ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ,
ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ।
ਸਾਡੀ ਪੈਲੀਆਂ ਦਾ ਨੂਰ, ਚੜ੍ਹੇ ਵੇਖ ਕੇ ਸਰੂਰ
ਤੋੜ ਦਿਆਂਗੇ ਗ਼ਰੂਰ, ਤੇਰਾ ਜ਼ੋਰ ਵੇਹਲੜਾ।
ਹੁਣ ਚੱਲਣਾ ਨੀ,
ਹੁਣ ਚੱਲਣਾ ਨੀ, ਤੇਰਾ ਕੋਈ ਜ਼ੋਰ ਵੇਹਲੜਾ।
ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸਭੇ
ਰੱਜਣਗੇ ਕਿਰਤੀ ਕਿਸਾਨ ਮੁੜ ਕੇ।
ਜ਼ਰਾ ਹੱਲਾ ਮਾਰੋ,
ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ।
ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ,
ਆਖਦੇ ਨੇ ਲੋਕ ਹਿੱਕਾਂ ਠੋਕ ਹਾਣੀਆਂ।
ਹੜ੍ਹ ਲੋਕਤਾ ਦਾ,
ਹੜ੍ਹ ਲੋਕਤਾ ਦਾ ਕਿਹੜਾ ਸਕੇ ਰੋਕ ਹਾਣੀਆਂ।
ਬਣ ਕੇ ਘਟਾਵਾਂ ਅਸੀਂ ਧਰਤੀ ‘ਵਸਣਾ ਏ,
ਧੋਆਂਗੇ ਗੁਬਾਰ ਜਿਹੜੇ ਵਿਚ ਪੌਣ ਦੇ।
ਸਿਰ ਵੱਢਣੇ ਨੇ
ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੌਣ ਦੇ।
ਵਿਹਲੜਾਂ ਨੇ ਮਾਣਿਆਂ ਸਵਾਦ ਹੈ ਅਜ਼ਾਦੀਆਂ ਦਾ,
ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ।
ਤੇਰੇ ਜ਼ੁਲਮਾਂ ਦੀ,
ਤੇਰੇ ਜ਼ੁਲਮਾਂ ਦੀ, ਜ਼ਾਲਮਾਂ ਅਖੀਰ ਹੋਈ ਏ।
ਸੁਣ ਲਵੋ ਕਾਗੋ ਅਸੀਂ ਕਰ ਦੇਣਾ ਥੋਨੂੰ ਪੁੱਠੇ,
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ।
ਰੋਟੀ ਬੱਚਾਂ ਦੇ,
ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ।
ਕਿਰਨਾਂ ਦਾ ਆਲ੍ਹਣਾ ਤਾਂ ਬਣੇਗਾ ਆਕਾਸ਼ ਵਿਚ,
ਭੌਰ ਵੀ ਵਸੇਗਾ ਵਿਚ ਨਵੇਂ ਯੁੱਗ ਦਾ।
ਸਾਨੂੰ ਸੁਰਗਾਂ ਦਾ,
ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਪੁੱਗਦਾ।
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ,
ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ।
-ਸੰਤ ਰਾਮ ਉਦਾਸੀ
ਇਹ ਵੀ ਪੜ੍ਹੋ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply