ਆਪਣੀ ਬੋਲੀ, ਆਪਣਾ ਮਾਣ

ਮਾਂ ਕਵਿਤਾਵਾਂ – Punjabi Poetry about Mother

ਅੱਖਰ ਵੱਡੇ ਕਰੋ+=

ਮਾਂ ਦੀ ਮਮਤਾ ਨੂੰ ਸ਼ਿੱਦਤ ਨਾਲ ਕਲਮਕਾਰਾਂ ਨੇ ਮਮਤਾਮਈ ਰੰਗ ਵਿੱਚ ਰੰਗਿਆ ਹੈ, ਸ਼ਾਇਦ ਹੀ ਕੋਈ ਹੋਵੇਗਾ ਜੋ ਭਾਵੁਕ ਨਾ ਹੋਵੇ। ਇਹ ਕਵਿਤਾਵਾਂ ਮਾਂ ਪ੍ਰਤਿ ਮੋਹ ਚੋਂ ਉਪਜੇ ‘ਨੈਣ ਸਮੁੰਦਰ’ ਵਿੱਚ ਤਾਰੀ ਲਾਉਣ ਲਈ ਮਜਬੂਰ ਕਰਦੇ ਹਨ। ਇਨ੍ਹਾਂ ਲਫ਼ਜ਼ਾਂ ਦਾ ਅਸਰ ਕਦੇ ਨਾ ਮੁੱਕਣ ਵਾਲਾ ਹੈ। ਪਾਠਕਾਂ ਅੱਗੇ ਬੇਨਤੀ ਹੈ ਕਿ ਹੋ ਕੇ ਸਕੇ ਤਾਂ ਇਨ੍ਹਾਂ ਰਚਨਾਵਾਂ ਨੂੰ ਵੱਧ ਤੋਂ ਵੱਧ ਮਾਤਾਵਾਂ ਤੱਕ ਸਾਡੇ ਸੱਜਦੇ ਦੇ ਰੂਪ ਵਿੱਚ ਜ਼ਰੂਰ ਪਹੁੰਚਾਉਣਾ ਤਾਂ ਜੋ ਸਾਨੂੰ ਉਨ੍ਹਾਂ ਦੀਆਂ ਦੁਆਵਾਂ ਦੀ ਭਰਪੂਰ ਛਾਂ ਮਿਲ ਸਕੇ। ਲਫ਼ਜ਼ਾਂ ਦਾ ਪੁਲ ਦਾ ਵੱਲੋਂ ਜਨਣੀ, ਧਰਤੀ, ਨਦੀ, ਹਵਾ ਅਤੇ ਕੁਦਰਤ ਮਾਂ ਨੂੰ ਉਨ੍ਹਾਂ ਦੀਆਂ ਦਿੱਤੀਆਂ ਨਿਆਮਤਾਂ ਲਈ ਸੱਜਦਾ ਕਰਨ ਦਾ ਇਹ ਇਕ ਨਿਮਾਣਾ ਜਿਹਾ ਉਪਰਾਲਾ ਆਪ ਸਭ ਨੂੰ ਕਿਵੇਂ ਦਾ ਲੱਗਿਆ, ਆਪ ਦੇ ਵਿਚਾਰਾਂ/ਟਿੱਪਣੀਆਂ ਦੀ ਉਡੀਕ ਰਹੇਗੀ।
—————
ਜਜ਼ਬਾ
—————
ਸਤਵੀਰ ਬਾਜਵਾ

ਧੰਨ ਤੇਰਾ ਜਜ਼ਬਾ
ਮਾਏ,
ਮੈਂ ਤਾਂ ਤੋੜ ਦਿਆਂ
ਤੇਰੇ ਤੇ ਉਠਣ ਵਾਲਾ
ਉਹ ਹੱਥ
ਪਰ ਤੂੰ ਟੁੱਟਿਆ ਨੀ ਵੇਖ ਸਕਦੀ
ਤੈਨੂੰ ਲਹੂ-ਲੁਹਾਣ ਕਰ ਦੇਣ ਵਾਲਾ
ਉਹ ਹੱਥ
ਧੰਨ ਤੇਰਾ ਜਜ਼ਬਾ

ਢਾਲ ਬਣ ਮੈਂ ਤੇਰੀ
ਆਪਣੇ-ਆਪ ਤੇ ਲੈ ਲਵਾਂ ਤੇਰਾ
ਹਰ ਜ਼ਖਮ
ਪਰ ਮੇਰੇ ਤੋਂ ਵੱਧ ਪੀੜ ਤੈਨੂੰ ਦੇਵੇਗਾ
ਮੇਰੇ ਤੇ ਲੱਗਿਆ
ਹਰ ਜ਼ਖਮ
ਧੰਨ ਤੇਰਾ ਜਜ਼ਬਾ

ਤੇਰੇ ਇਸ ਜਜ਼ਬੇ ਚੋਂ ਨਿਕਲਦੀ ਏ
ਮੇਰੇ ਕੁਝ ਨਾ ਕਰ ਸਕਣ ਦੀ
ਮਜ਼ਬੂਰੀ
ਪਰ ਮੈਂ ਜਾਣਦਾ
ਇਹ ਜਜ਼ਬਾ ਨਹੀਂ ਹੈ ਤੇਰੀ ਕੋਈ
ਮਜ਼ਬੂਰੀ
ਤੇਰੇ ਦੁੱਖਾਂ ਦਾ ਕਾਰਣ ਹੈ ਸ਼ਾਇਦ
ਤੇਰਾ ਇਹ ਜਜ਼ਬਾ
ਮੈਂ ਚਾਹੁੰਦਾ ਤੇਰੇ ਦੁੱਖਾਂ ਦਾ ਅੰਤ
ਪਰ ਕਾਇਮ ਰਹੇ
ਤੇਰਾ ਇਹ ਜਜ਼ਬਾ


————————–
ਮਾਂ ਜੰਮਦੀ ਹੈ ਇੱਕ ਮਾਂ
————————–
ਜੱਸ ਪੰਜਾਬੀ

ਲੱਖ ਚੁਰਾਸੀ ਜੂਨਾਂ ਵਿੱਚੋ
ਉੱਚੀ ਸੁੱਚੀ ਮਾਂ ਦੀ ਜੂਨ
ਮਾਂ ਨੂੰ ਜੰਮਣ ਦਿਓ
ਮਾਂ ਨੂੰ ਵਧਣ ਦਿਓ
ਦੁਨੀਆਂ ਦੇ ਲੋਕੋ
ਨਾ ਤੋੜੋ ਰੱਬ ਦਾ ਕਾਨੂੰਨ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਕਿਹੜੇ ਰਾਹ ਵੱਲ ਤੁਰ ਪਈ ਦੁਨੀਆਂ
ਮਾਂ ਦੀ ਕੁੱਖ ਵਿੱਚ ਮਾਰਨ ਮਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਵਾਹ!ਵਾਹ!! ਭਾਰਤ ਦੇ ਲੋਕ ਨਿਆਰੇ
ਥਾਂ-ਥਾਂ ਮਾਤਾ ਦੇ ਮੰਦਰ ਉਸਾਰੇ
ਮਾਂ ਨੂੰ ਮੰਨਣ ਵਾਲੇ ਦੇਖੋ
ਨਹੀ ਡਰਦੇ ਮਾਰਨ ਤੋ ਮਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਮਾਂ ਨਾਂ ਮਾਰੋ
ਪੱਛੜੀ ਸੋਚ ਮੁਕਾਓ
ਇਹ ਕੁਰੀਤੀਆਂ,
ਚੰਦਰੇ ਰਿਵਾਜ਼ ਮਿਟਾਓ
ਮੈ ਤਾਂ ਚਾਹਵਾਂ ਹਰ ਕੋਈ ਮਾਣੇ
ਮਾਂ, ਧੀ, ਭੈਣ
ਬੋਹੜ ਦੀ ਛਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਮਾਂ ਨੂੰ ਜਾਣੋ
ਰੱਬ ਨੂੰ ਪਹਿਚਾਣੋ
ਹੋਰ ਨਾਂ ਗਲਤੀ ਕਰਿਓ ਅਣਜਾਣੋ
ਹਰ ਸਿਰ ਤੇ ਰੱਬ ਨਹੀ ਰਹਿ ਸਕਦਾ
ਮਾਂ ਦਾ ਭੇਸ ਵਟਾਂਉਦਾ ਤਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ

ਜੱਸ ਨੇ ਰੱਬ ਦਾ ਦਰਸ਼ਨ ਕੀਤਾ
ਜਦ ਮਾਂ ਮੇਰੀ ਵਰਦਾਨ ਸੀ ਦਿੱਤਾ
ਪੁੱਤ ਲਿਖਦਾ ਰਹਿ
ਪੁੱਤ ਗਾਂਉਦਾ ਰਹਿ
ਇਹ ਗੱਲ ਦੁਨੀਆਂ ਦੇ ਕੰਨੀ ਪਾਂਉਦਾ ਰਹਿ
ਸ਼ਾਇਦ ਤੇਰੀ ਗੱਲ ਸੁਣ ਕੇ
ਕੋਈ ਬੱਚ ਜਾਊ ਮਰਨ ਤੋ ਮਾਂ
ਮਾਂ ਇੱਕ ਮਾਂ
ਮਾਂ ਜੰਮਦੀ ਹੈ ਇੱਕ ਮਾਂ
ਮਾਂ ਤਾਂ ਹੈ ਰੱਬ ਦਾ ਨਾਂ


——————–
ਕੁਦਰਤ ਦੀ ਕਵਿਤਾ
——————–
ਇੰਦਰਜੀਤ ਨੰਦਨ

ਮਾਂ
ਸਾਹ ਦਾ ਸਾਹ ਨਾਲ ਬੰਧਨ
ਨਾੜੂ ਨਾਲ
ਰਿਜ਼ਕ ਦਾ ਰਿਸ਼ਤਾ
ਹੌਲੀ ਹੌਲੀ ਹੋਏ ਵਿਕਾਸ
ਇਕ ਸ੍ਰਿਸ਼ਟੀ ਇਕ ਕਇਨਾਤ
ਮਾਂ ਦੇ ਅੰਦਰ
ਜਿਉਂ ਪੂਰਨ ਬ੍ਰਹਿਮੰਡ

ਗਰਭ ਤੋਂ ਬਾਹਰ
ਮਾਂ ਦੀ ਹਿੱਕ
ਮਾਂ ਦੀ ਗੋਦ
ਇਕ ਸੁਰੱਖਿਆ
ਇਕ ਹੋਂਦ
ਮਾਂ ਹੀ ਜਾਪੇ ਪੂਰਨ ਸੰਸਾਰ

ਮਾਂ ਦੀ ਲੋਰੀ ਬਣੇ ਸੰਗੀਤ
ਜੁੜੇ ਨਾਤਾ
ਸੁਰ ਦੇ ਨਾਲ
ਮਾਂ ਦੀ ਅਵਾਜ਼
ਜਿਉਂ ਅਨਹਦ-ਨਾਦ…

ਅਜਬ ਦੁਨੀਆਂ ਰੰਗ ਬਿਰੰਗੀ
ਰਿਸ਼ਤੇ ਨਾਤੇ, ਭੁੱਲ ਭੁਲੇਖੇ
ਬਾਹਰੀ ਸੰਸਾਰ
ਅੱਖਾਂ ਅੱਗੇ ਖੁੱਲ੍ਹਦਾ ਜਾਏ
ਮਾਂ ਹੈ ਪ੍ਰਥਮ ਗੁਰੂ
ਹਰ ਰਹੱਸ ਤੋਂ ਪਰਦਾ ਚੁੱਕੀ ਜਾਏ…

ਮਾਂ ਇਕ ਸੰਪੂਰਣ ਰਚਨਾ
ਮਾਂ ਜਿਉਂ
ਕੁਦਰਤ ਦੀ ਕਵਿਤਾ
ਰੋਮ ਰੋਮ ਚ ਭਰਕੇ ਮਮਤਾ
ਖੁਦ ਵੀ ਕਵਿਤਾ ਰਚਦੀ ਜਾਏ


———————
ਪਰਵਾਸੀ
———————
ਜਸਵੰਤ ਜ਼ਫਰ

ਤੱਕਦਾਂ ਜਦ ਸਵੇਰੇ
ਸੜਕ ਕਿਨਾਰੇ
ਮਜ਼ਦੂਰਨਾ ਲੀੜਿਆਂ ਸਣੇ ਨਹਾਉਂਦੀਆਂ
ਬੇਸਾਈਜ਼ੇ ਪੁਰਾਣੇ ਪੰਜਾਬੀ ਸੂਟ ਪਾ
ਘਰੀਂ ਸਫਾਈਆਂ ਕਰਨ ਜਾਂਦੀਆਂ
ਖੁਲ੍ਹੇ ਕਮੀਜ਼ ਲੰਮੀਆਂ ਸਲਵਾਰਾਂ
ਪੈਰਾਂ ‘ਚ ਫਸਦੇ ਪੌਂਚੇ

——
ਪਰਦੇਸ ‘ਚ ਰੁਜ਼ਗਾਰ ਕਮਾਉਂਦੀ
ਮਾਂ ਯਾਦ ਆਉਂਦੀ


———————
ਮਮਤਾ
———————
ਚਰਨਜੀਤ ਮਾਨ

ਅਫਰੀਕਾ ਦੇ ਜੰਗਲਾਂ ਵਿਚ
ਲੰਗੂਰ ਦੀ ਇਕ ਕਿਸਮ
ਜਦੋਂ ਬੱਚਾ ਮਰ ਜਾਂਦਾ ਹੈ
ਤਾਂ ਮਾਂ ਚੁੱਕੀ ਫਿਰਦੀ ਹੈ
ਬੇਜਾਨ ਕਰੰਗ ਨੂੰ
ਕਈ ਕਈ ਹਫਤਿਆਂ ਤਾਂਈਂ
ਮਮਤਾ ਦੀ ਹਿੱਕ ਨਾਲ ਲਾਈ
ਕੀ ਜਾਨਵਰਾਂ ‘ਚ ਮਮਤਾ ਨਹੀਂ ਹੁੰਦੀ ?
ਯਾਦ ਹੈ ਹੁਣ ਵੀ
ਜਦੋਂ ਨਵੀਂ ਸੂਈ ਮੱਝ ਦਾ
ਕਟੜਾ ਮਰ ਗਿਆ ਸੀ
ਕੁਝ ਦਿਨਾਂ ਦੇ ਸਾਹ ਭੋਗ,
ਤੇ ਕਿੱਲੇ ਬੱਝੀ ਮਾਂ
ਅੜਿੰਗਦੀ ਰਹੀ ਸੀ ਕਈ ਦਿਨ
ਇਕ ਵੈਣ ਹੋ ਕੇ,
ਤੇ ਅੱਖਾਂ ਚ ਝਾਕਦੀ ਰਹੀ ਸੀ
ਮਮਤਾ ਆਸ ਬਣ ਕੇ ਇਕ,
ਮੂੰਹ ਚੁੱਕੀ ਵੇਖਦੀ
ਬਾਹਰਲੀਆਂ ਖੁਰਲੀਆਂ ਵਲ ਨੂੰ
ਤੇ ਮੂਹਰੇ ਪਿਆ ਹਰਾ ਘਾਅ
ਪਿਲੱਤਣ ਗਿਆ ਸੀ
ਖਾਧੇ ਬਿਨ

ਗਿਰਜੇ ਵਿਚ ਬਾਲ ਈਸਾ
ਮਰਿਅਮ ਦੀ ਗੋਦ ਵਿਚ ਮੁਸਕਰਾਂਦਾ
ਜਮਨਾ ਕਿਨਾਰੇ ਖੜੀ
ਯਸ਼ੋਦਾ ਦੀ ਹੂਕ
ਨਟਖਟ ਕ੍ਰਿਸ਼ਨ ਲਈ
ਰਾਜਾ ਗੋਪੀ ਚੰਦ ਨੂੰ ਯੋਗ ਦੀ ਤਾਕੀਦ
ਮਾਂ ਮੈਨਾਵਤੀ ਦੀ
ਕਿ ਜਨਮ-ਜਨਮ ਸੰਵਰ ਜਾਣ
ਪੁੱਤਰ ਦੇ,
ਠੰਡੇ ਬੁਰਜ ਵਿਚ ਮਾਂ ਗੁਜਰੀ ਦੀ
ਦੁਆ ਸਾਬਤ-ਕਦਮੀ ਲਈ
ਸਿੱਖੀ ਦੀਆਂ ਕਲੀਆਂ ਨੂੰ,
ਤੇ ਹੰਝੂਆਂ ਵਿਚ ਚਮਕਦੀ ਭਾਅ
ਮਮਤਾ ਦੇ ਦੁੱਧ ਦੇ ਮਾਣ ਦੀ
ਭਗਤ ਸਿੰਘ ਦੀ ਮਾਂ ਦੇ

ਹਰ ਰੰਗ ਹੈ ਮਮਤਾ,
ਬਹਾਰ ਦਾ,
ਪੁੰਗਰਦੀਆਂ ਲਗਰਾਂ ਲਈ
ਆਪਣੀ ਕੁੱਖ ਦੀਆਂ


———————-
ਮਾਂ ਦਾ ਰੱਬ
———————-
ਸਿਮਰਤ ਗਗਨ

ਗੋਦ ਭਰੀ ਭਾਗਭਰੀ ਦੀ
ਗੋਦ ‘ਚ ਹੱਸਦਾ
ਨਿੱਕਾ ਜਿਹਾ ਰੱਬ
ਟੇਰਦਾ ਬੁੱਲ੍ਹੀਆਂ
ਬੋਲਦੀਆਂ ਅੱਖੀਆਂ
ਪਛਾਣਦਾ ਖੁ਼ਸ਼ਬੂ
ਆਪਣੀ ਛਾਂ ਦੀ, ਮਾਂ ਦੀ
ਨਿੱਕਾ ਜਿਹਾ ਰੱਬ…
ਰੇਸ਼ਮੀ ਨੀਂਦ ਵਿੱਚ
ਸ਼ਹਿਦ ਰੰਗੇ ਖ਼ਾਬ
ਕਰੇ ਵਿਧ ਮਾਤਾ ਨਾਲ ਗੱਲਾਂ
ਵੇਖਦੀ ਦੁੱਧਭਰੀ
ਚੜ੍ਹੀਆਂ ਦੁੱਧ ਦੀਆਂ ਛੱਲਾਂ
ਨਿੱਕਾ ਜਿਹਾ ਰੱਬ…
ਬੇ-ਅਰਥ ਜੀਣੇ ਦਾ
ਕਿੰਨਾ ਮਾਸੂਮ ਸਬੱਬ
ਗੋਦ ‘ਚ ਹੱਸਦਾ
ਤੇਰਾ ਤੇ ਮੇਰਾ
ਨਿੱਕਾ ਜਿਹਾ ਰੱਬ

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Comments

One response to “ਮਾਂ ਕਵਿਤਾਵਾਂ – Punjabi Poetry about Mother”

  1. ਵਿਨੋਦ Avatar

    ਬਹੁਤ ਹੀ ਸੁੰਦਰ ਸ਼ਬਦਾਂ ਇਹ ਮਾਂ ਦੀਆਂ ਕਵਿਤਾਵਾਂ
    ਸੱਚ ਕਿਹਾ ਹੈ ਕਿਸੇ ਨੇ ਮਾਵਾਂ ਠੱਡੀਆਂ ਛਾਵਾਂ
    ਦੁਨੀਆ ਦੀਆ ਸਾਰੀਆ ਮਾਵਾਂ ਨੂੰ ਪ੍ਰਣਾਮ

Leave a Reply

This site uses Akismet to reduce spam. Learn how your comment data is processed.


Posted

in

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com