ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
Maghda Rahin ve Surja in Jasbir Jassi’s Melodious Voice
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਨੱਕ ਵਗਦੇ ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ,
ਤੂੰ ਮਘਦਾ ਰਈਂ ਵੇ ….
ਜਿੱਥੇ ਰੂਹ ਬਣਗੀ ਇੱਕ ਹਾਵਾ ਹੈ,
ਜਿੱਥੇ ਜ਼ਿੰਦਗ਼ੀ ਇੱਕ ਪਛਤਾਵਾ ਹੈ,
ਜਿੱਥੇ ਕੈਦ ਅਣਖ ਦਾ ਲਾਵਾ ਹੈ,
ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ
ਤੂੰ ਮਘਦਾ ਰਈਂ ਵੇ…
ਜਿੱਥੇ ਲੋਕ ਬੜੇ ਮਜਬੂਰ ਜਿਹੇ,
ਦਿੱਲੀ ਦੇ ਦਿਲ ਤੋਂ ਦੂਰ ਜਿਹੇ,
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ,
ਤੂੰ ਮਘਦਾ ਰਈਂ ਵੇ…
ਜਿੱਥੇ ਬੰਦਾ ਜੰਮਦਾ ਸੀਰੀ ਹੈ,
ਟਕਿਆਂ ਦੀ ਮੀਰੀ ਪੀਰੀ ਹੈ,
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ,
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ,
ਤੂੰ ਮਘਦਾ ਰਈਂ ਵੇ…
ਜੇ ਸੋਕਾ ਇਹ ਹੀ ਸੜਦੇ ਨੇ,
ਜੇ ਡੋਬਾ ਇਹ ਹੀ ਮਰਦੇ ਨੇ,
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇ,
ਜਿੱਥੇ ਫਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ,
ਤੂੰ ਮਘਦਾ ਰਈਂ ਵੇ…
ਜਿੱਥੇ ਹਾਰ ਮੰਨ ਲਈ ਚਾਵਾਂ ਨੇ,
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ,
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ,
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,
ਤੂੰ ਮਘਦਾ ਰਈਂ ਵੇ…
ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ,
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ,
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ,
ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ,
ਤੂੰ ਮਘਦਾ ਰਈਂ ਵੇ…
ਤੂੰ ਆਪਣਾ ਆਪ ਮਚਾਂਦਾ ਹੈਂ,
ਪਰ ਆਪਾ ਹੀ ਰੁਸ਼ਨਾਂਦਾ ਹੈਂ,
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ,
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ,
ਤੂੰ ਮਘਦਾ ਰਈਂ ਵੇ ਸੂਰਜਾ…
-ਸੰਤ ਰਾਮ ਉਦਾਸੀ
ਇਹ ਵੀ ਪੜ੍ਹੋ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਵਿਦੇਸ਼ ਤੋਂ ਚੰਦਾ ਭੇਜਣ ਲਈ ਬਟਨ ‘ਤੇ ਕਲਿੱਕ ਕਰੋ ਜੀ
ਭਾਰਤ ਤੋਂ ਚੰਦਾ ਭੇਜਣ ਲਈ ਬਟਨ ‘ਤੇ ਕਲਿੱਕ ਕਰੋ ਜੀ
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ । ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply