Punjabi Story । ਜ਼ਖ਼ਮ । ਜਿੰਦਰ । Jinder

punjabi writer kahaanikaar jinder zakham

ਜਿੰਦਰ, ਕਹਾਣੀਕਾਰ

www.lafzandapul.com

‘‘ਮੈਨੂੰ ਤਾਂ ਐਡੀ ਦੂਰੋਂ ਸੰਵਾਰ ਕੇ ਨ੍ਹੀਂ ਦਿੱਸਦਾ,’’ ਤਾਇਆ ਜੀ ਨੇ ਆਪਣੀ ਖੁੂੰਡੀ ਨੂੰ ਹੱਥ ਪਾ ਕੇ ਉੱਠਦਿਆਂ ਹੋਇਆਂ ਕਿਹਾ ਸੀ। ਉਹ ਟੀਵੀ ਤੋਂ ਦੋ ਕੁ ਫੁੱਟ ਦੂਰ, ਬਿਲਕੁਲ ਸਾਹਮਣੇ, ਪੈਰਾਂ ਭਾਰ ਜਾ ਬੈਠੇ ਸਨ। ਮੈਂ ਆਪ ਕੁਰਸੀ ਚੁੱਕ ਕੇ ਉਨ੍ਹਾਂ ਦੇ ਕੋਲ ਲੈ ਗਿਆ ਸੀ। ਮਲੋਜ਼ੋਰੀ ਉਨ੍ਹਾਂ ਨੂੰ ਕੁਰਸੀ ’ਤੇ ਬੈਠਾਇਆ ਸੀ। ਉਹ ਆਪਣੀ ਹੀ ਧੁੰਨ ’ਤੇ ਸਵਾਰ ਹੋਏ ਬੋਲੀ ਗਏ ਸਨ, ‘‘ਪੁੱਤ, ਕੋਈ ਨਾ। ਕੋਈ ਨਾ। ਮੈਂ ਐਦਾਂ ਹੀ ਬੈਠਦਾ ਹੁੰਨਾਂ। ਫਿਲਮ ਸੋਹਣੀ ਆ। ਮੈਨੂੰ ਸੰਵਾਰ ਕੇ ਦੇਖਣ ਦੇ। ਮੈਂ ਕਿਹੜਾ ਬਾਹਰਲਾ ਬੰਦਾ। ਮੇਰਾ ਆਪਣਾ ਘਰ ਆ। ਮੈਂ ਜਿਵੇਂ ਮਰਜ਼ੀ ਬੈਠਾਂ।’’

ਮੈਂ ਕਿਹਾ ਸੀ, ‘‘ਫਿਲਮ ਦਾ ਕੀ ਆ। ਮੈਂ ਫੇਰ ਮੁੱਢ ਤੋਂ ਚਲਾ ਦੇਣਾਂ।’’
ਡਰਾਇੰਗ ਰੂਮ ’ਚ ਪਿਆ ਬੱਤੀ ਇੰਚੀ ਐਲ. ਸੀ. ਡੀ. ਸਾਡੇ ਤੋਂ ਦੱਸ ਕੁ ਫੁੱਟ ਦੂਰ ਸੀ। ਅਸੀਂ ਵੀ ਮੇਜ਼, ਸੋਫੇ ਨੂੰ ਖਿੱਚ ਕੇ ਉਨ੍ਹਾਂ ਕੋਲ ਆ ਬੈਠੇ ਸੀ।
ਉਹ ਮੱਥੇ ’ਤੇ ਹੱਥ ਦਾ ਉਹਟਾ ਜਿਹਾ ਬਣਾ ਕੇ, ਇਕਾਗਰਚਿਤ ਹੋਏ ਫਿਲਮ ਦੇਖ ਰਹੇ ਸਨ। ਉਨ੍ਹਾਂ ਸੱਜੀ ਲੱਤ  ਖੱਬੀ ’ਤੇ ਰੱਖੀ ਹੋਈ ਸੀ। ਉਨ੍ਹਾਂ ਨੇ ਧੋਤੀ ਲਾਈ ਸੀ। ਉਹ ਵਾਰ-ਵਾਰ ਸੱਜੇ ਗਿੱਟੇ ਉਪਰ ਦੀ ਥਾਂ ’ਤੇ ਖਾਜ ਕਰ ਰਹੇ ਸਨ। ਫੇਰ ਉਨ੍ਹਾਂ ਨੇ ਗਿੱਟੇ ਉਪਰੋਂ ਦੀ ਖਾਜ ਕਰਦਿਆਂ-ਕਰਦਿਆਂ ਆਪਣਾ ਹੱਥ ਗੋਡੇ ਦੀ ਖੁੱਚ ਕੋਲ ਲਿਆਂਦਾ ਤਾਂ ਮੈਂ ਉਨ੍ਹਾਂ ਦਾ ਜ਼ਖ਼ਮ ਦੇਖ ਕੇ ਅਚੰਬਿਤ ਹੋ ਗਿਆ ਸੀ। ਗਿੱਟੇ ਕੋਲ ਦਾ ਜ਼ਖ਼ਮ ਤਾਂ ਮੈਂ, ਜਦੋਂ ਉਹ ਆ ਕੇ ਬੈਠੇ ਹੀ ਸਨ, ਉਦੋਂ ਹੀ ਦੇਖ ਲਿਆ ਸੀ। ਸ਼ਾਇਦ ਪਹਿਲਾਂ ਵੀ ਕਦੇ ਦੇਖਿਆ ਹੋਵੇਗਾ। ਇਸ ਬਾਰੇ ਪੱਕਾ ਨਹੀਂ ਯਾਦ। ਪਰ ਇਹ ਜ਼ਖਮ ਐਨਾ ਵੱਡਾ ਤੇ ਡੂੰਘਾ ਹੋਵੇਗਾ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਜਿਵੇਂ ਕਿਸੇ ਤੂਤ ਦੇ ਦਰੱਖਤ ਦੇ ਤਣੇ ’ਚ ਖੋੜ ਜਿਹੀ ਬਣੀ ਹੁੰਦੀ ਹੈ, ਹੇਠਾਂ ਤੋਂ ਲੈ ਕੇ ਟਾਹਣਿਆਂ ਤੱਕ, ਠੀਕ ਉਵੇਂ ਦਾ ਉਨ੍ਹਾਂ ਦਾ ਇਹ ਜ਼ਖਮ ਸੀ। ਕਈ ਥਾਵਾਂ ਤੋਂ ਪੀਕ ਵਰਗਾ ਕੁਝ-ਕੁਝ ਰਿਸ ਰਿਹਾ ਸੀ। ਮੈਨੂੰ ਕਚਿਆਣ ਜਿਹੀ ਆਈ ਸੀ। ਸ਼ਾਇਦ ਮੇਰੇ ਨਾਲ ਬੈਠੇ ਦੋਸਤਾਂ ਨੂੰ ਵੀ ਆਈ ਹੋਵੇਗੀ। ਫੇਰ ਮੈਂ ਸੋਚਿਆ ਸੀ ਕਿ ਕੀ ਪਤਾ ਉਨ੍ਹਾਂ ਦਾ ਇਸ ਪਾਸੇ ਧਿਆਨ ਹੀ ਨਾ ਗਿਆ ਹੋਵੇ। ਮੇਰੀਆਂ ਨਜ਼ਰਾਂ ਹੀ ਉਸ ’ਤੇ ਕੇਂਦਰਤ ਹੋਈਆਂ ਹੋਣ। ਮੈਂ ਆਪ ਚਾਹੁੰਦਾ ਸੀ ਕਿ ਉਹ ਉਨ੍ਹਾਂ ਦੇ ਜ਼ਖਮ ਨੂੰ ਨਾ ਦੇਖਣ।
ਉਨ੍ਹਾਂ  ਨੇ ਆਪਣੀ ਧੋਤੀ ਫੇਰ ਤੋਂ ਗਿੱਟੇ ਤੱਕ ਫੈਲਾ ਲਈ ਸੀ। ਇਸ ਡਰ ਤੋਂ ਕਿ ਕਿਤੇ ਕੋਈ ਮੱਖੀ ਨਾ ਆ ਬੈਠੇ। ਚਾਰ ਚੁਫੇਰੇ ਤੋਂ ਬੇਫਿਕਰ, ਉਹ ਫਿਲਮ ਦੇਖਣ ’ਚ ਮਦਮਸਤ ਸਨ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਸੀ ਕਿ ਕੈਮਰਾਮੈਨ ਨੇ ਕਦੋਂ ਉਨ੍ਹਾਂ ਦੇ ਕੁੜਤੇ ’ਤੇ ਮਾਇਕ ਚਿਪਕਾ ਦਿੱਤਾ ਸੀ। 
****


ਅਸੀਂ ਦੋ ਘੰਟਿਆਂ ਤੋਂ ਉਨ੍ਹਾਂ ਦਾ ਇੰਤਜ਼ਾਰ ਕੀਤਾ ਸੀ। ਕਈ ਛੋਟੇ-ਛੋਟੇ ਪੈੱਗ ਸਿੱਪ ਕੀਤੇ ਸੀ। ਅਸੀਂ ਯਾਨੀਕਿ ਚਾਰ ਦੋਸਤ। ਮੈਂ ਉਰਫ ਜਗਮੋਹਣ ਗੋਗਨਾ, ਮਾਨਵ ਸ਼ਾਸਤਰ ਦਾ ਪ੍ਰੋਫੈਸਰ, ਸਟੇਟ ਯੂਨੀਵਰਸਿਟੀ ਆਫ ਨਿਊਯਾਰਕ, ਬਿਨਘੰਟਨ ਤੋਂ ਸਮਾਜ ਸ਼ਾਸਤਰ ਵਿਭਾਗ ਦਾ ਮੁਖੀ, ਪ੍ਰੋ. ਖ਼ਾਲਿਦ ਜਾਵੇਦ, ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਡਾ. ਜਸਪਾਲ ਕਲੇਰ ਜਿਸ ਨੇ ਪੁਰਾਤਨ ਏਸ਼ੀਅਨ ਇਤਿਹਾਸ ’ਤੇ ਕਈ ਖੋਜ ਪੱਤਰ ਲਿਖੇ ਸਨ ਤੇ ਦਿੱਲੀ ਤੋਂ ਆਇਆ ਕੈਮਰਾਮੈਨ ਹਰੀ ਭਟਨਾਗਰ।
ਪ੍ਰੋ. ਜਾਵੇਦ ਦਾ ਪਿੰਡ ਕਸੂਰ ਦੇ ਨੇੜੇ ਪੈਂਦਾ ਸੀ। ਉਸ ਦੇ ਮਾਂ-ਪਿਓ ਨੂਰਮਹਿਲ ਤੋਂ ਉੱਜੜ ਕੇ ਉੱਧਰ ਗਏ ਸਨ। ਉਸ ਦੀਆਂ ਦੋ ਚਾਚੀਆਂ, ਤਿੰਨ ਭੂਆ ਮਾਰੀਆਂ ਗਈਆਂ ਸਨ। ਉਸ ਦੀ ਇਕ ਚਾਚੀ ਨੇ ਦੱਸਿਆ ਸੀ ਕਿ ਬੱਚਿਆਂ ਨੂੰ ਬਚਾਉਣ ਲਈ ਪਿਛਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਬਾਰਾਂ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਾ ਸੀ ਕਿ ਉਹ ਜਿਊੁਂਦੇ ਸਨ ਜਾਂ ਕਿ ਕਤਲ ਕਰ ਦਿੱਤੇ ਸਨ। ਉਸ ਦੇ ਬਾਬੇ ਦਾ ਕਹਿਣਾ ਸੀ ਕਿ ਸ਼ਾਇਦ ਕਿਸੇ ਨੇ ਤਰਸ ਖਾ ਕੇ ਬੱਚਿਆਂ ਨੂੰ ਨਾ ਮਾਰਿਆ ਹੋਵੇ। ਉਨ੍ਹਾਂ ਦਾ ਧਰਮ ਬਦਲ ਦਿੱਤਾ ਹੋਵੇ। ਉਹਦੇ ਬਾਬੇ ਨੇ ਦੋ ਸਾਲਾਂ ਬਾਅਦ ‘ਆਪਣੇ ਘਰ ’ਚ ਰਹਿਣ ਵਾਲੇ’ ਦੇ ਨਾਂ ਖ਼ਤ ਲਿਖ ਕੇ ਇਹਨਾਂ ਬੱਚਿਆਂ ਬਾਰੇ ਪੁੱਛਿਆ ਸੀ ਪਰ ਅੱਗੋਂ ਉਹਨੂੰ ਕੋਈ ਜਵਾਬ ਨਹੀਂ ਮਿਲਿਆ ਸੀ।
ਹੁਣ ਜਾਵੇਦ ਇਨ੍ਹਾਂ ਬੱਚਿਆਂ ਦੀ ਭਾਲ ਲਈ ਮੇਰੇ ਨਾਲ ਆਇਆ ਸੀ। ਉਹਨੂੰ ਯਕੀਨ ਸੀ ਕਿ ਇਨ੍ਹਾਂ’ਚੋਂ ਕੋਈ ਨਾ ਕੋਈ ਅਵੱਸ਼ ਹੀ ਜਿਊਂਦਾ ਹੋਵੇਗਾ। ਜੇ ਅੱਠ ਸਾਲਾ ਰਜਾ ਅਲੀ ਜਿਊਂਦਾ ਹੋਇਆ ਤਾਂ ਉਸ ਕੋਲੋਂ ਕਈ ਕੁਸ਼ ਪਤਾ ਚੱਲ ਸਕਦਾ ਸੀ।
‘‘ਉਹਨੂੰ ਕਹਿੰਦੇ ਆ ਨੂਰਮਹਿਲ ਦੀ ਸਰਾਂ,’’ ਮੈਂ ਸਾਹਮਣੇ ਵੱਲ ਦੇਖਦਿਆਂ ਹੋਇਆਂ ਦੱਸਿਆ ਸੀ।
ਪ੍ਰੋ. ਜਾਵੇਦ ਕਾਰ ’ਚੋਂ ਉਤਰਿਆ ਸੀ। ਉਹਨੇ ਬੜੀ ਰੀਝ ਨਾਲ ਸਰਾਂ ਵੱਲ ਦੇਖਿਆ ਸੀ। ਕਿਹਾ ਸੀ, ‘‘ਹੁਣ ਤੁਸੀਂ ਮੇਰੇ ਮਗਰ ਮਗਰ ਆਓ। ਮੈਂ ਆਪਣੇ ਵਡੇਰਿਆਂ ਦਾ ਘਰ ਆਪੇ ਹੀ ਲੱਭ ਲਵਾਂਗਾ।’’ ਉਹ ਮੇਰੇ ਤੋਂ ਅੱਗੇ ਅੱਗੇ ਹੋ ਕੇ ਤੁਰ ਪਿਆ ਸੀ। ਦੋ ਕੁ ਪਲਾਂ ਲਈ ਉਹ ਦੋਚਿੱਤੀ ’ਚ ਪਿਆ ਸੀ। ‘‘ਬਾਜ਼ਾਰ ਨੂੰ ਦੋ ਰਾਹ ਜਾਂਦੇ। ਇੱਕ ਅੱਡੇ ਵਾਲੇ ਪਾਸਿਓਂ। ਇੱਕ ਅੱਡੇ ਤੇ ਸਰਾਂ ਦੇ ਵਿਚਕਾਰੋਂ ਦੀ। ਆਹ ਰਾਹ ਠੀਕ ਰਹੇਗਾ।’’ ਉਹ ਖੱਬੇ ਪਾਸੇ ਨੂੰ ਮੁੜਿਆ ਸੀ। ਮੈਂ ਉਹਨੂੰ ਰੋਕਿਆ ਸੀ, ‘‘ਅਗਾਂਹ ਵਾਲਾ ਰਾਹ ਵੀ ਠੀਕ ਰਹੂ।’’ ‘‘ਨ੍ਹੀਂ-ਪਲੀਜ਼ ਮੈਨੂੰ ਡਿਸਟਰਬ ਨਾ ਕਰੋ। ਮੈਂ ਆਪਣੇ ਕਦਮਾਂ ਦੀ ਗਿਣਤੀ ਕਰ ਰਿਹਾਂ।’’ ਫੇਰ ਉਹਨੇ ਦੱਸਣਾ ਸ਼ੁਰੂ ਕੀਤਾ ਸੀ, ‘‘ਇੱਥੋਂ ਸੰਤਾਲੀ ਕਦਮ ਅੱਗੇ ਜਾ ਕੇ ਸੱਜੇ ਹੱਥ ਮੁੜਨਾ ਆ। ਫੇਰ ਇਕ ਸੌ ਤੇਈ ਕਦਮਾਂ ਤੇ ਬੋਹੜ ਆਵੇਗਾ। ਬੋਹੜ ਹੇਠਾਂ ਲਲਾਰੀ ਬੈਠਾ ਹੋਵੇਗਾ। ਖੌਰੇ ਉਹ ਹੁਣ ਨਾ ਹੋਵੇ। ਉਥੋਂ ਖੱਬੇ ਹੱਥ ਮੁੜਨਾ ਆ। ਪੰਚਾਸੀ ਕਦਮ ਅਗਾਂਹ ਜਾ ਕੇ ਖੱਬੇ ਹੱਥ ਮੁੜਾਂਗੇ। ਬਾਜ਼ਾਰ ਖ਼ਤਮ ਹੋ ਜਾਵੇਗਾ। ਦੱਸ ਕਦਮਾਂ ਤੇ ਚੜ੍ਹਾਈ ਆਵੇਗੀ। ਪੰਦਰਾਂ ਕਦਮ ਹੇਠਾਂ ਨੂੰ ਜਾਣਾ ਪਵੇਗਾ। ਫੇਰ ਖੱਬੇ ਹੱਥ ਮੁੜਾਂਗੇ। ਬਵੰਜਾ ਕਦਮ ਜਾ ਕੇ ਖੂਹੀ ਆਵੇਗੀ। ਇੱਥੋਂ ਬਾਰਾਂ ਕਦਮਾਂ ਤੇ ਖੱਬੇ ਪਾਸੇ ਤੇ ਮੇਰੇ ਵਡੇਰਿਆਂ ਦਾ ਕਦੇ ਘਰ ਹੁੰਦਾ ਸੀ।’’
ਅਸੀਂ ਠੀਕ ਉਸ ਘਰ ਅੱਗੇ ਚਲੇ ਗਏ ਸੀ। ਮੈਂ ਉਹਨੂੰ ਛੇੜਿਆ ਸੀ, ‘‘ਬੜਾ ਹਿਸਾਬ ਰੱਖਿਆ।’’
‘‘ਇਹ ਹਿਸਾਬ ਮੈਂ ਨ੍ਹੀਂ ਰੱਖਿਆ। ਮੇਰੇ ਗਰੈਂਡ ਫਾਦਰ ਨੇ ਰੱਖਿਆ ਹੋਇਆ ਸੀ। ਉਹ ਦੂਜੇ ਚੌਥੇ ਦਿਨ ਆਪਣੇ ਘਰ ਨੂੰ ਯਾਦ ਕਰਦੇ ਰਹਿੰਦੇ ਸੀ। ਇੱਥੇ ਮੇਰੇ ਵਡੇਰਿਆਂ ਦੀਆਂ ਜੜ੍ਹਾਂ ਨੇ। ਮੈਨੂੰ ਲੱਗਦਾ ਆ ਕਿ ਖੌਰੇ ਮੇਰੀਆਂ ਵੀ ਇੱਥੇ ਜੜ੍ਹਾਂ ਨੇ। ਫਿਜ਼ੀ ’ਚ ਭਾਰਤੀ ਸੋਚਦੇ ਨੇ ਕਿ ਜਿੱਥੇ ਉਹਨਾਂ ਦੇ ਵਡੇਰਿਆਂ ਦਾ ਨੜੂਆ ਨੱਪਿਆ ਹੁੰਦਾ ਉਥੇ ਹੀ ਉਨ੍ਹਾਂ ਦੀਆਂ ਜੜ੍ਹਾਂ ਹੁੰਦੀਆਂ ਨੇ। ਇਸ ਗੱਲ ਦੀ ਮੈਨੂੰ ਹੁਣ ਸਮਝ ਲੱਗੀ ਆ।’’
****


ਮੇਰੀ ਉਸ ਨਾਲ ਮੁਲਾਕਾਤ ਔਕਸਫੋਰਡ ਯੂਨੀਵਰਸਿਟੀ, ਇੰਗਲੈਂਡ ’ਚ ਇਕ ਸੈਮੀਨਾਰ ਦੌਰਾਨ ਹੋਈ ਸੀ। ਇਸ ਸੈਮੀਨਾਰ ਦਾ ਵਿਸ਼ਾ ਸੀ : ਇੰਡੋ-ਪਾਕਿ ਵੰਡ ਵਿੱਚ ਨਹਿਰੂ ਤੇ ਜਿਨਾਹ ਦਾ ਰੋਲ : ਸਾਈਕੋਏਨਾਲੈਟਿਕ ਅਧਿਐਨ। ਜਿਸ ਹੋਟਲ ਵਿੱਚ ਸਾਨੂੰ ਠਹਿਰਾਇਆ ਗਿਆ ਸੀ ਉਸ ਵਿੱਚ ਮੇਰਾ ਕਮਰਾ ਪ੍ਰੋ. ਜਾਵੇਦ ਦੇ ਨਾਲ ਲੱਗਦਾ ਸੀ। ਦੋ ਤਿੰਨ ਮੁਲਾਕਾਤਾਂ ਬਾਅਦ ਅਸੀਂ ਆਪਸ ਵਿੱਚ ਘੁਲ ਮਿਲ ਗਏ ਸੀ। ਸਾਨੂੰ ਲੱਗਿਆ ਹੀ ਨਹੀਂ ਸੀ ਕਿ ਅਸੀਂ ਪਹਿਲੀ ਵਾਰ ਮਿਲੇ ਸੀ। ਅਸੀਂ ਆਪਣੀ ਭਾਸ਼ਾ ਵਿੱਚ ਗੱਲਾਂ ਕੀਤੀਆਂ ਸਨ। ਜਦੋਂ ਮੈਂ ਉਸ ਨੂੰ ਆਪਣੇ ਸ਼ਹਿਰ ਨੂਰਮਹਿਲ ਬਾਰੇ ਦੱਸਿਆ ਸੀ ਤਾਂ ਉਸ ਕਿੰਨਾ ਹੀ ਚਿਰ ਜੱਫੀ ਪਾਈ ਰੱਖੀ ਸੀ। ਫੇਰ ਮੇਰਾ ਹੱਥ ਘੁਟਦਿਆਂ ਕਿਹਾ ਸੀ, ‘‘ਮੈਨੂੰ ਮੇਰੇ ਵਡੇਰਿਆਂ ਦੀ ਭੌਂਅ ਦਾ ਬੰਦਾ ਮਿਲ ਗਿਆ। ਖੌਰੇ ਮੇਰਾ ਕੰਮ ਸੌਖਾ ਹੋ ਜਾਵੇ।’’ ਮੇਰੇ ਕਈ ਵਾਰ ਪੁੱਛਣ ’ਤੇ ਵੀ ਉਸ ਆਪਣੇ ਕੰਮ ਬਾਰੇ ਕੁਝ ਨਹੀਂ ਦੱਸਿਆ ਸੀ। ਬੱਸ ਕਿਹਾ ਸੀ, ‘‘ਜਿਗਰਾ ਰੱਖ। ਮੈਂ ਤਾਂ ਹਰ ਰੋਜ਼ ਤੇਰੀ ਸੰਗਤ ਮਾਨਣੀ ਆ।’’ ਜਲਦੀ ਹੀ ਸਾਡੇ ਨਾਲ ਡਾ. ਕਲੇਰ ਵੀ ਆ ਰਲਿਆ ਸੀ।
ਇਹ ਸੈਮੀਨਾਰ ਇਕ ਹਫਤੇ ਦਾ ਸੀ।
ਤੀਜੇ ਦਿਨ ਦੂਜੇ ਸੈਸ਼ਨ ਵਿੱਚ ਕਾਂਗਰਸ ਪ੍ਰਧਾਨ ਕ੍ਰਿਪਾਲਾਨੀ ਦਾ ਕਾਂਗਰਸ ਅਧਿਵੇਸ਼ਨ ’ਚ ਦਿੱਤਾ ਗਿਆ ਭਾਸ਼ਨ ਬਹਿਸ ਦਾ ਮੁੱਦਾ ਬਣਿਆ ਸੀ, ‘‘ਮੈਂ ਕੁਝ ਦੰਗਾ ਪੀੜਤ ਇਲਾਕਿਆਂ ਤੋਂ ਆਇਆ ਹਾਂ। ਇਕ ਜਗ੍ਹਾ ਮੈਂ ਇਕ ਖੂਹ ਦੇਖਿਆ ਜਿਸ ਵਿੱਚ ਔਰਤਾਂ ਨੇ ਆਪਣੇ ਬੱਚਿਆਂ ਸਮੇਤ  ਛਾਲ ਮਾਰ ਕੇ ਆਪਣੀ ਜਾਨ ਬਚਾਈ ਸੀ। ਇਕ ਹੋਰ ਜਗ੍ਹਾ ਇਕ ਮੰਦਰ ਵਿੱਚ ਬੰਦਿਆਂ ਨੇ ਇਸੇ ਕਾਰਨ ਪੰਜਾਹ ਮੁਟਿਆਰਾਂ ਨੂੰ ਮਾਰ ਸੁੱਟਿਆ। ਇਕ ਘਰ ਵਿੱਚ ਮੈਂ ਹੱਡੀਆਂ ਦੇ ਢੇਰ ਦੇਖੇ ਜਿੱਥੇ 107 ਵਿਅਕਤੀ, ਜਿਨ੍ਹਾਂ ਵਿੱਚ ਵਧੇਰੇ ਇਸਤਰੀਆਂ ਤੇ ਬੱਚੇ ਸੀ, ਹਮਲਾਵਰਾਂ ਨੇ ਘੇਰ ਕੇ ਇਕ ਘਰ ਵਿੱਚ ਬੰਦ ਕਰ ਦਿੱਤੇ। ਫੇਰ ਜਿਉਂਦੇ ਸਾੜ ਦਿੱਤੇ। ਕੁਝ ਮੈਂਬਰਾਂ ਨੇ ਸਾਡੇ ਤੇ ਦੋਸ਼ ਲਾਇਆ ਕਿ ਅਸੀਂ ਡਰ ਦੇ ਮਾਰਿਆਂ ਇਹ ਫੈਸਲਾ ਕੀਤਾ ਹੈ। ਮੈਂ ਇਸ ਦੇ ਸੱਚ ਨੂੰ ਸਵੀਕਾਰ ਕਰਦਾ ਹਾਂ ਪਰ ਉਸ ਅਰਥ ਵਿੱਚ ਨਹੀਂ ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਹੈ। ਇਹ ਡਰ ਪ੍ਰਾਣਹਾਨੀ ਦਾ ਜਾਂ ਵਿਧਵਾਵਾਂ ਤੇ ਅਨਾਥਾਂ ਦੇ ਰੁਦਨ ਦਾ ਜਾਂ ਅਨੇਕਾਂ ਘਰਾਂ ਦੇ ਸਾੜੇ ਜਾਣ ਦਾ ਨਹੀਂ ਹੈ। ਡਰ ਇਹ ਹੈ ਕਿ ਅਸੀਂ ਐਦਾਂ ਹੀ ਕਰਦੇ ਰਹੇ, ਇਕ ਦੂਜੇ ਤੋਂ ਬਦਲਾ ਲੈਂਦੇ ਰਹੇ ਤੇ ਅਪਮਾਨ ਤੇ ਅਪਮਾਨ ਕਰਦੇ ਰਹੇ ਤਾਂ ਆਖਰ ਸਾਡੀ ਸਥਿਤੀ ਮਾਨਵ ਭਕਸ਼ੀਆਂ ਵਰਗੀ ਤੇ ਉਸ ਤੋਂ ਬੁਰੀ ਹੋ ਜਾਵੇਗੀ। ਇਨ੍ਹਾਂ ਦੁਖੀ ਪ੍ਰਸਥਿਤੀਆਂ ’ਚ ਮੈਂ ਭਾਰਤ ਦੀ ਵੰਡ ਦਾ ਸਮਰਥਨ ਕੀਤਾ ਹੈ।’’


ਜਰਮਨੀ ਤੋਂ ਆਏ ਡਾ. ਸਪੈਨਸਰ ਨੇ ਕਿਸੇ ਪੁਸਤਕ ’ਚੋਂ ਸ. ਪਟੇਲ ਦੇ ਵਿਚਾਰ ਪੜ੍ਹ ਕੇ ਸੁਣਾਏ ਸਨ, ‘‘ਕਾਂਗਰਸ ਪਾਕਿਸਤਾਨ ਦੇ ਵਿਰੁੱਧ ਹੈ, ਫੇਰ ਵੀ ਸਦਨ ਦੇ ਸਾਹਮਣੇ ਜੋ ਪ੍ਰਸਤਾਵ ਹੈ, ਇਹ ਵੰਡ ਨੂੰ ਸਵੀਕਾਰ ਕਰਦਾ ਹੈ। ਮਹਾਸਮਿਤੀ ਇਸ ਨੂੰ ਪਸੰਦ ਕਰੇ ਜਾਂ ਨਾ ਕਰੇ ਅਸਲ ਵਿੱਚ ਪੰਜਾਬ ਤੇ ਬੰਗਾਲ ਦੋਹਾਂ ’ਚ ਪਹਿਲਾਂ ਤੋਂ ਹੀ ਪਾਕਿਸਤਾਨ ਮੌਜੂਦ ਹੈ। ਅਜਿਹੀ ਪ੍ਰਸਥਿਤੀ ’ਚ ਮੈਂ ਅਸਲੀ ਪਾਕਿਸਤਾਨ ਨੂੰ ਜ਼ਿਆਦਾ ਪਸੰਦ ਕਰਾਂਗਾ ਕਿਉਂਕਿ ਫੇਰ ਉਨ੍ਹਾਂ ਲੋਕਾਂ ਦੀ ਜ਼ੁੰਮੇਵਾਰੀ ਦਾ ਕੁਝ ਖਿਆਲ ਰਹੇਗਾ।’’
ਪ੍ਰੋ. ਜਾਵੇਦ ਆਪਣੀ ਕੁਰਸੀ ਤੋਂ ਉਠ ਕੇ ਖੜ੍ਹ ਗਿਆ ਸੀ। ਉਸ ਸਮਾਂ ਲੈ ਕੇ ਆਪਣੀ ਗੱਲ ਸ਼ੁਰੂ ਕੀਤੀ ਸੀ, ‘‘ਮੈਂ ਸਬੂਤ ਪੇਸ਼ ਕਰ ਸਕਦਾ ਹਾਂ ਕਿ ਕਾਇਦੇ ਆਜਮ ਜਿਨਾਹ ਆਖਰ ਤੱਕ ਪਾਕਿਸਤਾਨ ਨਹੀਂ ਚਾਹੁੰਦੇ ਸਨ। ਕੈਬਨਿਟ ਮਿਸ਼ਨ ਦੀ ਯੋਜਨਾ ਸੰਬੰਧੀ 2 ਜੂਨ, 1947 ਨੂੰ ਜਿਨਾਹ ਮਾਊਂਟਬੇਟਨ ਨੂੰ ਮਿਲਣ ਗਏ ਸਨ। ਕਾਂਗਰਸ ਨੇ ਇਸ ਯੋਜਨਾ ਨੂੰ ਪਹਿਲਾਂ ਹੀ ਮੰਨ ਲਿਆ ਸੀ। ਜਿਨਾਹ ਨੇ ਨਹੀਂ। ਮਾਊਂਟਬੇਟਨ ਨੇ ਕਿਹਾ ਸੀ, ‘ਇਸ ਤਰ੍ਹਾਂ ਤੁਸੀਂ ਆਪ ਆਪਣਾ ਪਾਕਿਸਤਾਨ ਹਮੇਸ਼ਾ ਲਈ ਖੋਹ ਦੇਉਗੇ,’ ਤਾਂ ਅੱਗੋਂ ਜਿਨਾਹ ਨੇ ਇਕ ਲਾਇਨ ਵਿੱਚ ਜਵਾਬ ਦਿੱਤਾ ਸੀ, ‘ਜੋ ਹੋਣਾ ਹੈ ਉਹੀ ਹੋਵੇਗਾ।’ ਕਿੰਨੀ ਮਹੱਤਵਪੂਰਨ ਗੱਲ ਸੀ ਕਿ ਕਾਇਦੇ ਆਜਮ ਇਤਿਹਾਸ ਦੇ ਇਸ ਅਤਿ ਮਹੱਤਵਪੂਰਨ ਤੇ ਫੈਸਲਾਕੁੰਨ ਪਲ ਵਿੱਚ ਵੀ ਕੋਈ ਅਹਿਮ ਫੈਸਲਾ ਲੈਣ ਤੋਂ ਪਿੱਛੇ ਹੱਟ ਰਹੇ ਸੀ।’’
ਪ੍ਰੋ. ਜਾਵੇਦ ਦੇ ਵਿਚਾਰਾਂ ਤੇ ਤੱਥਾਂ ਨੇ ਇਕ ਵਾਰ ਤਾਂ ਹਾਲ ਵਿੱਚ ਸੁੰਨ ਵਰਤਾ ਦਿੱਤੀ ਸੀ। ਉੱਥੇ ਬੈਠੇ ਵਿਦਵਾਨਾਂ ਦੇ ਮਨਾਂ ਵਿੱਚ ਇਹ ਪ੍ਰਸ਼ਨ ਖੌਰੂ ਪਾਉਣ ਲੱਗਾ ਸੀ ਕਿ ਕੀ ਪ੍ਰੋ. ਜਾਵੇਦ ਅਜਿਹਾ ਪਹਿਲਾ ਮੁਸਲਮਾਨ ਸੀ ਜਿਸ ਪਾਕਿਸਤਾਨ ਬਣਨ ਦਾ ਵਿਰੋਧ ਕੀਤਾ ਹੈ ਜਾਂ ਉਸ ਦੇ ਅੰਦਰ ਇਹ ਗੱਲ ਘਰ ਕਰ ਗਈ ਸੀ ਕਿ ਕਾਇਦੇ ਆਜ਼ਮ ਪਾਕਿਸਤਾਨ ਨਹੀਂ ਚਾਹੁੰਦੇ ਹਨ। ਉਸ ਦੇ ਵਿਚਾਰ ਤਾਂ ਪਾਕਿਸਤਾਨ ਦੇ ਵਿਰੁੱਧ ਸਨ। ਏਸੇ ਗੱਲ ਨੇ ਸਾਰਿਆਂ ਦਾ ਧਿਆਨ ਖਿੱਚ ਲਿਆ ਸੀ। ਕਈਆਂ ਨੇ ਉੱਠ ਕੇ ਉਸ ਵੱਲ ਉਚੇਚਾ ਦੇਖਿਆ ਵੀ ਸੀ।
ਪਿੱਛੋਂ ਕਿਸੇ ਵਿਦਵਾਨ ਨੇ ਕਹਿਣਾ ਸ਼ੁਰੂ ਕੀਤਾ ਸੀ, ‘‘ਮੈਂ ਪ੍ਰੋ. ਜਾਵੇਦ ਦੀ ਗੱਲ ਨਾਲ ਸਹਿਮਤ ਨਹੀਂ ਹਾਂ। ਬਾਈ-ਚੌਵੀ ਮਾਰਚ, 1940 ਨੂੰ ਲਾਹੌਰ ’ਚ ਮੁਸਲਿਮ ਲੀਗ ਦਾ 27ਵਾਂ ਇਤਿਹਾਸਿਕ ਸੈਸ਼ਨ ਹੋਇਆ ਜਿਸ ’ਚ ਕਾਇਦੇ ਆਜਮ ਜਿਨਾਹ ਨੇ ਕਿਹਾ ਸੀ, ‘ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਾਰਮਿਕ ਦਰਸ਼ਨ, ਸਮਾਜਿਕ ਰੀਤੀ ਰਿਵਾਜ਼ ਤੇ ਵੱਖ-ਵੱਖ ਸਾਹਿਤ ਦੇ ਹਨ। ਉਹ ਨਾ ਆਪਸ ’ਚ ਸ਼ਾਦੀ ਕਰ ਸਕਦੇ ਨੇ ਨਾ ਨਾਲ ਖਾਣਾ ਖਾ ਸਕਦੇ ਨੇ। ਅਸਲ ਵਿੱਚ ਇਹ ਦੋ ਅਲਗ ਸਭਿਆਤਾਵਾਂ ਨੇ ਜੋ ਵਿਰੋਧੀ ਵਿਚਾਰਧਾਰਾਵਾਂ ਤੇ ਭਾਵਨਾਵਾਂ ਤੇ ਅਧਾਰਿਤ ਨੇ। ਉਨ੍ਹਾਂ ਦੇ ਮਹਾਂਕਾਵਿ ਅਲੱਗ ਨੇ। ਉਨ੍ਹਾਂ ਦੇ ਨਾਇਕ ਅਲੱਗ ਨੇ ਤੇ ਕਥਾਵਾਂ ਵੀ ਅਲੱਗ ਨੇ। ਅਕਸਰ ਇਕ ਦਾ ਨਾਇਕ ਦੂਜੇ ਲਈ ਖਲਨਾਇਕ ਹੈ। ਏਸੇ ਤਰ੍ਹਾਂ ਉਨ੍ਹਾਂ ਦੀ ਹਾਰ ਤੇ ਜਿੱਤ ਵੀ ਅਲੱਗ ਹੈ।……….।’’
ਸਮਾਂ ਪੂਰਾ ਹੋਣ ਕਰਕੇ ਉਸ ਵਿਦਵਾਨ ਕੋਲੋਂ ਉਸ ਦੀ ਗੱਲ ਪੂਰੀ ਨਹੀਂ ਹੋਈ ਸੀ।
ਇਸ ਸੈਸ਼ਨ ’ਚ ਬਹੁਤ ਹੀ ਵਿਚਾਰ ਉਤੇਜਿਕ ਗੱਲਾਂ ਹੋਈਆਂ ਸਨ।
ਰਾਤ ਨੂੰ ਮਹਿਫਲ ਮੇਰੇ ਕਮਰੇ ਵਿੱਚ ਸਜੀ ਸੀ। ਅਸੀਂ ਚਾਹੁੰਦੇ ਸੀ ਕਿ ਇੰਡੋ-ਪਾਕਿ ਵੰਡ ਨੂੰ ਛੱਡ ਕੇ ਕੁਝ ਹੋਰ ਗੱਲਾਂ ਕਰੀਏ। ਪਰ ਡਾ. ਕਲੇਰ ਨੇ ਡਾ. ਸਪੈਨਸਰ ਨੂੰ ਬੁਲਾ ਲਿਆ ਸੀ। ਡਾ. ਕਲੇਰ ਨੇ ਕਿਹਾ ਸੀ, ‘‘ਦੋਸਤੋ-ਹੁਣ ਅਸੀਂ ਆਫ ਦੀ ਰਿਕਾਰਡ ਗੱਲਾਂ ਕਰਾਂਗੇ।’’
ਥੋੜ੍ਹੇ ਚਿਰ ਬਾਅਦ ਹੀ ਅਸੀਂ ਸੈਮੀਨਾਰ ਨਾਲੋਂ ਵੀ ਜ਼ਿਆਦਾ ਗੰਭੀਰ ਗੱਲਾਂ ਕੀਤੀਆਂ ਸਨ।
ਡਾ. ਸਪੈਨਸਰ ਨੇ ਚੁਣ-ਚੁਣ ਕੇ ਸ਼ਬਦਾਂ ’ਚ ਦੱਸਿਆ ਸੀ, ‘‘ਮੇਰਾ ਹੁਣ ਤੱਕ ਦਾ ਤਜ਼ਰਬਾ ਇਹੀ ਦੱਸਦਾ ਕਿ ਤੁਸੀਂ ਏਸ਼ੀਅਨ ਲੋਕ ਤੱਥਾਂ ਨੂੰ ਤੋੜ ਮਰੋੜ ਕੇ ਦੱਸਦੇ ਹੋ। ਆਪਣੇ ’ਤੇ ਕੋਈ ਦੋਸ਼ ਨ੍ਹੀਂ ਲੈਂਦੇ। ਏਸੇ ਕਰਕੇ ਕੋਈ ਵੀ ਗੱਲ ਨਿਖਰ ਕੇ ਸਾਹਮਣੇ ਨ੍ਹੀਂ ਆਉਂਦੀ। ਮੈਂ ਹੀ ਨੀਂ-ਜਿਹੜਾ ਵੀ ਜਣਾ ਇੰਡੋ-ਪਾਕ ਵੰਡ ਵੇਲੇ ਦੀ ਹਾਲਤਾਂ ਦੀ ਘੋਖ ਕਰੇਗਾ, ਉਹਨੂੰ ਜ਼ਖਮ ਹੀ ਜ਼ਖਮ ਦਿੱਸਣਗੇ। ਇਹ ਅਜੇ ਕਈ ਸਾਲ ਅੱਲ੍ਹੇ ਰਹਿਣਗੇ। ਤੇ ਅੱਲ੍ਹੇ ਜ਼ਖਮ ਬਹੁਤ ਤੰਗ ਕਰਦੇ ਹੁੰਦੇ ਆਂ।…ਹੁਣ ਮੈਂ ਆਪਣੀ ਗੱਲ ਮਹਾਤਮਾ ਗਾਂਧੀ ਤੋਂ ਸ਼ੁਰੂ ਕਰਦਾ ਹਾਂ। ਉਦੋਂ ਉਹਨਾਂ ਦੀ ਉਮਰ 78 ਸਾਲਾਂ ਦੀ ਸੀ। ਨਹਿਰੂ ਤੇ ਸਰਦਾਰ ਪਟੇਲ ਨੇ ਇੰਡੋ-ਪਾਕਿ ਵੰਡ ਨੂੰ ਸਵੀਕਾਰ ਕਰ ਲਿਆ ਸੀ। ਇਸ ਸੰਬੰਧੀ ਉਹਨਾਂ ਗਾਂਧੀ ਨੂੰ ਉਹਲੇ ’ਚ ਰੱਖਿਆ ਸੀ। ਜਦੋਂ ਗਾਂਧੀ ਨੂੰ ਪਤਾ ਲੱਗਾ ਤਾਂ ਉਹ ਕਸੂਤੀ ਸਥਿਤੀ ’ਚ ਫਸ ਗਏ ਸੀ। ਉਹ ਜਾਣਦੇ ਸਨ ਕਿ ਪਾਰਟੀ ’ਤੇ ਸਰਦਾਰ ਪਟੇਲ ਦੀ ਪਕੜ ਮਜ਼ਬੂਤ ਹੈ। ਨਹਿਰੂ ਦੀ ਜਨਤਾ ’ਤੇ। ਜੇ ਗਾਂਧੀ ਉਹਨਾਂ ਦੋਹਾਂ ਦਾ ਖੁੱਲ੍ਹ ਕੇ ਵਿਰੋਧ ਕਰਦੇ ਤਾਂ ਗਾਂਧੀ, ਕਾਂਗਰਸ ਤੇ ਭਾਰਤ ਦੀ ਆਜ਼ਾਦੀ, ਤਿੰਨਾਂ ਦੀ ਸਥਿਤੀ ਬਹੁਤ ਹੀ ਸੰਕਟਮਈ ਹੋ ਜਾਣੀ ਸੀ। ਦੂਜੀ ਵੱਡੀ ਗੱਲ ਉਨ੍ਹਾਂ ’ਚ ਹੁਣ ਪਹਿਲਾਂ ਜਿੰਨੀ ਸ਼ਕਤੀ ਵੀ ਨਹੀਂ ਰਹੀ ਸੀ।’’
ਡਾ. ਕਲੇਰ ਨੇ ਡਾ. ਸਪੈਨਸਰ ਨੂੰ ਟੋਕਿਆ ਸੀ, ‘‘ਗਾਂਧੀ ਜੀ ਨੇ ਤਾਂ ਅੰਗਰੇਜ਼ਾਂ ਨੂੰ ਇਹ ਵੀ ਕਿਹਾ ਸੀ-ਤੁਸੀਂ ਜਾਉ, ਸਾਨੂੰ ਰੱਬ ਦੇ ਆਸਰੇ ਛੱਡ ਦਿਓ। ਬਰਬਾਦੀ ’ਚ ਛੱਡ ਦਿਓ। ਅਸੀਂ ਆਪਸ ਵਿੱਚ ਤਹਿ ਕਰ ਲਵਾਂਗੇ ਪਰ ਤੁਸੀਂ ਚਲੇ ਜਾਉ।’’
‘‘ਗਾਂਧੀ ਨੇ ਮਾਊਂਟਬੇਟਨ ਨਾਲ ਦੂਜੀ ਮੁਲਾਕਾਤ ’ਚ ਹੀ ਕਹਿ ਦਿੱਤਾ ਸੀ ਕਿ ਜਿਨਾਹ ਤੇ ਮੁਸਲਿਮ ਲੀਗ ਨੂੰ ਕੇਂਦਰ ’ਚ ਸਰਕਾਰ ਬਣਾਉਣ ਦਿੱਤੀ ਜਾਵੇ। ਜਿਨਾਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਜਿਵੇਂ ਚਾਹੁਣ ਦੇਸ਼ ਚਲਾਉਣ। ਅੱਗੋਂ ਮਾਊਂਟਬੇਟਨ ਨੇ ਪੁੱਛਿਆ ਸੀ, ‘ਜਿਨਾਹ ਤੇ ਇਸ ਦੀ ਕੀ ਪ੍ਰਤੀਕਿਰਿਆ ਹੋਵੇਗੀ?’’ ਗਾਂਧੀ ਨੇ ਉੱਤਰ ਦਿੱਤਾ ਸੀ, ‘ਫੇਰ ਇਹੀ-ਉਹੀ ਕਪਟੀ ਗਾਂਧੀ।’’
‘‘ਪਰ ਪਟੇਲ ਤੇ ਨਹਿਰੂ ਇਹ ਨਹੀਂ ਚਾਹੁੰਦੇ ਸਨ।’’
‘‘ਵੰਡ ਦੀ ਯੋਜਨਾ ਵੀ. ਪੀ. ਮੇਨਨ ਨੇ ਤਿਆਰ ਕੀਤੀ-ਉੱਚਕਾਲੀਨ ਹਿੰਦੂ ਨੇ- ਮੁਸਲਿਮ ਲੀਗ ਤੋਂ ਲਕੋ ਕੇ।’’
‘‘ਹਾਂ, ਗਾਂਧੀ ਜੀ ਨੇ ਕਿਹਾ ਸੀ, ਮੈਂ ਮੰਨਦਾਂ। ਪਰ ਜਿਵੇਂ ਮੈਂ ਸੈਮੀਨਾਰ ’ਚ ਵੀ ਕਿਹਾ ਸੀ  ਤੇ ਪ੍ਰੋ. ਜਾਵੇਦ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਜਿਨਾਹ ਇੰਡੋ-ਪਾਕਿ ਵੰਡ ਲਈ ਜ਼ੁੰਮੇਵਾਰ ਨਹੀਂ ਸਨ-ਹੁਣ ਵੀ ਆਪਣੇ ਵਿਚਾਰਾਂ ਤੇ ਜਿਉਂ ਦਾ ਤਿਉਂ ਖੜ੍ਹਾ ਹਾਂ। ਸਾਰੇ ਸਕਾਲਰ ਤੱਥਾਂ ਨੂੰ ਇਤਿਹਾਸਿਕ ਤੱਥਾਂ ਨਾਲ ਜੋੜ ਕੇ ਦੇਖਦੇ। ਮੈਂ ਇਕ ਹੋਰ ਪਾਸਿਓਂ ਵੀ ਸੋਚਣਾ ਸ਼ੁਰੂ ਕੀਤਾ ਹੈ। ਸ਼ਾਇਦ ਮੈਂ ਸਹੀ ਹੋਵਾਂ। ਇਹ ਹੈ ਮਨੁੱਖੀ ਜੀਨਸ। ਜਿਨਾਹ ਹੋਰੀਂ ਦੋ ਪੀੜ੍ਹੀਆਂ ਪਹਿਲਾਂ ਹਿੰਦੂ ਸਨ। ਕੀ ਕਿਤੇ ਨਾ ਕਿਤੇ ਉਹਨਾਂ ਦੇ ਖੂਨ ’ਚ ਹਿੰਦੂ ਧਰਮ ਨਹੀਂ ਸਮਾਇਆ ਹੋਇਆ ਸੀ। ਜਿਨਾਹ ਨੇ ਨਾ ਕਦੇ ਹਿੰਦੂ ਧਰਮ ਤੇ ਨਾ ਹੀ ਹਿੰਦੂਆਂ ਦੇ ਖਿਲਾਫ਼ ਅਪ ਸ਼ਬਦ ਬੋਲਿਆ ਸੀ। ਜਿੰਨੀ ਇੱਜ਼ਤ ਉਹ ਤਿਲਕ ਤੇ ਗੋਖਲੇ ਨੂੰ ਦਿੰਦੇ ਸੀ ਉਨੀਂ ਕਿਸੇ ਮੁਸਲਮਾਨ ਨੂੰ ਨਹੀਂ।’’
ਇਕ ਵਾਰ ਤਾਂ ਸਾਡੇ ਮੂੰਹਾਂ ਨੂੰ ਜਿੰਦਰੇ ਲੱਗ ਗਏ ਸਨ।
ਜਲਦੀ ਹੀ ਪ੍ਰੋ. ਜਾਵੇਦ ਨੇ ਕਮਾਂਡ ਆਪਣੇ ਹੱਥਾਂ ’ਚ ਲੈ ਲਈ ਸੀ, ‘‘ਯਾਰੋ-ਗੱਲ ਤਾਂ ਐਨੀ ਕੁ ਸੀ ਕਿ ਜੇ ਇਸ ਗੱਲ ਨੂੰ ਕਾਂਗਰਸ ਇਕ ਵਾਰ ਵੀ ਮੰਨ ਲੈਂਦੀ ਕਿ ਜਿਨਾਹ ਤੇ ਮੁਸਲਿਮ ਲੀਗ ਮੁਸਲਮਾਨਾਂ ਦੇ ਪ੍ਰਤੀਨਿੱਧੀ ਨੇ ਤਾਂ ਸ਼ਾਇਦ ਗੱਲ ਐਨੀ ਨਾ ਵੱਧਦੀ। ਸਾਡਾ ਇਤਿਹਾਸ ਹੋਰ ਹੀ ਹੁੰਦਾ।’’
ਡਾ. ਕਲੇਰ ਨੇ ਇਤਿਹਾਸ ਦਾ ਇਕ ਹੋਰ ਪੰਨਾ ਖੋਲ੍ਹ ਦਿੱਤਾ ਸੀ, ‘‘ਚਲੋ ਇਸਲਾਮ ਧਰਮ ਤੋਂ ਹੀ ਸ਼ੁਰੂ ਕਰ ਲਓ। ਮੁਹੰਮਦ ਇਕਬਾਲ ਨੇ ਇਕ ਵਾਰ ਕਿਹਾ ਸੀ ਕਿ ਇਤਿਹਾਸ ’ਚ ਸੰਕਟ ਵੇਲੇ ਇਸਲਾਮ ਨੇ ਮੁਸਲਮਾਨਾਂ ਦੀ ਰੱਖਿਆ ਕੀਤੀ ਹੈ। ਨਾ ਕਿ ਮੁਸਲਮਾਨਾਂ ਨੇ ਇਸਲਾਮ ਦੀ। ਜੇ ਤੁਸੀਂ ਆਪਣਾ ਧਿਆਨ ਇਸਲਾਮ ਤੇ ਕੇਂਦਰਤ ਕਰੋ ਤੇ ਉਸ ’ਚ ਸਮੋਈ ਉਜਵਲ ਵਿਚਾਰਧਾਰਾ ਤੋਂ ਪ੍ਰੇਰਨਾ ਲਓ ਤਾਂ ਤੁਹਾਡੀ ਖਿਲਰੀ ਹੋਈ ਸ਼ਕਤੀ ਫੇਰ ਤੋਂ ਇਕੱਠੀ ਹੋ ਜਾਵੇਗੀ। ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਵੀ ਹਾਂ ਤੇ ਨਹੀਂ ਵੀ। ਤੁਸੀਂ ਪੁੱਛੋਗੇ ਨਹੀਂ ਕਿਵੇਂ? ਹਿੰਦੋਸਤਾਨ ਦੇ ਲੱਗਪਗ ਸਾਰੇ ਹੀ ਮੁਸਲਮਾਨਾਂ ਦੀ ਸਭ ਤੋਂ ਅਹਿਮ ਸਮੱਸਿਆ ਇਹ ਸੀ ਕਿ ਉਨ੍ਹਾਂ ਦਾ ਧਰਮ ਵਿਦੇਸ਼ੀ ਸੀ। ਉਨ੍ਹਾਂ ਦੇ ਧਾਰਮਿਕ ਫੈਸਲੇ ਕਿਸੇ ਨਾ ਕਿਸੇ ਰੂਪ ਨਾਲ ਤੁਰਕੀ ਜਾਂ ਹੋਰ ਥਾਵਾਂ ਤੋਂ ਪ੍ਰਭਾਵਿਤ ਹੁੰਦੇ ਸਨ। ਇਸ ਤੋਂ ਵੱਡੀ ਗੱਲ ਇਹ ਸੀ ਕਿ ਉਨ੍ਹਾਂ ਨੂੰ ਅਸਲੀ ਮੁਸਲਮਾਨ ਨਹੀਂ ਮੰਨਿਆ ਜਾਂਦਾ ਸੀ। ਇਸਲਾਮ ਅਰਬੀ ਧਰਮ ਹੈ। ਜੋ ਅਰਬੀ ਨਹੀਂ ਹੈ ਪਰ ਮੁਸਲਮਾਨ ਹੈ, ਉਹ ਪਰਿਵਰਤਿਤ ਹੈ। ਇੱਥੇ ਮੁਸਲਮਾਨਾਂ ਦੀ ਅਜਿਹੀ ਸਥਿਤੀ ਸੀ ਕਿ ਇਕ ਬੰਨੇ ਉਨ੍ਹਾਂ ਦੀ ਮਾਤਰ ਭੂਮੀ ਸੀ, ਜਿੱਥੇ ਉਹ ਜੰਮੇ ਪਲੇ ਸੀ। ਦੂਜੇ ਬੰਨੇ ਉਨ੍ਹਾਂ ਦੀ ਆਸਥਾ ਸੀ ਜਿਸ ਦਾ ਸਭ ਕੁਝ ਅਰਬ ’ਚ ਸੀ। ਜਦੋਂ ਵਿਦੇਸ਼ੀ ਮੁਸਲਮਾਨ ਇੰਡੀਆ ’ਚ ਆਏ ਤਾਂ ਉਹ ਆਪਣੇ ਨਾਲ ਔਰਤਾਂ ਤੇ ਬੱਚੇ ਨਹੀਂ ਲਿਆਏ। ਇੱਥੇ ਇਕ ਅਜੀਬ ਕਿਸਮ ਦਾ ਇਸਲਾਮੀ ਰਾਜ ਫੈਲਿਆ। ਕਈ ਪੱਧਰਾਂ ਤੇ ਇਹ ਵੱਖ-ਵੱਖ ਰੂਪਾਂ ਵਿੱਚ ਦੇਸ਼ ਦੇ ਮੂਲ ਨਿਵਾਸੀਆਂ ਨਾਲ ਜੁੜਿਆ ਹੋਇਆ ਸੀ।’’
ਪ੍ਰੋ. ਜਾਵੇਦ ਨੇ ਆਮ ਨਾਲੋਂ ਉੱਚੀ ਆਵਾਜ਼ ’ਚ ਕਿਹਾ ਸੀ, ‘‘ਇੰਡੀਆ ’ਚ ਜਿੰਨੇ ਵੀ ਮੁਗਲ ਬਾਦਸ਼ਾਹ, ਸੰਤ, ਸੂਫ਼ੀ ਰਹੇ, ਕਿਸੇ ਨੇ ਵੀ ਬਾਹਰ ਦੇ ਖਲੀਫ਼ਾ ਜਾਂ ਪਾਸ਼ਾ ਪ੍ਰਤੀ ਆਪਣੀ ਸ਼ਰਧਾ ਜਾਂ ਸਰੋਕਾਰ ਨਹੀਂ ਰੱਖਿਆ ਸੀ। ਮੈਨੂੰ ਇਸ ਦੀ ਇਕ ਵੀ ਉਦਾਹਰਨ ਕਿਤੋਂ ਨਹੀਂ ਮਿਲਦੀ। ਇਸ ਦੇਸ਼ ਦੇ ਹਿੰਦੂ ਵੀ ਬਾਹਰੋਂ ਆਏ ਸੀ। ਮੁਸਲਮਾਨ ਵੀ। ਉਨ੍ਹਾਂ ਲਈ ਇਹ ਧਰਤੀ ਉਨ੍ਹਾਂ ਦੀ ਮਾਤਰ ਭੂਮੀ ਹੈ। ਸਾਡੇ ਲਈ ਇੰਨ ਬਿੰਨ ਓਦਾਂ ਹੀ। ਇੰਡੀਆ ’ਚ ਐਨੇ ਸਾਲ ਇਕੱਠੇ ਰਹਿਣ ਨਾਲ ਸਾਡਾ ਖ਼ੂਨ ਬਦਲ ਗਿਆ ਸੀ। ਸਾਡੇ ਚਿਹਰੇ ਵੀ ਬਦਲ ਕੇ ਇਕੋ ਜਿਹੇ ਹੋ ਗਏ ਸਨ। ਮੁਸਲਮਾਨਾਂ ਨੇ ਹਿੰਦੂ ਦੇ ਅਨੇਕਾਂ ਰੀਤੀ ਰਿਵਾਜ਼ ਅਪਨਾ ਲਏ ਸੀ। ਹਿੰਦੂਆਂ ਨੇ ਮੁਸਲਮਾਨਾਂ ਦੇ। ਦੋਹੇਂ ਆਪਸ ’ਚ ਐਨਾ ਘੁਲ ਮਿਲ ਗਏ ਸੀ ਕਿ ਉਨ੍ਹਾਂ ਨੇ ਇਕ ਨਵੀਂ ਭਾਸ਼ਾ ਬਣਾ ਲਈ ਸੀ ਜਿਸ ਦਾ ਨਾਂ ਉਰਦੂ ਹੈ। ਨਾ ਇਹ ਹਿੰਦੂਆਂ ਦੀ ਭਾਸ਼ਾ ਹੈ। ਨਾ ਮੁਸਲਮਾਨਾਂ ਦੀ……। ’’
ਡਾ. ਸਪੈਨਸਰ ਨੇ ਪੁੱਛਿਆ ਸੀ, ‘‘ਫੇਰ ਗਲਤੀ ਕਿੱਥੇ ਹੋਈ ਸੀ?’’
ਪ੍ਰੋ. ਜਾਵੇਦ ਨੇ ਸਿੱਧਿਆਂ ਹੀ ਮੇਰੇ ਵੱਲ ਵੇਖਿਆ ਸੀ ਜਿਵੇਂ ਕਹਿ ਰਿਹਾ ਹੋਵੇ ਕਿ ਹੁਣ ਚੁੱਪ ਬੈਠ ਕੇ ਨਹੀਂ ਸਰਨਾ। ਕੁਝ ਬੋਲਣਾ ਹੀ ਪੈਣਾ ਸੀ। ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕੀਤੀ ਸੀ, ‘‘ਡਾ. ਸਪੈਨਸਰ ਆਪਣੀ ਗੱਲ ਸਿੱਧ ਕਰਨ ਲਈ ਮੈਨੂੰ ਪਿਛਾਂਹ ਜਾਣਾ ਪੈ ਰਿਹਾ। ਤਿੰਨ ਮਾਰਚ, 1707 ਨੂੰ ਔਰੰਗਜ਼ੇਬ ਦੀ ਮੌਤ ਹੋਈ। ਇੱਥੋਂ ਹੀ ਮੁਗਲ ਸਲਤਨਤ ਦੀ ਡੌਨਫਾਲ ਸ਼ੁਰੂ ਹੋ ਗਈ। ਔਰੰਗਜ਼ੇਬ ਦੇ ਚੌਥੇ ਮੁੰਡੇ ਮੁਹੰਮਦ ਸ਼ਾਹ ਤੋਂ ਬਾਅਦ ਇੰਡੀਆ ਵੰਡਿਆ ਜਾਣ ਲੱਗਾ। 9 ਅਗਸਤ, 1765 ਕਲਾਇਵ ਇਲਾਹਾਬਾਦ ’ਚ ਸ਼ਾਹ ਆਲਮ ਨੂੰ ਮਿਲਿਆ। ਸ਼ਾਹ ਆਲਮ ਨੇ ਇਕ ਸ਼ਾਹੀ ਫੁਰਮਾਨ ਜਾਰੀ ਕਰਕੇ ਬੰਗਾਲ, ਬਿਹਾਰ ਤੇ ਉੜੀਸਾ ਦੀ ਦੀਵਾਨੀ ਕੰਪਨੀ ਨੂੰ ਦੇ ਦਿੱਤੀ। ਇਹ ਮੁਗਲ ਸਲਤਨਤ ਦੇ ਤਾਬੂਤ ’ਚ ਪਹਿਲਾ ਕਿੱਲ ਸੀ। ਕਾਰਨਵਾਲਿਸ ਨੇ ਪਰਮਾਨੈਂਟ ਸੈਟਲਮੈਂਟ ਦੀ ਨੀਤੀ ਲਾਗੂ ਕੀਤੀ ਤਾਂ ਮੁਸਲਮਾਨ ਜ਼ਿਮੀਦਾਰਾਂ ਦਾ ਆਰਥਿਕ ਆਧਾਰ ਖੇਰੂੰ-ਖੇਰੂੰ ਹੋਣ ਲੱਗਾ। ਹਿੰਦੂ ਪਹਿਲਾਂ ਹੀ ਕੰਪਨੀ ’ਚ ਨੌਕਰੀਆਂ ਕਰਦੇ ਸੀ-ਉਨ੍ਹਾਂ ਨੇ ਮੌਕਾ ਸੰਭਾਲਿਆ। ਅੰਗਰੇਜ਼ੀ ਸਿੱਖਿਆ ਤੇ ਸਰਕਾਰੀ ਨੌਕਰੀਆਂ ’ਚ ਪੱਛੜਦੇ ਹੋਏ ਮੁਸਲਮਾਨ ਹੌਲੀ ਹੌਲੀ ਉਦਯੋਗਾਂ, ਬੈਂਕਾਂ, ਸ਼ੇਅਰ ਬਾਜ਼ਾਰਾਂ, ਵਪਾਰ ਹਰ ਪਾਸਿਉਂ ਪਛੜਣ ਲੱਗੇ। ਉਨ੍ਹਾਂ ਦਾ ਆਤਮ ਗੌਰਵ ਤੇ ਆਤਮ ਵਿਸ਼ਵਾਸ ਵੀ ਖੇਰੂੰ-ਖੇਰੂੰ ਹੋ ਗਿਆ। ਉਨ੍ਹਾਂ ਦਾ ਗੌਰਵਸ਼ਾਲੀ ਅਤੀਤ, ਸ਼ਾਨੋ ਸ਼ੌਕਤ ਤੇ ਉਨ੍ਹਾਂ ਦੇ ਮਹਾਨ ਬਾਦਸ਼ਾਹ ਉਨ੍ਹਾਂ ਲਈ ਬੀਤੇ ਦਿਨਾਂ ਦੀ ਗੱਲ ਹੋ ਗਈ ਸੀ।’’
ਮੈਂ ਸਾਹਮਣੇ ਬੈਠੇ ਪ੍ਰੋ. ਜਾਵੇਦ ਦੀ ਪ੍ਰਤੀਕਿਰਿਆ ਜਾਨਣ ਲਈ ਰੁਕਿਆ ਤਾਂ ਉਸ ਗੱਲ ਅਗਾਂਹ ਤੋਰਨ ਲਈ ਮੈਨੂੰ ਇਸ਼ਾਰਾ ਕੀਤਾ ਸੀ। ਮੈਂ ਫੇਰ ਸ਼ੁਰੂ ਹੋ ਗਿਆ ਸੀ, ‘‘ਵਾਰੇਨ ਹੇਸਿਟੰਗਜ਼ ਨੇ ਇਕ ਵਾਰੀ ਕੰਪਨੀ ਨੂੰ ਚਿੱਠੀ ਲਿਖੀ ਸੀ ਕਿ ਭਾਰਤ ਦੀਆਂ ਪ੍ਰਪੰਰਾਵਾਂ, ਹਿੰਦੂ ਤੇ ਮੁਸਲਿਮ ਬੇਹੱਦ ਮਜ਼ਬੂਤ, ਪ੍ਰਭਾਵਸ਼ਾਲੀ ਤੇ ਪ੍ਰਾਚੀਨ ਹਨ। ਅੰਗਰੇਜ਼ਾਂ ਨੂੰ ਸਮਾਜਿਕ ਤੇ ਨਿਆਇਕ ਕਾਰਨਾਂ ਨਾਲ ਕਿਸੇ ਵੀ ਸਥਿਤੀ ’ਚ ਦਖਲ ਨਹੀਂ ਦੇਣਾ ਚਾਹੀਦਾ। 1857 ਦੀ ਅਸਫਲਤਾ ਤੋਂ ਬਾਅਦ ਹਿੰਦੂ ਤੇ ਮੁਸਲਮਾਨ ਦੋ ਵੱਖ-ਵੱਖ ਧਰਮਾਂ, ਫਿਰਕਿਆਂ ਤੇ ਰਾਸ਼ਟਰਤਾਵਾਂ ਦੇ ਰੂਪ ਵਿੱਚ ਦੇਖੇ ਜਾਣ ਲੱਗੇ। ਅਜਿਹਾ ਪਹਿਲਾਂ ਕੁਝ ਨਹੀਂ ਸੀ। ਦੇਖਣ ਵਾਲੀ ਗੱਲ ਇਹ ਵੀ ਸੀ ਕਿ 1857 ਦੀਆਂ ਅਸਫਲਤਾਵਾਂ ਮਗਰੋਂ ਬਦਲੇ ਹੋਏ ਹਾਲਾਤਾਂ ’ਚ ਉਹ ਨਵੀਂ ਤਰ੍ਹਾਂ ਦੇ ਘੱਟ ਗਿਣਤੀ ਵਰਗ ਦੇ ਰੂਪ ਵਿੱਚ ਦੇਖ ਰਹੇ ਸੀ। ਭਾਵੇਂ ਉਹ ਪਹਿਲਾਂ ਵੀ ਘੱਟ ਗਿਣਤੀ ਵਿੱਚ ਸੀ ਪਰ ਉਦੋਂ ਉਨ੍ਹਾਂ ਕੋਲ ਰਾਜਨੀਤਿਕ ਸੱਤਾ ਤੇ ਪਾਵਰ ਸੀ। ਹੁਣ ਉਹ ਸੱਤਾਹੀਣ ਤੇ ਹਾਰੇ ਹੋਏ ਸੀ। ਬੌਧਿਕਤਾ ਸੱਯਦ ਅਹਿਮਦ ਤੋਂ ਸ਼ੁਰੂ ਹੋਈ ਸੀ। ਅਹਿਮਦ ਨੇ ਹੀ ਅੰਗਰੇਜ਼ ਸਰਕਾਰ ਨੂੰ ਦੱਸਿਆ ਕਿ ਅੰਗਰੇਜ਼ਾਂ ਨੂੰ ਹਿੰਦੂ ਤੇ ਮੁਸਲਮਾਨ ਸਿਪਾਹੀਆਂ ਦੀਆਂ ਅਲੱਗ-ਅਲੱਗ ਰੇਜ਼ੀਮੈਂਟ ਰੱਖਣੀਆਂ ਚਾਹੀਦੀਆਂ ਹਨ। ਜਿਸ ਨਾਲ ਉਹ ਦੋਵੇਂ ਇਕ ਦੂਜੇ ਨਾਲ ਭਾਵਨਾਤਮਿਕ ਰੂਪ ਨਾਲ ਜੁੜ ਨਾਲ ਸਕਣ। ਇਕ ਨੂੰ ਦਬਾਉਣ ਲਈ ਦੂਜੇ ਦੀ ਵਰਤੋਂ ਕੀਤੀ ਜਾ ਸਕੇ। ਅਹਿਮਦ ਦੇ ਵਿਚਾਰ ਉਸ ਦੀ ਪੁਸਤਕ, ‘ਕਾਸਿਸ ਆਫ ਇੰਡੀਅਨ ਰੀਵੋਲਟ’ ’ਚ ਦਰਜ ਹਨ ਜਿਸ ਦੀਆਂ ਕਿ 500 ਕਾਪੀਆਂ ਛਪੀਆਂ ਸਨ। 498 ਕਾਪੀਆਂ ਇੰਗਲੈਂਡ ’ਚ ਸੰਸਦ ਮੈਂਬਰਾਂ ਤੇ ਹੋਰ ਮਹੱਤਵਪੂਰਨ ਵਿਅਕਤੀਆਂ ਨੂੰ ਭੇਜੀਆਂ ਗਈਆਂ। ਅਮੀਰ ਅਲੀ ਨੇ 1910 ’ਚ ਮੁਸਲਿਮ ਲੀਗ ਦੀ ਲੰਡਨ ’ਚ ਸ਼ਾਖਾ ਖੋਲ੍ਹੀ। ਅਲੀਗੜ੍ਹ ਯੂਨੀਵਰਸਿਟੀ ਦੇ ਅੰਗਰੇਜ਼ ਪ੍ਰਿੰਸੀਪਲ ਮਿਸਟਰ ਬੇਕ ਨੇ ਮੁਸਲਮਾਨਾਂ ਨੂੰ ਉਕਸਾਇਆ।’’
ਪ੍ਰੋ. ਜਾਵੇਦ ਨੇ ਵਿਚਕਾਰੋਂ ਟੋਕਦਿਆਂ ਤੇ ਖਿੱਝਦਿਆਂ ਹੋਇਆ ਕਿਹਾ ਸੀ, ‘‘ਪਤਾ ਨਹੀਂ ਕਿਉਂ ਸਾਡੇ ’ਚੋਂ ਧਰਮ ਮਨਫੀ ਨਹੀਂ ਹੁੰਦਾ। ਮੈਂ ਆਪ ਇਸ ਦਾ ਸ਼ਿਕਾਰ ਹਾਂ। ਡਾ. ਗੋਗਨਾ ਵੀ। ਮੈਨੂੰ ਸਮਝ ਨ੍ਹੀਂ ਆਉਂਦੀ ਜਾਂ ਡਾ. ਗੋਗਨਾ ਨੂੰ ਜਾਣ ਬੁੱਝ ਕੇ ਸਾਵਰਕਰ ਦੀ ਪੁਸਤਕ ‘ਦਾ ਇੰਡੀਅਨ ਵਾਰ ਆਫ਼ ਇੰਡੀਪੈਨਡੈਂਸ 1857’ ਕਿਉਂ ਭੁੱਲ ਗਈ। ਇਸ ਪੁਸਤਕ ਨੇ ਹਿੰਦੂ ਮੁਸਲਮਾਨਾਂ ’ਚ ਵੰਡ ਦੀ ਸ਼ੁਰੂਆਤ ਕੀਤੀ ਸੀ।’’
ਮੈਂ ਕਿਹਾ ਸੀ, ‘‘ਸੌਰੀ, ਮੈਂ ਭੁੱਲ ਗਿਆਂ। ਮੈਂ ਆਪਣੀ ਗੱਲ ਇਹਨਾਂ ਸ਼ਬਦਾਂ ਨਾਲ ਖਤਮ ਕਰਦਾ ਹਾਂ ਕਿ ਇਹ ਲੜਾਈ ਉੱਚ ਵਰਗ ਜਿਨ੍ਹਾਂ ’ਚ ਮਨਸਬਦਾਰ, ਜਾਗੀਰਦਾਰ, ਜਿਮੀਂਦਾਰ ਆਦਿ ਸਨ, ਦੀ ਸੀ। ਨਾ ਕਿ ਗਰੀਬ ਵਰਗ ਕਿਉਂਕਿ ਇਸ ’ਚ ਜੇ ਕਿਸੇ ਨੇ ਆਪਣੀ ਜਾਨ ਮਾਲ ਦਾ ਨੁਕਸਾਨ ਕਰਾਇਆ ਸੀ ਤਾਂ ਉਹ ਗਰੀਬ ਵਰਗ ਹੀ ਸੀ।’’
ਡਾ. ਸਪੈਨਸਰ ਸਾਡੀਆਂ ਗੱਲਾਂ ਤੋਂ ਉਕਤਾ ਗਿਆ ਸੀ। ਏਸੇ ਲਈ ਉਸ ਨੇ ਉੱਠਦਿਆਂ ਹੋਇਆਂ ਕਿਹਾ ਸੀ, ‘‘ਹੁਣ ਸੌਂ ਜਾਉ। ਬਾਕੀ ਗੱਲਾਂ ਕੱਲ੍ਹ ਨੂੰ ਕਰਾਂਗੇ।’’
ਡਾ. ਸਪੈਨਸਰ ਦੇ ਜਾਣ ਤੋਂ ਬਾਅਦ ਅਸੀਂ ਇੰਡੋ-ਪਾਕਿ ਦੋਸਤੀ ਦੇ ਨਾਂ ਦੇ ਜਾਮ ਟਕਰਾਏ ਸਨ।
 ਮੈਂ ਜ਼ੋਰ ਦੇ ਕੇ ਕਿਹਾ ਸੀ, ‘‘ਸਾਨੂੰ ਇਹ ਗੱਲ ਮੰਨ ਕੇ ਚੱਲਣਾ ਚਾਹੀਦਾ ਆ ਕਿ ਵੰਡ ਨੂੰ ਭੁੱਲਣਾ ਮੁਸ਼ਕਲ ਆ। ਪਰ ਇਹਨੂੰ ਯਾਦ ਰੱਖਣਾ ਹੋਰ ਵੀ ਖਤਰਨਾਕ ਆ।’’
ਪ੍ਰੋ. ਜਾਵੇਦ ਨੇ ਮੇਰੇ ਵੱਲ ਔਖ ਜਿਹੀ ਨਾਲ ਦੇਖਦਿਆਂ ਹੋਇਆਂ ਕਿਹਾ ਸੀ, ‘‘ਜਿਨ੍ਹਾਂ ਨਾਲ ਬੀਤੀ ਆ-ਉਨ੍ਹਾਂ ਨੂੰ ਪੁੱਛ ਕੇ ਦੇਖੋ। ਉਹ ਅਜੇ ਜਿਉੂਂਦੇ ਆ। ਉਨ੍ਹਾਂ ਕੋਲ ਆਪਣੀਆਂ ਯਾਦਾਂ ਨੇ। ਵੰਡ ਦੇ ਇਤਿਹਾਸ ਦੀਆਂ ਯਾਦਾਂ। ਪਿੱਛੇ ਰਹਿ ਗਏ ਆਪਣੇ ਘਰਾਂ ਦੀਆਂ ਯਾਦਾਂ। ਉਨ੍ਹਾਂ ਦੇ ਕਿੱਸੇ ਕਹਾਣੀਆਂ ਸੁਣੋ। ਇਨ੍ਹਾਂ ਕਿੱਸੇ, ਕਹਾਣੀਆਂ ਨਾਲ ਬਹੁਤ ਕੁਝ ਜਾਣਿਆ ਜਾ ਸਕਦਾ।’’
ਡਾ. ਕਲੇਰ ਨੇ ਉਹਨੂੰ ਪੁੱਛਿਆ ਸੀ, ‘‘ਵੰਡ ਦੇ ਕਿੱਸੇ, ਕਹਾਣੀਆਂ ਨੂੰ ਲੱਭਣਾ ਸਾਡੇ ਲਈ ਕਿੰਨਾ ਕੁ ਫਾਇਦੇਮੰਦ ਆ?’’
ਪ੍ਰੋ. ਜਾਵੇਦ ਨੇ ਮੇਜ਼ ’ਤੇ ਮੁੱਕਾ ਮਾਰ ਕੇ ਕਿਹਾ ਸੀ, ‘‘ਬਹੁਤ ਹੀ ਮਹੱਤਵਪੂਰਨ ਆ। ਏਸ਼ੀਅਨ ਲੋਕਾਂ ਦੀ ਸਾਇਕੀ ਨੂੰ ਸਮਝਣ ਲਈ ਕਿੱਸੇ, ਕਹਾਣੀਆਂ ਦੀ ਬਹੁਤ ਅਹਿਮੀਅਤ ਆ। ਕਿਸੇ ਵੀ ਸ਼ਖ਼ਸ ਨੂੰ ਮਿਲ ਲਓ-ਉਹ ਆਪਣੀ ਆਪ ਬੀਤੀ ਸੁਣਾਉਣ ਲਈ ਕੋਈ ਕਹਾਣੀ ਅਵੱਸ਼ ਹੀ ਸੁਣਾਏਂਗਾ। ਇਸ ਤੋਂ ਬਿਨਾਂ ਉਹ ਆਪਣੀ ਗੱਲ ਦੱਸ ਹੀ ਨ੍ਹੀਂ ਸਕਦਾ। ਦੂਜੀ ਗੱਲ-ਮੇਰੇ ਦੋਸਤ, ਤੁਸੀਂ ਇਹ ਗੱਲ ਕਿਉਂ ਭੁੱਲ ਜਾਂਦੇ ਹੋ ਕਿ ਅਸੀਂ ਕਿੰਨਾ ਕੁਝ ਗੁਆਇਆ। ਜਦੋਂ ਰੇਸ਼ਮਾ ਪਹਿਲੀ ਵਾਰ ਇੰਡੀਆ ਗਈ ਸੀ ਤਾਂ ਉਹ ਪ੍ਰਾਈਮ ਮਨਿਸਟਰ ਇੰਦਰਾ ਗਾਂਧੀ ਨੂੰ ਮਿਲੀ ਸੀ। ਇੰਦਰਾ ਗਾਂਧੀ ਨੇ ਉਹਨੂੰ ਪੁੱਛਿਆ ਸੀ, ‘‘ਮੇਰੇ ਲਾਈਕ ਕੋਈ ਕੰਮ ਦੱਸ।’’ ਰੇਸ਼ਮਾ ਨੇ ਝੱਟ ਕਿਹਾ ਸੀ, ‘‘ਮੈਡਮ, ਤੁਸੀਂ ਆਹ ਬਾਰਡਰ ਖੋਲ੍ਹ ਦਿਓ। ਅਸੀਂ ਤਾਂ ਓਧਰ ਚਲੇ ਗਏ ਆਂ। ਪਰ ਸਾਡੇ ਪੀਰ-ਬਾਬੇ ਤਾਂ ਇੱਧਰ ਆ। ਫ਼ੌਜੀ ਸਾਨੂੰ ਉਹਨਾਂ ਦੀ ਮਜ਼ਾਰ ਤੇ ਜਾਣ ਨ੍ਹੀਂ ਦਿੰਦੇ। ਅਸੀਂ ਗਾਣਾ ਗਾਈਏ ਤੇ ਪੀਰ-ਬਾਬਿਆਂ ਨੂੰ ਨਾ ਸੁਣਾਈਏ ਤਾਂ ਗੌਣ ਦਾ ਕੀ ਫਾਇਦਾ।’’ ਕਿੱਡਾ ਵੱਡਾ ਸੱਚ ਕਿਹਾ ਸੀ ਰੇਸ਼ਮਾ ਨੇ।… ਸਾਡੀਆਂ ਯਾਦਾਂ ਤਾਂ ਇੰਡੀਆ ’ਚ ਹੀ ਆ। ਸਾਡੀਆਂ ਧਾਰਮਿਕ ਥਾਵਾਂ ਅਜਮੇਰ ਸ਼ਰੀਫ਼, ਬਿਹਾਰ ਸ਼ਰੀਫ਼, ਨਿਜਾਮੂੱਦੀਨ, ਦੁਨੀਆਂ ’ਚ ਮਸ਼ਹੂਰ ਇਮਾਰਤਾਂ ਤਾਜਮੱਹਲ, ਜਾਮਾ ਮਸਜਿਦ, ਲਾਲ ਕਿਲ੍ਹਾ, ਫਤਿਹਪੁਰ ਸੀਕਰੀ ਇੱਥੇ ਹੀ ਰਹਿ ਗਈਆਂ। ਅਸੀਂ ਇਹ ਸਭ ਕੁਝ ਗੁਆਇਆ ਹੈ। ਦੱਸੋ ਤੁਸੀਂ ਕੀ ਗੁਆਇਆ। ਸਾਡੇ ਆਪਣੇ ਖਾਨਦਾਨ ਦੀਆਂ ਕਬਰਾਂ ਇੰਡੀਆ ’ਚ ਆ। ਮੇਰੇ ਬਾਬਾ ਜੀ ਨੂੰ ਜਦੋਂ ਨੂਰਮਹਿਲ ਯਾਦ ਆਉਂਦਾ ਸੀ ਜਾਂ ਕੋਈ ਗੱਲ ਚੱਲਦੀ ਸੀ ਤਾਂ ਉਹ ਅਕਸਰ ਕਹਿੰਦੇ ਸੀ-ਸਾਡੇ ਦੇਸ਼ ’ਚ ਐਓਂ ਹੁੰਦਾ ਸੀ। ਅਸੀਂ ਆਪਣੇ ਦੇਸ਼ ’ਚ ਐਓਂ ਕਰਦੇ ਸੀ। ਉਨ੍ਹਾਂ ਕਦੇ ਇੰਡੀਆ ਦਾ ਨਾਂ ਨੀਂ ਲਿਆ ਸੀ। ਕਦੇ ਪਾਕਿਸਤਾਨ ਦਾ ਨਾਂ ਨੀਂ ਲਿਆ ਸੀ। ਉਨ੍ਹਾਂ ਦੀਆਂ ਸਮਰਿਤੀਆਂ ’ਚ ਤਾਂ ਉਨ੍ਹਾਂ ਦੀ ਜੰਮਣ ਭੌਂ ਵਸੀ ਸੀ। ਇਹਦਾ ਧਰਮ ਨਾਲ ਕੋਈ ਸੰਬੰਧ ਨੀਂ ਸੀ। ਇਕ ਗੱਲ ਹੋਰ ਦੇਖਣ ਵਾਲੀ ਆ ਕਿ ਵੰਡ ਦੀਆਂ ਖ਼ਾਮੋਸ਼ੀਆਂ ਕਈ ਤਰ੍ਹਾਂ ਦੀਆਂ ਨੇ। ਦੇਖੋ ਸਿਤਮ ਦੀ ਗੱਲ-ਵੰਡ ਵੇਲੇ ਨਾਲ ਸੰਬੰਧਤ ਕੋਈ ਸਮਾਰਕ ਨ੍ਹੀਂ ਬਣਿਆ। ਦੋਸਤੋ-ਸਾਡਾ ਇਕੋ ਕਲਚਰ ਆ। ਪੰਜਾਬੀ ਕਲਚਰ। ਕੋਈ ਤਾਂ ਕੰਮ ਕਰੋ। ਐਵੇਂ ਚੁੱਪ ਬੈਠ ਕੇ ਕੁਸ਼ ਨ੍ਹੀਂ ਹੋਣਾ। ਘੱਟੋ ਘੱਟ ਮੇਰੇ ਪਰਿਵਾਰ ਦੇ ਬੱਚਿਆਂ ਨੂੰ ਹੀ ਲੱਭਣ ’ਚ ਮੇਰੀ ਮੱਦਦ ਕਰੋ। ਸ਼ਾਇਦ  ਉਨ੍ਹਾਂ ’ਚੋਂ ਕੋਈ ਜਿਉੂਂਦਾ ਹੋਵੇ।’’
ਡਾ. ਕਲੇਰ ਨੇ ਪੁੱਛਿਆ ਸੀ, ‘‘ਤੁਸੀਂ ਨਿੱਜ ਬਾਰੇ ਕਿਉਂ ਸੋਚਦੇ ਹੋ?’’
ਪ੍ਰੋ. ਜਾਵੇਦ ਦਾ ਜੁਆਬ ਸੀ, ‘‘ਨਿੱਜ ਤੋਂ ਹੀ ਗੱਲ ਅਗਾਂਹ ਤੁਰਦੀ ਹੁੰਦੀ ਆ। ਸ਼ਾਇਦ ਇਹਦੇ ਨਾਲ ਕਈ ਹੋਰ ਬੱਚਿਆਂ ਦਾ ਪਤਾ ਲੱਗ ਜਾਵੇ।’’
****
ਮੈਂ ਕੈਮਰਾਮੈਨ ਨੂੰ ਤਾਇਆ ਜੀ ਬਾਰੇ ਦੱਸਿਆ ਸੀ, ‘‘ਇਹ ਮੇਰੇ ਤਾਇਆ ਜੀ ਨੇ। ਮੇਰੇ ਭਾਪਾ ਜੀ ਨਾਲ ਨੂਰਮਹਿਲ ‘ਜਗਦੰਬੇ ਜਿਊਲਰਜ਼’ ’ਚ ਕੰਮ ਕਰਦੇ ਹੁੰਦੇ ਸੀ। ਇਨ੍ਹਾਂ ਦਾ ਪਿੰਡ ਨਵਾਂ ਪਿੰਡ ਸ਼ੌਂਕੀਆ ਆ। ਸਾਰਾ ਪਰਿਵਾਰ ਅਮਰੀਕਾ ਤੇ ਕਨੈਡਾ ਬੈਠਾ। ਇਹ ਪਿੱਛੇ ਇਕੱਲੇ ਨੇ। ਕਈ ਵਾਰ ਵੀਜ਼ੇ ਲਈ ਅਪਲਾਈ ਕੀਤਾ ਸੀ ਪਰ ਨਰੇਂਦਰ ਮੋਦੀ ਵਾਂਗ ਅੰਗਰੇਜ਼ਾਂ ਨੇ ਇਨ੍ਹਾਂ ਦੇ ਪਾਸਪੋਰਟ ’ਤੇ ਹਮੇਸ਼ਾ ਰੀਫਿਊਜ਼ ਦੀ ਸਟੈਂਪ ਲਾ ਦਿੱਤੀ…।’’
ਉਨ੍ਹਾਂ ਨੇ ਵਿਚਕਾਰੋਂ ਹੀ ਟੋਕ ਕੇ ਕਿਹਾ ਸੀ, ‘‘ਹੁਣ ਬੱਸ ਵੀ ਕਰ। ਪਹਿਲਾਂ ਪੈੱਗ ਪਾ। ਮੈਨੂੰ ਫਿਲਮ ਦੇਖਣ ਦੇ।’’
ਮੈਨੂੰ ਉਨ੍ਹਾਂ ਦੇ ਪੈੱਗ ਦਾ ਅੰਦਾਜ਼ਾ ਸੀ। ਫੇਰ ਵੀ ਮੈਂ ਪੜ੍ਹਿਆਂ-ਲਿਖਿਆਂ ਵਾਲਾ ਪੈੱਗ ਪਾਇਆ ਸੀ। ਉਨ੍ਹਾਂ ਨੇ ਆਪਣੀਆਂ ਨਜ਼ਰਾਂ ਟੀਵੀ ਦੀ ਸਕਰੀਨ ’ਤੇ ਹੀ ਟਿਕਾਈ ਰੱਖੀਆਂ ਸਨ। ਇਕੋ ਸਾਹ ’ਚ ਗਿਲਾਸ ਖਾਲੀ ਕਰ ਦਿੱਤਾ ਸੀ। ਉਨ੍ਹਾਂ ਕਿਸੇ ਵੱਲ ਦੇਖਿਆ ਨਹੀਂ ਸੀ।
ਮੈਂ ਉਨ੍ਹਾਂ ਦੇ ਕੰਨ ਕੋਲ ਆਪਣਾ ਮੂੰਹ ਲਿਜਾ ਕੇ ਆਪਣੇ ਦੋਸਤਾਂ ਬਾਰੇ ਦੱਸਿਆ ਸੀ। ਮੈਂ ਕੁਝ ਪੁੱਛਣ ਹੀ ਲੱਗਾ ਸੀ ਕਿ ਉਨ੍ਹਾਂ ਬੁੱਲ੍ਹਾਂ ’ਤੇ ਉਂਗਲ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਸੀ।
ਪ੍ਰੋ. ਜਾਵੇਦ ਨੇ ਅਜੈ ਭਾਰਦਵਾਜ ਦੀ ਫਿਲਮ ‘ਰੱਬਾ ਹੁਣ ਕੀ ਕਰੀਏ’ ਉਥੋਂ ਲਾਈ ਸੀ ਜਿੱਥੇ ਮਾਲੇਰਕੋਟਲੇ ਲਾਗਲੇ ਪਿੰਡ ਦੇ ਇਕ ਅਪਟੂਡੇਟ ਸਰਦਾਰ ਨੇ ਦੱਸਣਾ ਸ਼ੁਰੂ ਕਰ ਕੀਤਾ ਸੀ…..‘‘ਉਨ੍ਹਾਂ ਦਿਨੀਂ ਮੈਂ ਇੱਥੇ ਖੜਾ ਹੁੰਦਾ ਸੀ। ਔਹ ਸਾਹਮਣਿਉਂ ਮੈਂ ਮੁਸਲਮਾਨਾਂ ਦੇ ਪਰਿਵਾਰਾਂ ਨੂੰ ਟੋਲੀਆਂ ’ਚ ਤੇ ਇਕੱਲੇ-ਇਕੱਲੇ ਵੀ ਜਾਂਦਿਆਂ ਦੇਖਿਆ ਸੀ। ਇਕ ਦਿਨ ਇਕ ਔਰਤ ਜਾ ਰਹੀ ਸੀ। ਉਸ ਦੇ ਸਿਰ ’ਤੇ ਟਰੰਕ ਰੱਖਿਆ ਸੀ। ਕੁੱਛੜ ਬੱਚਾ ਚੁੱਕਿਆ ਸੀ। ਸਾਡੇ ਪਿੰਡ ਦਾ ਜਮਨਾ ਉਸ ਮਗਰ ਦੌੜਿਆ ਸੀ। ਜਦੋਂ ਜਮਨਾ ਔਰਤ ਦੇ ਨੇੜੇ ਪਹੁੰਚ ਗਿਆ ਤਾਂ ਉਸ ਔਰਤ ਨੇ ਟਰੰਕ ਸੁੱਟ ਦਿੱਤਾ ਸੀ। ਉਹ ਸੰਨਤੋੜ ਦੌੜੀ ਸੀ। ਜਮਨੇ ਨੂੰ ਪਿੱਛਾ ਕਰਦਿਆਂ ਦੇਖ ਕੇ ਔਰਤ ਨੇ ਆਪਣਾ ਬੱਚਾ ਵੀ ਸੁੱਟ ਦਿੱਤਾ ਸੀ। ਜਮਨੇ ਨੇ ਪਹਿਲਾਂ ਬੱਚਾ ਚੁੱਕਿਆ ਸੀ। ਫੇਰ ਟਰੰਕ। ਪਿੰਡ ਕੋਲ ਆ ਕੇ ਉਸ ਬੱਚੇ ਨੂੰ ਲੱਤਾਂ ਤੋਂ ਫੜ ਕੇ, ਘੁੰਮਾ ਕੇ ਉਸ ਦਾ ਸਿਰ ਟਾਹਲੀ ’ਚ ਮਾਰਿਆ ਸੀ। ਪਿੰਡ ਵਾਲਿਆਂ ਨੇ ਇਹਨੂੰ ਪੁੰਨ ਵਾਲਾ ਕੰਮ ਕਿਹਾ ਸੀ। ਜਮਨੇ ਨੂੰ ਦੁੱਧ ਪਿਲਾਇਆ ਸੀ। ਫੇਰ ਮੈਂ ਇਸੇ ਜਮਨੇ ਨੂੰ ਪਿਛਲੀ ਉਮਰੇ ਕੁੱਤੇ ਦੀ ਮੌਤੇ ਮਰਦਿਆਂ ਦੇਖਿਆ ਸੀ। ਉਸ ਦੇ ਸਿਰ ’ਚ ਕੀੜੇ ਪੈ ਗਏ ਸਨ।’’
ਤਾਇਆ ਜੀ ਦੇ ਕਹਿਣ ’ਤੇ ਪ੍ਰੋ. ਜਾਵੇਦ ਨੇ ਦੋ ਵਾਰੀ ਰੀਵਾਇੰਡ ਕਰਕੇ ਫਿਲਮ ਚਲਾਈ ਸੀ।
ਡਾ. ਕਲੇਰ ਨੇ ਰਿਮੋਟ ਕੰਟਰੋਲ ਨਾਲ ਆਵਾਜ਼ ਉੱਚੀ ਕਰ ਦਿੱਤੀ ਸੀ।
ਤਾਇਆ ਜੀ ਉੱਠ ਕੇ ਖੜ ਗਏ ਸਨ। ਜਿਵੇਂ ਉਨ੍ਹਾਂ ਦੇ ਪੈਰਾਂ ਹੇਠ ਕਿਸੇ ਨੇ ਅੱਗ ਦੇ ਅੰਗਾਰੇ ਰੱਖ ਦਿੱਤੇ ਹੋਣ। ਉਨ੍ਹਾਂ ਦੋਵੇਂ ਹੱਥ ਜੋੜ ਕੇ ਉਤਾਂਹ ਨੂੰ ਦੇਖਿਆ ਸੀ ਤੇ ਮਰੀ ਜਿਹੀ ਆਵਾਜ਼ ’ਚ ਕਿਹਾ ਸੀ, ‘‘ਹੇ ਰੱਬਾ, ਇਹ ਤੂੰ ਕੀ-ਕੀ ਰੰਗ ਦਿਖਾਏ ਸੀ।’’
ਉਨ੍ਹਾਂ ਦਾ ਸਰੀਰ, ਭਿੱਜੀ ਹੋਈ ਬਕਰੀ ਵਾਂਗ ਕੰਬਿਆ ਸੀ। ਉਨ੍ਹਾਂ ਸਾਡੇ ਵੱਲ ਉਪਰਿਆਂ ਵਾਂਗ ਦੇਖਿਆ ਸੀ। ਮੈਨੂੰ ਲੱਗਾ ਸੀ ਕਿ ਜ਼ਿਆਦਾ ਉਮਰ ਹੋਣ ਕਰੇ ਉਹ ਕਮਜ਼ੋਰ ਹੋ ਗਏ ਸਨ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਕਿ ਮੈਨੂੰ ਇੰਨੀ ਛੇਤੀ ਅਜਿਹੀ ਭਾਵੁਕ ਕਿਸਮ ਦੀ ਫਿਲਮ ਨਹੀਂ ਦਿਖਾਉਣੀ ਚਾਹੀਦੀ ਸੀ।
ਉਨ੍ਹਾਂ ਕਿਹਾ ਸੀ, ‘‘ਪੁੱਤ-ਮੈਨੂੰ ਪਿੰਡ ਛੱਡ ਆ। ਮੈਨੂੰ ਦਿਸਣੋਂ ਹੱਟਦਾ ਜਾਂਦਾ।’’
ਉਨ੍ਹਾਂ ਨੂੰ ਨੌਰਮਲ ਕਰਨ ਲਈ ਮੈਂ ਇਕ ਹੋਰ ਪੈੱਗ ਪਾ ਕੇ ਦਿੱਤਾ ਸੀ। ਉਨ੍ਹਾਂ ਨੀਵੀਂ ਪਾਈ ਹੀ ਗਿਲਾਸ ਖਾਲੀ ਕਰਕੇ ਮੇਰੇ ਵੱਲ ਨੂੰ ਕਰ ਦਿੱਤਾ ਸੀ। ਕਿਹਾ ਸੀ, ‘‘ਮੇਰਾ ਗਿਲਾਸ ਭਰ ਦੇ।’’
ਡਾ. ਕਲੇਰ ਨੇ ਮੈਨੂੰ ਇਸ਼ਾਰਾ ਕੀਤਾ ਸੀ ਕਿ ਮੈਂ ਉਨ੍ਹਾਂ ਨੂੰ ਹੋਰ ਪੈੱਗ ਨਾ ਦਵਾਂ। ਵਿਸਕੀ ਤੇਜ਼ ਸੀ। ਇਹ ਨੇ ਤਾਇਆ ਜੀ ਦੇ ਪੈਰ ਚੁੱਕ ਦੇਣੇ ਸਨ। ਫੇਰ ਉਹ ਬੋਲਣ ਜੋਗੇ ਨਹੀਂ ਰਹਿਣੇ ਸਨ।
ਪ੍ਰੋ. ਜਾਵੇਦ ਨੇ ਮੇਰੇ ਹੱਥੋਂ ਬੋਤਲ ਫੜ ਲਈ ਸੀ ਤੇ ਗਿਲਾਸ ਭਰ ਕੇ ਤਾਇਆ ਜੀ ਨੂੰ ਫੜਾ ਦਿੱਤਾ ਸੀ।
ਤਾਇਆ ਜੀ ਚੁੱਪ ਸਨ।
ਸਾਨੂੰ ਉਨ੍ਹਾਂ ਦੀ ਚੁੱਪ ਅੱਖਰੀ ਸੀ।
ਮੈਂ ਉਨ੍ਹਾਂ ਨੂੰ ਗੱਲੀਂ ਲਾਉਣ ਲਈ ਆਪਣੇ ਭਾਪਾ ਦੀ ਜੀਆਂ ਗੱਲਾਂ ਛੇੜ ਲਈਆਂ ਸਨ। ਉਹ ਭਾਪਾ ਜੀ ਦੇ ਹਮਉਮਰ ਸਨ। ਉਨ੍ਹਾਂ ਦੋਹਾਂ ਨੇ ਇਕੋ ਹੀ ਦੁਕਾਨ ’ਤੇ ਚਾਲੀ ਸਾਲ ਕੰਮ ਕੀਤਾ ਸੀ। ਸਾਡੇ ਪਰਿਵਾਰਾਂ ਦਾ ਆਪਸ ’ਚ ਆਉਣ ਜਾਣ ਸੀ। ਬਹੁਤ ਹੀ ਜ਼ਿਆਦਾ। ਭਾਵੇਂ ਉਹ ਭਾਪਾ ਜੀ ਤੋਂ ਉਮਰ ’ਚ ਵੱਡੇ ਸਨ ਪਰ ਉਹ ਭਾਪਾ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਕਿਉਂਜੁ ਉਨ੍ਹਾਂ ਭਾਪਾ ਜੀ ਕੋਲੋਂ ਸੁਨਿਆਰਾ ਕੰਮ ਸਿੱਖਿਆ ਸੀ। ਇਕ ਵਾਰ, ਜਦੋਂ ਮੋਰਾਰਜੀ ਦੇਸਾਈ ਨੇ ਨਵੀਂ ਗੋਲਡ ਪਾਲਿਸੀ ਲਾਗੂ ਕੀਤੀ ਸੀ ਤਾਂ ਸਰਾਫਾਂ ਦੇ ਕੰਮ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਸਨ। ਫੜੋ-ਫੜਾਈ ਚੱਲ ਰਹੀ ਸੀ। ਉਨ੍ਹੀਂ ਦਿਨੀਂ ‘ਜਗਦੰਬੇ ਜਿਊਲਰਜ਼’ ਨੇ ਆਪਣੀ ਦੁਕਾਨ ਨੂਰਮਹਿਲ ਤੋਂ ਬਦਲ ਕੇ ਤਾਇਆ ਜੀ ਦੇ ਪਿੰਡ ਲੈ ਆਂਦੀ ਸੀ। ਸਾਰੇ ਕਾਰੀਗਰ ਇੱਥੇ ਆ ਗਏ ਸਨ। ਦੋ ਸਾਲ ਤਾਇਆ ਜੀ ਦੇ ਚੁਬਾਰੇ ’ਚ ਟੂੰਬਾਂ ਬਣਾਉਣ ਦਾ ਕੰਮ ਚਲਾਇਆ ਸੀ। ਇਨ੍ਹਾਂ ਦਿਨ੍ਹਾਂ ’ਚ ਉਨ੍ਹਾਂ ਤੇ ਭਾਪਾ ਜੀ ਵਿਚਕਾਰ ਰਿਸ਼ਤੇ ਹੋਰ ਗੂੜੇ ਹੋ ਗਏ ਸਨ। ਭਾਪਾ ਜੀ ਰਾਤ ਨੂੰ ਵੀ ਉੱਥੇ ਹੀ ਰੁਕ ਜਾਂਦੇ ਸਨ। ਹੁਣ ਭਾਵੇਂ ਭਾਪਾ ਜੀ ਇਸ ਦੁਨੀਆਂ ’ਚ ਨਹੀਂ ਰਹੇ ਸਨ ਪਰ ਤਾਇਆ ਜੀ ਜਦੋਂ ਵੀ ਨੂਰਮਹਿਲ ਆਉਂਦੇ, ਸਾਡੇ ਘਰ ਅਵੱਸ਼ ਗੇੜਾ ਮਾਰਦੇ ਸਨ। ਸਾਡੇ ਦੁੱਖਾਂ-ਸੁੱਖਾਂ ’ਚ  ਸ਼ਾਮਿਲ ਹੁੰਦੇ ਸਨ।
ਪ੍ਰੋ. ਜਾਵੇਦ ਨੇ ਉਨ੍ਹਾਂ ਨੂੰ ਛੇੜਣ ਲਈ ਮੈਨੂੰ ਇਸ਼ਾਰਾ ਕੀਤਾ ਸੀ।
ਉਨ੍ਹਾਂ ਦੇ ਚਿਹਰੇ ’ਤੇ ਅਜੀਬ ਤਰ੍ਹਾਂ ਦੀ ਘਬਰਾਹਟ, ਦੁੱਖ ਤੇ ਖ਼ਾਮੋਸ਼ੀ ਦੇ ਭਾਵ ਸਨ। ਉਨ੍ਹਾਂ ਨੇ ਮੇਰੇ ਵੱਲ ਮੂੰਹ ਘੁੰਮਾ ਕੇ ਪੁੱਛਿਆ ਸੀ, ‘‘ਪੁੱਤ, ਕਦੋਂ ਆਇਆਂ ਸਪੇਨ ਤੋਂ?’’
‘‘ਪੰਜ ਦਿਨ ਪਹਿਲਾਂ। ਮੈਂ ਤੁਹਾਨੂੰ ਦੱਸਿਆ ਤਾਂ ਸੀ।’’
‘‘ਮੈਨੂੰ ਚੇਤਾ ਭੁੱਲ ਗਿਆ। ਕਦੋਂ ਵਾਪਸ ਜਾਣਾ?’’
‘‘ਤਿੰਨ ਹਫਤਿਆਂ ਬਾਅਦ।’’
‘‘ਮੈਨੂੰ ਕਾਸ ਲਈ ਸੱਦਿਆ ਸੀ?’’
‘‘ਤੁਸੀਂ ਮੇਰੇ ਤਾਇਆ ਜੀ ਹੋ। ਮੈਂ ਤੁਹਾਨੂੰ ਕਿਉਂ ਨ੍ਹੀਂ ਸੱਦ ਸਕਦਾ।’’ ਮੈਂ ਇਕ ਵਾਰ ਫੇਰ ਉਨ੍ਹਾਂ ਦੇ ਗੋਢੀਂ ਹੱਥ ਲਾਇਆ ਸੀ। ਅੱਗੋਂ ਉਨ੍ਹਾਂ ਮੈਨੂੰ ਜੱਫੀ ਪਾ ਲਈ ਸੀ।
‘‘ਬਾਰਾਂ ਬੱਚਿਆਂ ਵਾਲੀ ਉਹ ਕਹਾਣੀ ਸੁਣਾਉ-ਜਿਹੜੀ ਤੁਸੀਂ ਭਾਪਾ ਜੀ ਨਾਲ ਸ਼ਰਾਬ ਪੀਂਦਿਆਂ ਹੋਇਆਂ ਇਕ ਵਾਰ ਸੁਣਾਈ ਸੀ।’’
‘‘ਪਹਿਲਾਂ-ਮੈਨੂੰ ਇਕ ਹੋਰ ਪੈੱਗ ਪਾ ਕੇ ਦੇ। ਗਿਲਾਸ ਭਰ ਦੇ। ਨਕੋ-ਨੀਕ। ਮੈਂ ਸੱਚ ਬੋਲਣ ਜੋਗਾ ਤਾਂ ਹੋ ਜਾਵਾਂ…..। ਪੁੱਤ ਆਹ ਫਿਲਮ ਦੀ ਕਹਾਣੀ ਤਾਂ ਕੁਸ਼ ਵੀ ਨ੍ਹੀਂ। ਮੈਂ ਇਸ ਤੋਂ ਵੱਡਾ ਪਾਪ ਹੁੰਦਾ ਆਪਣੀ ਅੱਖੀਂ ਦੇਖਿਆ ਸੀ। ਪਾਪ। ਅਨਰਥ। ਆਹ ਦੇਖ ਮੇਰਾ ਜ਼ਖਮ। ਪਿਛਲੇ ਤੀਹ ਸਾਲਾਂ ਤੋਂ ਇਸ ਨੂੰ ਰੱਤੀ ਭਰ ਵੀ ਮੋੜ ਨ੍ਹੀਂ ਪਿਆ। ਮੈਂ ਦੇਸੀ ਦਵਾ-ਦਾਰੂ ਬਥੇਰੀ ਕੀਤੀ। ਅੰਗਰੇਜ਼ੀ ਇਲਾਜ ਵੀ ਕਰਵਾਇਆ। ਮੁੰਡਿਆਂ ਨੇ ਲੱਖਾਂ ਰੁਪਏ ਖਰਚ ਦਿੱਤੇ। ਜੋਕਾਂ ਲਵਾਈਆਂ ਪਰ ਆਹ ਬਾਰ੍ਹਾਂ ਜ਼ਖ਼ਮ ਨ੍ਹੀਂ ਭਰੇ। ਇਹ ਭਰਨੇ ਵੀ ਨ੍ਹੀਂ। ਇਕ ਵਾਰ ਇਸ ’ਚ ਕੀੜੇ ਪੈ ਗਏ ਸੀ। ਮੈਂ ਤਿੰਨ ਦਿਨ ਉਨ੍ਹਾਂ ਨੂੰ ਕੁਸ਼ ਨ੍ਹੀਂ ਕਿਹਾ ਸੀ। ….ਮਰੇ ਬੱਚੇ ਮੈਨੂੰ ਦਿੱਸਦੇ ਸਨ। ਚੌਥੇ ਦਿਨ, ਜਦੋਂ ਦਰਦ ਨਾਲ ਮੈਂ ਬੇਹੋਸ਼ ਹੋਣ ਵਾਲਾ ਸੀ ਤਾਂ ਤੇਰੀ ਤਾਈ ਨੇ ਫਿਨਾਇਲ ਦੇ ਤੇਲ ਦਾ ਤੂੰਬਾ ਅਗਾਂਹ ਨੂੰ ਕਰਕੇ ਧੱਕਿਆ ਸੀ।….ਮੈਂ ਆਪਣੇ ਕੀਤੇ ਦੀ ਸਜ਼ਾ ਭੁਗਤ ਰਿਹਾਂ। ਅਜੇ ਹੋਰ ਪਤਾ ਨ੍ਹੀਂ ਕਿੰਨੀ ਕੁ ਭੁਗਤਣੀ ਆ…।’’
ਪ੍ਰੋ. ਜਾਵੇਦ, ਡਾ. ਕਲੇਰ ਤੇ ਕੈਮਰਾਮੈਨ ਕਦੇ ਮੇਰੇ ਮੂੰਹ ਵੱਲ ਤੇ ਕਦੇ ਤਾਇਆ ਜੀ ਦੇ ਮੂੰਹ ਵੱਲ ਦੇਖ ਰਹੇ ਸਨ।
ਮੈਂ ਉਨ੍ਹਾਂ ਨੂੰ ਛੇੜਿਆ ਸੀ, ‘‘ਵਿਚਕਾਰਲੀ ਗੱਲ ਤਾਂ ਦੱਸੋ।’’
ਉਨ੍ਹਾਂ ਨੇ ਕਿਹਾ ਸੀ, ‘‘ਪੁੱਤ ਸੱਚ ਦੱਸਣਾ ਬਹੁਤ ਔਖਾ ਹੁੰਦਾ। ਬਹੁਤ ਸਾਰੇ ਸੱਚ ਤਾਂ ਬੰਦੇ ਦੇ ਨਾਲ ਹੀ ਮਰ ਜਾਂਦੇ ਆ। ਉਹ ਐਨੇ ਭੈੜੇ ਕੰਮ ਕਰਦਾ ਆ ਕਿ ਕਿਸੇ ਨੂੰ ਦੱਸ ਹੀ ਨ੍ਹੀਂ ਸਕਦਾ। ਮੇਰਾ ਅੱਖੀਂ ਦੇਖਿਆ ਸੱਚ ਵੀ ਐਦਾਂ ਦਾ ਸੀ। ਦੱਸਣ ਨੂੰ ਮੇਰਾ ਹੌਂਸਲਾ ਨ੍ਹੀਂ ਪੈਂਦਾ। ਪਹਿਲਾਂ ਇਕ ਹੋਰ ਪੈੱਗ ਪਾ।’’
ਮੈਂ ਵਿਸ੍ਹਕੀ ਦਾ ਗਿਲਾਸ ਭਰ ਦਿੱਤਾ ਸੀ ਤੇ ਐਲ. ਸੀ.ਡੀ. ਦੀ ਆਵਾਜ਼ ਨਾ-ਮਾਤਰ ਕਰ ਦਿੱਤੀ ਸੀ।


ਉਨ੍ਹਾਂ ਦੱਸਿਆ ਸੀ, ‘‘ਰੌਲੇ ਪਏ ਤਾਂ ਆਲੇ ਦੁਆਲੇ ਦੇ ਪਿੰਡਾਂ ’ਚ ਲੁੱਟ-ਮਾਰ ਸ਼ੁਰੂ ਹੋ ਗਈ ਸੀ। ਨੂਰਮਹਿਲ ਬਹੁਤ ਸਾਰੇ ਮੁਸਲਮਾਨ ਰਹਿੰਦੇ ਸੀ। ਤਕੜੇ ਰਾਤੋਂ ਰਾਤ ਨਿਕਲ ਗਏ ਸੀ। ਗਰੀਬ-ਮਹਾਤੜ ਫਸ ਗਏ ਸੀ। ਮੈਂ, ਸੁਰਜਨ ਤੇ ਕਰਤਾਰਾ ਲੁੱਟਣ ਲਈ ਨੂਰਮਹਿਲ ਗਏ ਸੀ। ਅਸੀਂ ਕਈ ਘਰਾਂ ’ਚੋਂ ਚੀਜ਼ਾਂ ਇਕੱਠੀਆਂ ਕਰ ਲਈਆਂ ਸਨ। ਫੇਰ ਸਾਡੇ ਨਾਲ ਜੋਗਾ ਵੀ ਆ ਰਲਿਆ ਸੀ। ਉਸ ਦਾ ਘਰ ਬਿਲਗੇ ਨੂੰ ਜਾਂਦੇ ਰਾਹ ਵਾਲੇ ਪਾਸੇ ਪੈਂਦਾ ਆ। ਅਸੀਂ ਇਕ ਘਰ ’ਚ ਵੜੇ ਤਾਂ ਉਥੇ ਇਕ ਬੰਦ ਕਮਰੇ ’ਚ ਕਈ ਨਿਆਣੇ ਸਨ। ਦੋ ਤੋਂ ਲੈ ਕੇ ਅੱਠ ਸਾਲਾਂ ਦੀ ਉਮਰ ਦੇ। ਉਹ ਸਹਿਮੇ ਤੇ ਡਰੇ ਹੋਏ ਸਨ। ਉਹ ‘ਅੰਮਾ ਕਿੱਥੇ ਆ। ਅੰਮਾ ਕਿਥੇ ਆ।’ ਪੁੱਛ ਰਹੇ ਸੀ। ਅਸੀਂ ਸੋਚੀਂ ਪੈ ਗਏ ਕਿ ਇਨ੍ਹਾਂ ਦਾ ਕੀ ਕਰੀਏ। ਘਰ ’ਚ ਕੋਈ ਸਿਆਣਾ ਨ੍ਹੀਂ ਸੀ। ਘਰ ਚੀਜ਼ਾਂ ਨਾਲ ਭਰਿਆ ਪਿਆ ਸੀ। ਸਾਨੂੰ ਪਤਾ ਨਾ ਲੱਗੇ ਕਿ ਅਸੀਂ ਇੱਥੋਂ ਕੀ-ਕੀ ਚੁੱਕੀਏ। ਅਸੀਂ ਜੱਕੋ-ਤੱਕੀ ਕਰਦੇ ਬਾਹਰ ਵੀਹੀ ’ਚ ਆ ਕੇ ਖੜ ਗਏ ਸੀ। ਪੰਜ-ਸੱਤ ਮਿੰਟਾਂ ਬਾਅਦ ਸਾਨੂੰ ਪੰਡਤ ਬਿਸ਼ਨ ਦਾਸ ਆਉਂਦਾ ਦਿੱਸਿਆ ਸੀ। ਉਹ ਨੇੜੇ ਆਇਆ ਤਾਂ ਸੁਰਜਨ ਨੇ ਉਹਨੂੰ ਬੱਚਿਆਂ ਬਾਰੇ ਦੱਸਿਆ ਸੀ। ਉਹਨੇ ਸਾਨੂੰ ਕਿਹਾ ਕਿ ਅਸੀਂ ਉਨ੍ਹਾਂ ਬੱਚਿਆਂ ਦਾ ਅਰਦਾਸਾ ਸੋਧ ਦਈਏ। ਸਪੋਲੀਆਂ ਨੂੰ ਜੀਉਂਦਾ ਨ੍ਹੀਂ ਰੱਖਣਾ ਚਾਹੀਦਾ। ਉਹਨੇ ਇਸ ਕੰਮ ਲਈ ਮੈਨੂੰ ਦਸ ਰੁਪਏ ਫੜਾਏ ਸੀ। ਅਸੀਂ ਨਾਂਹ-ਨਾਂਹ ਕਰੀ ਗਏ ਸੀ। ਸਾਡੇ ’ਚੋਂ ਕਿਸੇ ਦਾ ਵੀ ਉਨ੍ਹਾਂ ਨੂੰ ਮਾਰਨ ਦਾ ਹੀਆ ਨਹੀਂ ਪੈਂਦਾ ਸੀ। ਬਿਸ਼ਨ ਦਾਸ ਨੇ ਮੁਸਲਮਾਨਾਂ ਵੱਲੋਂ ਹਿੰਦੂਆਂ ਤੇ ਸਿੱਖਾਂ ਦੇ ਕਤਲੇਆਮ ਦੀਆਂ ਅਨੇਕਾਂ ਘਟਨਾਵਾਂ ਸੁਣਾਈਆਂ ਸੀ। ਉਦੋਂ ਹੀ ਜਵਾਲਾ ਸਿੰਘ ਵੀ ਆ ਗਿਆ ਸੀ। ਉਹਨੇ ਸਾਨੂੰ ਹੱਲਾ-ਸ਼ੇਰੀ ਦਿੱਤੀ ਸੀ। ਅਸੀਂ ਤਿੰਨਾਂ ਨੇ ਬੱਚਿਆਂ ਨੂੰ ਭੇੜ ਬਕਰੀਆਂ ਵਾਂਗ ਹੱਕ ਲਿਆ ਸੀ। ਸ਼ਹਿਰੋਂ ਬਾਹਰ ਨਕੋਦਰ ਵਾਲੇ ਪਾਸੇ ਆਬੇ ਕੋਲ ਲੈ ਆਏ ਸੀ। ਜਵਾਲੇ ਤੇ ਜੋਗੇ ਨੇ ਵੱਡਾ ਸਾਰਾ ਟੋਆ ਪੁੱਟਿਆ ਸੀ। ਅਸੀਂ ਇਕ-ਇਕ ਕਰਕੇ ਬੱਚਿਆਂ ਨੂੰ ਟੋਏ ’ਚ ਸੁੱਟਿਆ ਸੀ। ਮੈਂ ਗਿਣਤੀ ਕੀਤੀ ਸੀ। ਬਾਰਾਂ ਬੱਚੇ ਸੀ। ਬੱਚਿਆਂ ਨੇ ਚੀਕਾਂ ਮਾਰੀਆਂ ਸੀ। ਮੈਂ ਕੰਨਾਂ ’ਚ ਉਂਗਲਾਂ ਲੈ ਲਈਆਂ ਸੀ। ਅੱਖਾਂ ਬੰਦ ਕਰ ਲਈਆਂ ਸੀ। ਮੈਨੂੰ ਤਾਂ ਕੰਬਣੀ ਛਿੜ ਗਈ ਸੀ। ਜਵਾਲੇ ਤੇ ਜੋਗੇ ਨੇ ਜਿਉਂਦਿਆਂ ਬੱਚਿਆਂ ਨੂੰ ਦਫਨ ਕਰ ਦਿੱਤਾ ਸੀ। ਮੈਂ ਤਾਂ ਦਸ ਰੁਪਏ ਸੁੱਟ ਕੇ ਸਨਤੋੜ ਪਿੰਡ ਨੂੰ ਦੌੜ ਆਇਆ ਸੀ।’’ ਉਹਨਾਂ ਅੱਖਾਂ ਬੰਦ ਕਰ ਲਈਆਂ ਸਨ। ਮੂੰਹ ’ਚ ਕਿੰਨਾ ਚਿਰ ਬੁੜਬੁੜਾਏ ਸੀ ਤੇ ਫੇਰ, ਜਿਵੇਂ ਆਪਣੀ ਗੁਆਚੀ ਹੋਈ ਤਾਕਤ ਇਕੱਠੀ ਕਰ ਰਹੇ ਹੋਣ, ਉਵੇਂ ਜਿਹਾ ਕੀਤਾ ਸੀ। ਉਹ ਪਹਿਲਾਂ ਨਾਲੋਂ ਉੱਚੀ ਆਵਾਜ਼ ’ਚ ਬੋਲੇ ਸੀ, ‘‘ਮੈਂ ਆਪਣੇ ਜਿਉਂਦਿਆਂ ਜੀਅ ਇਹ ਜ਼ਖਮ ਨ੍ਹੀਂ ਭਰਣ ਦੇਣੇ। ਇਹ ਜ਼ਖਮ ਰਿਸਦੇ ਰਹਿਣੇ ਚਾਹੀਦੇ ਆ। ਇਨ੍ਹਾਂ ’ਚ ਵਾਰ-ਵਾਰ ਕੀੜੇ ਪੈਣੇ  ਚਾਹੀਦੇ ਆ। ਮੈਂ ਤਾਂ ਜਮਨੇ ਨਾਲੋਂ ਵੀ ਮਾੜੀ ਮੌਤੇ ਮਰਨਾ ਚਾਹੁੰਦਾ ਆਂ।’’
ਉਨ੍ਹਾਂ ਨੇ ਬੋਤਲ ਚੁੱਕੀ ਸੀ ਤੇ ਆਪਣੇ ਅੱਲੇ ਜ਼ਖਮਾਂ ’ਤੇ ਆਏ ਖਰਿੰਡਾਂ ਨੂੰ ਨੌਹਾਂ  ਨਾਲ ਛੇੜ ਕੇ ਉਪਰ ਸ਼ਰਾਬ ਡੋਲਣੀ ਸ਼ੁਰੂ ਕਰ ਦਿੱਤੀ ਸੀ।
ਸਾਡੇ ’ਚ ਇੰਨੀ ਤਾਕਤ ਨਹੀਂ ਰਹੀ ਸੀ ਕਿ ਅਸੀਂ ਉਨ੍ਹਾਂ ਨੂੰ ਰੋਕ ਸਕੀਏ।
ਪ੍ਰੋ. ਜਾਵੇਦ ਨੇ ਜੇਬ ’ਚੋਂ ਰੁਮਾਲ ਕੱਢ ਕੇ ਅੱਖਾਂ ਪੂੰਝੀਆਂ ਸਨ। ਹਰੀ ਭਟਨਾਗਰ ਕੋਲੋਂ ਵੀਡਿਓ ਕੈਮਰਾ ਖੋਹ ਲਿਆ ਸੀ। ਕੈਸਿਟ ਕੱਢ ਕੇ ਬਾਹਰ ਗਟਰ ’ਚ ਸੁੱਟ ਆਂਦੀ ਸੀ।

-ਜਿੰਦਰ, ਜਲੰਧਰ

ਜਿੰਦਰ ਦੀਆਂ ਸਾਰੀਆਂ ਕਹਾਣੀਆਂ ਪੜ੍ਹੋਹੋਰ ਪੰਜਾਬੀ ਕਹਾਣੀਆਂ ਪੜ੍ਹੋਬਿਹਤਰੀਨ ਪੰਜਾਬੀ ਕਿਤਾਬਾਂਸੰਪਾਦਕ ਦੀ ਕਲਮ ਤੋਂ

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: