ ਭਾਈ ਵੀਰ ਸਿੰਘ ਦਾ ‘ਸੁੰਦਰੀ’ ਨਾਵਲ ਚੇਤਿਆਂ ਵਿੱਚ ਜਾਗ ਪੈਂਦਾ ਹੈ ਜਿਸ ਵਿੱਚ ਤਤਕਾਲ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿੱਚ ਸਿੱਖ ਕੌਮ ਦੀ ਪੁਨਰ ਸੁਰਜੀਤੀ ਲਈ ਲੇਖਕ ਜੁਝਾਰੂ, ਸਿਦਕੀ ਅਤੇ ਸਬਰ ਸੰਤੋਖ ਦੀ ਧਾਰਨੀ ਔਰਤ ਦਾ ਬਿੰਬ ਵਿਸਥਾਪਤ ਕਰਦਾ ਹੈ।
ਮਰਦ ਪ੍ਰਧਾਨ ਪੰਜਾਬੀ ਸਮਾਜ ਵਿੱਚ ਪੰਜਾਬੀ ਦੇ ਪਹਿਲੇ ਨਾਵਲ ਦਾ ਨਾਇਕ ਪੁਰਸ਼ ਨਾ ਹੋ ਕੇ ਔਰਤ ਬਣਦੀ ਹੈ ਇਹ ਪ੍ਰਾਪਤੀ ਪੰਜਾਬੀ ਨਾਵਲ ਸੰਸਾਰ ਲਈ ਮਹੱਤਵਪੂਰਨ ਹੈ। ਹਰਜੀਤ ਕੌਰ ਵਿਰਕ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿੱਚ ਹਜ਼ਾਰਾਂ ਮੁਗਲਾਂ ਨਾਲ ਗਹਿ ਗੱਚ ਲੜਾਈ ਵਿੱਚ ਸ਼ਹੀਦੀਆਂ ਹਾਸਿਲ ਕਰਨ ਵਾਲੇ ਸਿੰਘਾਂ ਤੇ ਦਸਮ ਪਿਤਾ ਦੇ ਸ਼ਾਹਿਬਜਾਦਿਆਂ ਦੇ ਅੰਤਮ ਸੰਸਕਾਰ ਕਰਦੀ ਬੀਬੀ ਸ਼ਰਨ ਕੌਰ ਦੀ ਜੁਰੱਅਤ, ਦਲੇਰੀ ਤੇ ਸਿਦਕੀ ਜੀਵਨ ਦਾ ਬਿਰਤਾਂਤ ਸਿਰਜਦੀ ਹੈ। ਇਸ ਬਿਰਤਾਂਤ ਦੇ ਸਮਾਂਨਅੰਤਰ ਲੇਖਿਕਾ ਸਮਕਾਲ ਵਿੱਚ ਔਰਤ ਧਿਰ ‘ਤੇ ਮਰਦ ਪ੍ਰਧਾਨ ਤੇ ਪੂੰਜੀ ਪ੍ਰਧਾਨ ਸਮਾਜ ਦੀਆਂ ਵਧੀਕੀਆਂ ਦਾ ਬਿਰਤਾਂਤ ਵੀ ਖੜ੍ਹਾ ਕਰਦੀ ਹੈ।
ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਦੇ ਨਾਲ ਨਾਲ ਸਮਾਜ ਵਿੱਚ ਫੈਲਦੀ ਫਿਰਕਾਪ੍ਰਸਤੀ, ਉਜਾੜੇ, ਖਾੜਕੂਵਾਦ, ਦਿੱਲੀ ਦੰਗੇ ਅਤੇ ਹੋਰ ਬੁਰਛਾਗਰਦੀਆਂ ਵਿੱਚ ਔਰਤ ਦੀ ਧਿਰ ਨਾਲ ਵਾਪਰਦੇ ਸੰਤਾਪ ਦੇ ਵੱਡੇ ਸਵਾਲ ਨਾਵਲ ਨੂੰ ਚਿੰਤਨ ਕੇਂਦਰਿਤ ਬਿਰਤਾਂਤ ਨਾਲ ਜੋੜਦੇ ਹਨ। ਹਰਜੀਤ ਕੌਰ ਵਿਰਕ ਕੋਲ ਜਿੱਥੇ ਬਿਰਤਾਂਤਕ ਹਵਾਲਿਆਂ ਨੂੰ ਨਾਵਲੀ ਕੈਨਵਸ ‘ਤੇ ਫੈਲਾਉਣ ਦਾ ਹੁਨਰ ਹੈ ਉੱਥੇ ਹੀ ਭਾਸ਼ਾ ਦੀ ਸਫੋਟ ਭਰੀ ਵਰਤੋਂ ਦਾ ਹੁਨਰ ਵੀ ਹੈ।
ਇਤਿਹਾਸ ਦੇ ਵਗਦੇ ਵਹਿਣ ਵਿੱਚ ਪੰਜਾਬੀ ਕੌਮ ‘ਤੇ ਦਰਪੇਸ਼ ਸੰਕਟਾਂ ਅੰਦਰ ਔਰਤ ਦੇ ਸਾਹਸੀ ਕਿਰਦਾਰ ਨੂੰ ਸੁਰਜੀਤ ਕਰਨ ਦੇ ਹਵਾਲੇ ਨਾਲ ਹਰਜੀਤ ਕੌਰ ਵਿਰਕ ਦਾ ਇਹ ਨਾਵਲ ਸੰਵਾਦਮਈ ਕ੍ਰਿਤ ਹੈ। ਇਹ ਨਾਵਲ ਪੁਰਸ਼ ਪ੍ਰਧਾਨ ਸਮਾਜ ਵਿੱਚ ਮਰਦ ਵੱਲੋਂ ਔਰਤ ਨੂੰ ਅਤੇ ਔਰਤ ਵੱਲੋਂ ਖੁਦ ਨੂੰ ਦੇਹ ਦੀ ਸੀਮਾ ਤੋਂ ਪਾਰ ਜਾ ਕੇ ਨਾ ਦੇਖਣ ਦੀ ਬਿਰਤੀ ਵੀ ਭੰਗ ਕਰਦਾ ਹੈ। ਨਾਵਲ ਦੀ ਸੁਹਜਭਰੀ ਭਾਸ਼ਾ, ਵਾਤਾਵਰਣ, ਪਾਤਰ ਉਸਾਰੀ, ਕਥਾਨਕੀ ਵੇਰਵੇ ਅਤੇ ਠੇਠ ਮੈਟਾਫਰ ਪਾਠਕਾਂ ਨੂੰ ਇਤਿਹਾਸ ਤੋਂ ਸਮਕਾਲ ਅਤੇ ਸਮਕਾਲ ਤੋਂ ਇਤਿਹਾਸ ਦੀ ਯਾਤਰਾ ਨਾਲ ਜੋੜੀ ਰੱਖਦੇ ਹਨ।
ਹਰਜੀਤ ਕੌਰ ਵਿਰਕ ਵੱਲੋਂ ਜਿੱਥੇ ਔਰਤ ਦੇ ਸਵੈਮਾਣ, ਸਿਦਕ, ਕੁਰਬਾਨੀ ਅਤੇ ਸਮਰਪਿਤ ਭਾਵਨਾ ਨੂੰ ਸਿੱਖ ਇਤਿਹਾਸ ਦੇ ਜੁਝਾਰੂ ਖਾਸੇ ਵਿੱਚੋਂ ਉਜਾਗਰ ਕਰਕੇ ਸਮਕਾਲ ਦੇ ਉਪਭੋਗਤਾਵਾਦੀ ਯੁੱਗ ਵਿੱਚ ਨਾਰੀ ਦੀ ਹੋਂਦ ਤੇ ਹਸਤੀ ਨੂੰ ਦਰਪੇਸ਼ ਸੰਕਟਾਂ ਨਾਲ ਸਿੱਝਣ ਦੀ ਕਥਾ ਦ੍ਰਿਸ਼ਟੀ ਉਭਾਰੀ ਗਈ ਹੈ ਉੱਥੇ ਹੀ ਇਸ ਸਾਲ ਕੁੱਝ ਹੋਰ ਨਾਰੀ ਨਾਵਲਕਾਰਾਂ ਨੇ ਵੀ ਨਾਵਲ ਨਿਗਾਰੀ ਦੇ ਖੇਤਰ ਵਿੱਚ ਆਪਣੀ ਪਰਵਾਜ਼ ਭਰ ਕੇ ਨਾਰੀ ਮਸਲਿਆਂ ਪ੍ਰਤੀ ਆਪਣੀ ਚਿੰਤਾ ਜਾਹਿਰ ਕੀਤੀ ਹੈ। ਅੱਗੇ ਪੜ੍ਹੋ-
ਬਲਦੇਵ ਸਿੰਘ ਸੜਕਨਾਮਾਂ ਨੇ ਦੱਸਿਆ ਕਿਵੇਂ ਲਿਖਿਆ ਨਾਵਲ ਜਿਓਣਾ ਮੋੜ. ਦੇਖੋ ਵੀਡੀਉ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
Leave a Reply