ਅੰਮ੍ਰਿਤਾ-ਇਮਰੋਜ਼ ਦਾ ਘਰ – Home of Amrita-Imroz

ਅੰਮ੍ਰਿਤਾ ਨੂੰ ਗਿਆਂ ਛੇ ਸਾਲ ਹੋ ਗਏ ਨੇ… ਪਰ ਉਸ ਦੀਆਂ ਯਾਦਾਂ ਉਸ ਦੇ ਘਰ ਵਿਚ ਵੱਸਦੀਆਂ ਹਨ… ਸਾਡੇ ਸਭ ਦੇ ਦਿਲ ਵਿਚ ਵੱਸਦੀਆਂ ਹਨ… ਹੁਣ ਬੱਸ ਇਹ ਸਾਡੇ ਦਿਲਾਂ ਵਿਚ ਹੀ ਰਹਿਣਗੀਆਂ… ਕਿਉਂ ਕਿ ਅੰਮ੍ਰਿਤਾ ਦਾ ਘਰ ਹੁਣ ਢਹਿ ਗਿਐ… ਉਸ ਵਿਚ ਸੰਜੋਈਆਂ ਯਾਦਾਂ ਦੇ ਨਕਸ਼ ਮਲਬੇ ਦੀ ਕਬਰ ਹੇਠ ਦਫਨ ਹੋ ਗਏ ਨੇ… ਇਮਰੋਜ਼ ਨਵੇਂ ਘਰ ਆ ਗਿਐ… ਪਰ ਨਵੇਂ ਘਰ ਦਾ ਚਾਅ ਬਿਲਕੁਲ ਨਹੀਂ ਐ…ਇਹੋ ਜਿਹੇ ਨਵੇਂ ਘਰ ਦਾ ਚਾਅ ਹੋ ਵੀ ਕਿਵੇਂ ਸਕਦੈ… ਉਹ ਘਰ ਜੋ ਪੁਰਾਣੇ ਰਿਸ਼ਤਿਆਂ ਅਤੇ ਘਰ ਵਿਚ ਪੁੰਗਰੀਆਂ ਸੱਧਰਾਂ ਦੇ ਸ਼ਮਸ਼ਾਨ ਘਾਟ ਦੇ ਉੱਪਰ ਉੱਸਰਿਆ ਹੋਵੇ… ਉਸ ਨਵੇਂ ਘਰ ਦਾ ਚਾਅ ਨਾ ਉੱਥੇ ਰਹਿਣ ਵਾਲਿਆਂ ਨੂੰ ਹੋ ਸਕਦਾ ਹੈ ਅਤੇ ਨਾ ਜਾਣ ਵਾਲਿਆਂ ਨੂੰ…

ਅੰਮ੍ਰਿਤਾ ਪ੍ਰੀਤਮ ਦਾ ਹੌਜ਼ ਖ਼ਾਸ ਵਾਲਾ ਮਲਬੇ ਵਿਚ ਤਬਦੀਲ ਹੁੰਦਾ ਹੋਇਆ (ਤਸਵੀਰ ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)

ਮਲਬੇ ਦੇ ਢੇਰ ਵਿਚ ਤਬਦੀਲ ਹੋ ਗਿਆ ਅੰਮ੍ਰਿਤਾ ਦਾ ਇਹ ਉਹੀ ਘਰ ਸੀ… ਜਿੱਥੇ ਆਪਣਾ ਸਰੀਰ ਤਿਆਗ ਜਾਣ ਦੇ ਬਾਵਜੂਦ ਅੰਮ੍ਰਿਤਾ ਮੌਜੂਦ ਸੀ। ਜਿਸ ਦੀ ਫਿਜ਼ਾ ਵਿਚ ਅੰਮ੍ਰਿਤਾ ਦੇ ਸਾਹ ਘੁਲੇ ਹੋਏ ਸਨ। ਜਿਨ੍ਹਾਂ ਵਿਚੋਂ ਇਮਰੋਜ਼ ਅੱਜ ਵੀ ਸਾਹ ਲੈਂਦਾ ਸੀ। ਕੌਣ ਜਾਣੇ ਕਿਉਂ ਉਸ ਦੀ ਫਿਜ਼ਾ ਵਿਚ ਲਾਲਚ ਦਾ ਜ਼ਹਿਰ ਘੁੱਲ ਗਿਆ ਜਾਂ ਮਜਬੂਰੀ ਦੀ ਕੁੜੱਤਣ ਅਤੇ ਉਸ ਘਰ ਦੀਆਂ ਕੰਧਾ ਜੋ ਕਦੇ ਕੈਨਵਸ ਹੁੰਦੀਆਂ ਸਨ, ਉਸ ਘਰ ਦੀ ਛੱਤ ਜੋ ਕਦੇ ਸੁਪਨਿਆਂ ਦਾ ਆਸਮਾਨ ਸਜਾਉਂਦੀ ਸੀ, ਪਲਕ ਝਪਦਿਆਂ ਢਹਿ ਢੇਰੀ ਹੋ ਗਏ।

ਉਹੀ ਘਰ ਜਿਸ ਦੀ ਛੱਤ ਉੱਤੇ ਇਕ ਬਗੀਚਾ ਸੀ, ਜਿਸ ਵਿਚ ਰੱਖੇ ਗਮਲਿਆਂ ਵਿਚ ਰੰਗ-ਬਿਰੰਗੇ ਫੁੱਲ ਖਿੜਦੇ ਸਨ। ਉਵੇਂ ਜਿਵੇਂ ਅੰਮ੍ਰਿਤਾ ਦੇ ਹੱਥ ਵਿਚ ਫੜੀ ਕਲਮ ਦੇ ਕੋਰੇ ਕਾਗਜ਼ ਨੂੰ ਛੋਹਣ ਤੇ ਕਵਿਤਾਵਾਂ ਖਿੜ ਆਉਂਦੀਆਂ ਸਨ। ਇਮਰੋਜ਼ ਨੂੰ ਸ਼ਾਇਦ ਇਹ ਫੁੱਲ ਅੰਮ੍ਰਿਤਾ ਦੀਆਂ ਕਵਿਤਾਵਾਂ ਹੀ ਲੱਗਦੇ ਸਨ। ਇਸੇ ਲਈ ਅੰਮ੍ਰਿਤਾ ਦੇ ਤੁਰ ਜਾਣ ਤੋਂ ਬਾਅਦ ਵੀ ਇਸ ਘਰ ਨੂੰ ਛੱਡਣ ਤੋਂ ਪਹਿਲਾਂ ਤੱਕ ਇਮਰੋਜ਼ ਹਰ ਰੋਜ਼ ਸਵੇਰ-ਸ਼ਾਮ ਇਨ੍ਹਾਂ ਗਮਲਿਆਂ ਵਿਚ ਲੱਗੇ ਫੁੱਲ-ਬੂਟਿਆਂ ਨੂੰ ਪਾਣੀ ਦਿੰਦਾ ਰਿਹਾ ਸੀ। ਮੈਨੂੰ ਵੀ ਸ਼ਾਇਦ ਇਸ ਗੱਲ ਦਾ ਇਲਮ ਨਾ ਹੁੰਦਾ ਜੇ ਮੈਂ ਉਸ ਸ਼ਾਮ ਕੇ-25 ਹੌਜ ਖ਼ਾਸ ਵਾਲੇ ਓਸ ਘਰ ਨਾ ਗਿਆ ਹੁੰਦਾ, ਜਿਸ ਵੇਲੇ ਇਮਰੋਜ਼ ਛੱਤ ਵਾਲੇ ਬਗੀਚੇ ਨੂੰ ਪਾਣੀ ਲਾ ਰਿਹਾ ਸੀ।

ਇਮਰੋਜ਼ ਨਾਲ ਮੁਲਾਕਾਤ

ਘਰ ਦਾ ਗੇਟ ਲੰਘ ਕੇ ਜਦੋਂ ਮੈਂ ਪੌੜਿਆਂ ਕੋਲ ਪੁੱਜਾ ਤਾਂ ਮੈਂਨੂੰ ਧੁਰ ਸਿਖਰ ਵੱਲ ਜਾਂਦੀਆਂ ਪੌੜੀਆਂ ਦਾ ਰਾਹ ਦਿਖਾ ਦਿੱਤਾ ਗਿਆ ਸੀ। ਉੱਪਰ ਪਹੁੰਚਦਿਆਂ ਹੀ ਇਮਰੋਜ਼ ਦਾ ਖਿੜਿਆ ਹੋਇਆ ਚਿਹਰਾ ਦਿਸਿਆ ਸੀ। ਇਮਰੋਜ਼ ਨਾਲ-ਨਾਲ ਪਾਣੀ ਲਾ ਰਿਹਾ ਸੀ, ਨਾਲੇ ਗੱਲਾਂ ਕਰੀ ਜਾ ਰਿਹਾ ਸੀ। ਕਦੇ ਘਰ ਦੇ ਅਗਲੇ ਹਿੱਸੇ ਦੀ ਨੀਵੀਂ ਛੱਤ ਤੇ ਕਦੇ ਪਿਛਲੇ ਹਿੱਸੇ ਦੀ ਥੋੜ੍ਹੀ ਉੱਚੀ ਛੱਤ ਤੇ ਮੈਂ ਉਸ ਦੇ ਅੱਗੜ-ਪਿੱਛੜ ਘੁੰਮਦਾ ਰਿਹਾ, ਗੱਲਾਂ ਕਰਦਾ ਰਿਹਾ ਤੇ ਉਹ ਪੂਰੀ ਤਨਦੇਹੀ ਨਾਲ ਗਮਲਿਆਂ ਵਿਚ ਪਾਣੀ ਪਾਉਂਦਾ ਰਿਹਾ।

ਸੰਨ 2006 ਵਿਚ ਲੁਧਿਆਣਾ ਫੇਰੀ ਦੌਰਾਨ ਇਮਰੋਜ਼ ਨਾਲ ਯਾਦਗਾਰੀ ਪਲਾਂ ਦੌਰਾਨ ਦੀਪ ਜਗਦੀਪ ਸਿੰਘ

ਸ਼ਾਮ ਢਲ ਗਈ ਤਾਂ ਅਸੀ ਹੇਠਾਂ ਆ ਕੇ ਬਹਿ ਗਏ, ਚਾਰੇ ਪਾਸੇ ਅੰਮ੍ਰਿਤਾ ਦੀ ਹੋਂਦ ਦਾ ਅਹਿਸਾਸ ਸੀ, ਕਿਉਂ ਕਿ ਅੰਮ੍ਰਿਤਾ ਨੂੰ ਇਮਰੋਜ਼ ਨੇ ਕਦੀ ਵੀ ‘ਸੀ’ ਨਹੀਂ ਹੋਣ ਦਿੱਤਾ, ਹਮੇਸ਼ਾ ‘ਹੈ’ ਹੀ ਰਹਿਣ ਦਿੱਤਾ। ਉਸ ਸ਼ਾਮ ਦੋਬਾਰਾ ਕਦੇ ਫੇਰ ਆਉਣ ਦਾ ਖ਼ਿਆਲ ਲੈ ਕੇ ਮੈਂ ਘਰ ਮੁੜ ਆਇਆ। ਕਈ ਵਾਰ ਸੋਚਿਆ, ਕਿਸੇ ਦਿਨ ਫੇਰ ਅੰਮ੍ਰਿਤਾ ਤੇ ਇਮਰੋਜ਼ ਨੂੰ ਮਿਲ ਆਈਏ, ਉਸ ਘਰ ਨੂੰ ਮਿਲ ਆਈਏ… ਪਰ ਕਦੇ ਸੱਬਬ ਹੀ ਨਾ ਬਣ ਸਕਿਆ। ਮਹਾਂਨਗਰ ਦੀ ਜ਼ਿੰਦਗੀ, ਜ਼ਿੰਦਗੀ ਕਿੱਥੇ ਰਹਿ ਜਾਂਦੀ ਐ…

ਘਰ ਦੇ ਮਲਬਾ ਬਣਨ ਦੀ ਖ਼ਬਰ

ਇਸੇ ਕਸ਼-ਮ-ਕਸ਼ ਵਿਚ ਇਕ ਦਿਨ ਪੱਤਰਕਾਰ ਦੋਸਤ ਇਮਰਾਨ ਦਾ ਫੋਨ ਆਇਆ। ਕਹਿਣ ਲੱਗਾ, “ਮੈਂ ਹੌਜ਼ ਖ਼ਾਸ ਖੜ੍ਹਾਂ। ਅੰਮ੍ਰਿਤਾ ਦੇ ਘਰ ਦਾ ਪਤਾ ਦੱਸ। ਇਮਰੋਜ਼ ਨੂੰ ਮਿਲਣ ਨੂੰ ਜੀ ਕਰਦੈ। ਮੈਂ ਜਵਾਬ ਦਿੱਤਾ, “ਕੇ-25 ਕਿਸੇ ਨੂੰ ਵੀ ਪੁੱਛ ਲੈ। ਸੌਖਿਆਂ ਪਹੁੰਚ ਜਾਵੇਂਗਾ। ਥੋੜ੍ਹੀ ਦੇਰ ਬਾਅਦ ਫਿਰ ਫੋਨ ਆਇਆ। ਇਮਰਾਨ ਕਹਿੰਦਾ, “ਇੱਥੇ ਤਾਂ ਕੋਈ ਮਜਦੂਰ ਲੱਗੇ ਨੇ। ਘਰ ਦੀ ਤੋੜ-ਭੰਨ ਚੱਲ ਰਹੀ ਐ। ਘਰ ਹੈ ਤਾਂ ਇਹੀ ਨਾ?” ਮੈਨੂੰ ਲੱਗਿਆ ਉਹ ਕਿਸੇ ਹੋਰ ਘਰ ਮੂਹਰੇ ਖੜ੍ਹਾ ਹੈ। ਮੈਂ ਉਸ ਨੂੰ ਧਿਆਨ ਨਾਲ ਲੱਭਣ ਲਈ ਕਹਿ ਕਿ ਗੱਲ ਮੁਕਾ ਦਿੱਤੀ। ਉਸ ਤੋਂ ਬਾਅਦ ਨਾ ਉਸਦਾ ਫੋਨ ਆਇਆ। ਨਾ ਮੈਂ ਕੀਤਾ। ਨਾ ਇਸ ਬਾਰੇ ਕੋਈ ਗੱਲ ਹੋਈ। ਗੱਲ ਆਈ ਗਈ ਹੋ ਗਈ।

ਕੁਝ ਦਿਨਾਂ ਬਾਅਦ ਦਿੱਲੀ ਅਕਾਦਮੀ ਦੀ ਇਕ ਸਾਹਿਤਕ ਮਿਲਣੀ ਵਿਚ ਇਮਰੋਜ਼ ਨਾਲ ਮੁਲਾਕਾਤ ਹੋ ਗਈ। ਉਨ੍ਹਾਂ ਨਾਲ ਅੰਮੀਆਂ ਕੁੰਵਰ ਵੀ ਸੀ। ਅੰਮ੍ਰਿਤਾ ਨਾਲ ਮਿਲਦੇ ਜੁਲਦੇ ਨਾਮ ਵਾਲੀ ਆਪਣੀ ਮਹਿਬੂਬ ਨੂੰ ਇਮਰੋਜ਼ ਨਾਲ ਪਹਿਲੀ ਵਾਰ ਮਿਲਵਾਉਂਦਿਆਂ ਮੈਂ ਕਿਹਾ ਸੀ, “ਇਹ ਮੇਰੀ ਅੰਮ੍ਰਿਤਾ ਐ। ਇਹ ਬੜੀ ਸੋਹਣੀ ਕਵਿਤਾ ਲਿਖਦੀ ਐ।” ਇਮਰੋਜ਼ ਨੇ ਮੁਸਕੁਰਾਉਂਦਿਆਂ ਜਵਾਬ ਦਿੱਤਾ ਸੀ, “ਤੂੰ ਬੜੀ ਕਿਸਮਤ ਵਾਲਾ ਐਂ।” ਮੈਂ ਕਿਹਾ, “ਕਿਸੇ ਦਿਨ ਇੱਕਠੇ ਘਰ ਆਵਾਂਗੇ ਤੁਹਾਡੇ”। “ਜ਼ਰੂਰ” ਕਹਿ ਕਿ ਉਹ ਹੋਰ ਮਿਲਣ ਵਾਲਿਆਂ ਦੀ ਭੀੜ ਨਾਲ ਘਿਰ ਗਿਆ ਸੀ।

ਹੌਜ਼ ਖ਼ਾਸ ਵਾਲਾ ਘਰ ਟੁੱਟਣ ਤੋਂ ਬਾਅਦ ਨਵੇਂ ਘਰ ਵਿਚ ਇਮਰੋਜ਼

ਅੰਮੀਆਂ ਕੁੰਵਰ ਮੈਨੂੰ ਬਾਂਹ ਫੜ੍ਹ ਕੇ ਪਾਸੇ ਲੈ ਗਈ। ਹੌਲੀ ਜਿਹੀ ਉਸ ਨੇ ਪੁੱਛਿਆ ਸੀ, “ਤੈਨੂੰ ਪਤੈ ਨਾ। ਇਮਰੋਜ਼ ਨੇ ਘਰ ਬਦਲ ਲਿਐ।” ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਪਰ ਉਸ ਨੂੰ ਛੁਪਾ ਲੈਣਾ ਹੀ ਬਿਹਤਰ ਸੀ। ਨਾ ਮੈਂ ਵਿਸਤਾਰ ਵਿਚ ਜਾਣ ਦੀ ਹਾਲਤ ਵਿਚ ਸਾਂ ਤੇ ਨਾ ਹੀ ਮਾਹੌਲ ਦੱਸਣ ਵਾਲਾ ਸੀ। ਸੋ, ਅੰਮੀਆਂ ਨੇ ਨਵਾਂ ਪਤਾ ਲਿਖਾ ਦਿੱਤਾ।

ਘਰ ਜਾਂਦਿਆਂ ਸਾਰੇ ਰਾਹ ਮੈਂ ਇਹੀ ਸੋਚਦਾ ਰਿਹਾ ਕਿ ਇਹ ਤਾਂ ਸ਼ਾਇਦ ਇਕ ਦਿਨ ਹੋਣਾ ਹੀ ਸੀ। ਹੁਣ ਘਰ, ਘਰ ਰਹੇ ਹੀ ਨਹੀਂ। ਇਮਾਰਤਾਂ ਬਣ ਗਏ ਨੇ ਜਾਂ ਮਹਿੰਗੇ ਪਲਾਟ ਅਖਵਾਉਂਦੇ ਨੇ। ਦਿੱਲੀ ਵਰਗੇ ਮਹਾਂਨਗਰ ਅਤੇ ਹੌਜ਼ ਖ਼ਾਸ ਵਰਗੇ ਮੈਟਰੋ ਰੇਲ ਨਾਲ ਜੁੜੇ ਮਹਿੰਗੇ ਇਲਾਕੇ ਵਿਚ ਮਹਿੰਗੇ ਭਾਅ ਵਿਕਦੇ ਨੇ।

ਇਸ ਦਾ ਜੋ ਮੁੱਲ ਇਮਰੋਜ਼ ਦੇ ਦਿਲ ਵਿਚ ਸੀ, ਸਾਡੀਆਂ ਨਜ਼ਰਾਂ ਵਿਚ ਸੀ, ਉਹ ਸ਼ਾਇਦ ਰਹਿੰਦੀ ਦੁਨੀਆਂ ਤੱਕ ਕੋਈ ਨਾ ਪਾ ਸਕੇ। ਫਿਰ ਵੀ ‘ਮਾਰਕੀਟ ਰੇਟ’ ਦੇ ਹਿਸਾਬ ਨਾਲ ਇਸ ਪਲਾਟ ਦਾ ਮਹਿੰਗਾ ਮੁੱਲ ਜਰੂਰ ਪਿਆ ਹੋਣੈ। ਚੰਗਾ ਭਾਅ ਵੀ ਮਿਲ ਗਿਆ ਤੇ ਇਮਰੋਜ਼ ਦੇ ਰਹਿਣ ਦਾ ਇੰਤਜ਼ਾਮ ਵੀ ਹੋ ਗਿਆ, ਪਰ ਅੰਮ੍ਰਿਤਾ ਦਾ ਇਸ ਘਰ ਨੂੰ ਸੰਭਾਲੇ ਜਾਣ ਦਾ ਸੁਪਨਾ, ਸੁਪਨਾ ਹੀ ਬਣ ਕੇ ਰਹਿ ਗਿਆ। ਸੋਚਦਾਂ, ਉਸ ਮੱਕੇ ਜਿਹੇ ਘਰ ਦੇ ਢਹਿ ਜਾਣ ਦਾ ਦਰਦ ਵੀ ਉਸੇ ਦੇ ਮਲਬੇ ਵਿਚ ਦਫਨ ਕਰ ਆਵਾਂ…!!!

ਹੋਰ ਕਰ ਵੀ ਕੀ ਸਕਦੇ ਆਂ?

(ਇਸ ਲੇਖ 10 ਜੁਲਾਈ 2011 ਦੇ ਪੰਜਾਬੀ ਜਾਗਰਣ ਅਖ਼ਬਾਰ ਦੇ ਅਦਬ ਪੰਨੇ ‘ਤੇ ਛਪਿਆ ਸੀ )

ਅੰਮ੍ਰਿਤਾ ਪ੍ਰੀਤਮ ਬਾਰੇ ਹੋਰ ਲੇਖ ਪੜ੍ਹਨ ਲਈ ਕਲਿੱਕ ਕਰੋ

ਬਿਹਤਰੀਨ ਪੰਜਾਬੀ ਕਿਤਾਬਾਂ ਘਰ ਬੈਠੇ ਮੰਗਵਾਓ

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

1 thought on “ਅੰਮ੍ਰਿਤਾ-ਇਮਰੋਜ਼ ਦਾ ਘਰ – Home of Amrita-Imroz”

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: