ਨਵ-ਨਾਰੀਵਾਦ ਦੇ ਨਕਸ਼ ਤਲਾਸ਼ਦੀ ਪੰਜਾਬੀ ਕਹਾਣੀ
-ਬਲਦੇਵ ਸਿੰਘ ਧਾਲੀਵਾਲ–
ਪੰਜਾਬੀ ਕਹਾਣੀ ਆਪਣੇ ਪੂਰੇ ਜਲੌਅ ਵਿੱਚ ਹੈ। ਇਸ ਵਾਰ ਢਾਹਾਂ ਪੁਰਸਕਾਰ ਲਈ ਤਿੰਨੋ ਕਹਾਣੀ ਸੰਗ੍ਰਹਿ ਹੀ ਚੁਣੇ ਗਏ ਸਨ। ਸਾਹਿਤਯ ਅਕਾਦੇਮੀ, ਦਿੱਲੀ ਦਾ ਸਨਮਾਨ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਹਾਣੀ ਵਿਧਾ ਨੂੰ ਹੀ ਮਿਲ਼ ਰਿਹਾ ਹੈ। ਇਸ ਲਈ ਪੰਜਾਬੀ ਕਹਾਣੀ ਦਾ ਮੁਲਾਂਕਣ ਕਾਫ਼ੀ ਚੁਣੌਤੀ ਭਰਿਆ ਹੁੰਦਾ ਹੈ। ਖਦਸ਼ਾ ਬਣਿਆਂ ਰਹਿੰਦਾ ਹੈ ਕਿ ਕਿਤੇ ਕੋਈ ਮੁੱਲਵਾਨ ਕਹਾਣੀ ਅਣਗੌਲੀ ਨਾ ਰਹਿ ਜਾਵੇ ਜਾਂ ਕਿਸੇ ਦੂਜੇ, ਤੀਜੇ ਸਾਲ਼ 2022 ਦੀ ਪੰਜਾਬੀ ਕਹਾਣੀ ਦਾ ਲੇਖਾ -ਜੋਖਦਰਜੇ ਦੀ ਕਹਾਣੀ ਨੂੰ ਬੇਲੋੜਾ ਮਹੱਤਵ ਨਾ ਮਿਲ਼ ਜਾਵੇ। ਖ਼ੈਰ ਇਹ ਨਿਰਣਾ ਤਾਂ ਅੰਤ ਪੰਜਾਬੀ ਕਹਾਣੀ ਦੇ ਪਾਠਕ ਨੇ ਹੀ ਕਰਨਾ ਹੁੰਦਾ ਹੈ ਕਿ ਮੁਲਾਂਕਣ ਕਿੰਨਾ ਕੁ ਨਿਰਪੱਖ ਹੈ ਪਰ ਮੈਂ ਆਪਣੇ ਵਿਤ ਅਨੁਸਾਰ ਆਪਣੀ ਪੂਰੀ ਵਾਹ ਲਾਉਂਦਾ ਹਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਸਕਾਂ। ਨਵਾਂ ਜ਼ਮਾਨਾ ਅਖ਼ਬਾਰ ਦਾ ਸ਼ੁਕਰੀਆ ਕਿ ਪਿਛਲੇ ਵੀਹ ਬਾਈ ਸਾਲਾਂ ਤੋਂ ਉਨ੍ਹਾਂ ਮੈਨੂੰ ਇਸ ਖ਼ੁਸ਼ਗਵਾਰ ਆਹਰੇ ਲਾ ਰੱਖਿਆ ਹੈ। ਹੇਠਾਂ ਪੂਰੇ ਲੇਖ ਦੀ ਟੈਕਸਟ ਦਿੱਤੀ ਹੈ। ਅਦਾਰਾ ਰਾਗ਼ ਦਾ ਵੀ ਸ਼ੁਕਰੀਆ ਕਿ ਇਸ ਵਰ੍ਹੇ ਉਨ੍ਹਾਂ ਨੇ ਮੈਨੂੰ ਕਹਾਣੀਕਾਰ ਵਜੋਂ ਮਾਣ ਸਨਮਾਨ ਦਿੱਤਾ ਹੈ।
-ਡਾ. ਬਲਦੇਵ ਸਿੰਘ ਧਾਲੀਵਾਲ
ਪੰਜਾਬੀ ਸਾਹਿਤ-ਸਿਰਜਣਾ ਅਤੇ ਸਮੀਖਿਆ ਦੀ ਇਹ ਸਿਫ਼ਤ ਰਹੀ ਹੈ ਕਿ ਇਨ੍ਹਾਂ ਨੇ ਹਮੇਸ਼ਾਂ ਉਚੇਚ ਭਰੇ ਉਤਸ਼ਾਹ ਨਾਲ਼ ਨਵੇਂ ਵਿਸ਼ਵ-ਚਿੰਤਨ ਨਾਲ਼ ਵਰ ਮੇਚ ਕੇ ਚੱਲਣ ਲਈ ਸਲਾਹੁਣਯੋਗ ਹੰਭਲੇ ਮਾਰੇ ਹਨ। ਇਸ ਅਮਲ ਨੇ ਪੰਜਾਬੀ ਰਚਨਾ-ਦ੍ਰਿਸ਼ਟੀ ਨੂੰ ਸਮੇਂ ਸਮੇਂ ਨਵੀਂ ਊਰਜਾ ਦਿੱਤੀ ਹੈ ਜਿਸ ਸਦਕਾ ਪੰਜਾਬੀ ਰਚਨਾਕਾਰ ਅਤੇ ਚਿੰਤਕ ਸੁਚੇਤ ਅਤੇ ਅਚੇਤ ਨਵੇਂ ਪ੍ਰਯੋਗਾਂ ਦੀ ਚੌਥੀ ਕੂਟ ਵੱਲ ਤੁਰਨ ਦਾ ਸਾਹਸ ਵਿਖਾਉਂਦਾ ਰਿਹਾ ਹੈ।
ਸਾਲ 2022 ਦੀ ਪੰਜਾਬੀ ਕਹਾਣੀ ਨੂੰ ਉਪਰਲੀ ਧਾਰਨਾ ਦੇ ਪ੍ਰਸੰਗ ਵਿੱਚ ਪੜ੍ਹੀਏ ਤਾਂ ਸਭ ਤੋਂ ਉਭਰਵਾਂ ਨੁਕਤਾ ਇਹੀ ਪ੍ਰਤੀਤ ਹੁੰਦਾ ਹੈ ਕਿ ਇਹ ਨਵ-ਨਾਰੀਵਾਦ ਦੇ ਨਜ਼ਰੀਏ ਤੋਂ ਨਾਰੀ-ਅਨੁਭਵ ਦੇ ਵਿਭਿੰਨ ਪਾਸਾਰਾਂ ਨੂੰ ਵੱਖ-ਵੱਖ ਕੋਣਾਂ ਤੋਂ ਵੇਖਣ, ਵਾਚਣ ਅਤੇ ਗਲਪ-ਬਿੰਬ ਵਿੱਚ ਢਾਲ ਕੇ ਪੇਸ਼ ਕਰਨ ਵੱਲ ਵਧੇਰੇ ਰੁਚਿਤ ਹੋਈ ਹੈ। ਨਿਰਸੰਦੇਹ, ਨਾਰੀ-ਸਰੋਕਾਰਾਂ ਨੂੰ ਕਥਾ-ਵਸਤੂ ਬਣਾਉਣ ਦਾ ਕਾਰਜ ਪਹਿਲੇ, ਦੂਜੇ, ਤੀਜੇ ਪੜਾਅ ਦੇ ਪੰਜਾਬੀ ਕਹਾਣੀਕਾਰਾਂ ਵੱਲੋਂ ਵੀ ਕੀਤਾ ਜਾਂਦਾ ਰਿਹਾ ਹੈ, ਜਿਵੇਂ ਭਾਬੀ ਮੈਨਾ (ਗੁਰਬਖ਼ਸ਼ ਸਿੰਘ ਪ੍ਰੀਤਲੜੀ), ਰਾਸ ਲੀਲ੍ਹਾ (ਸੁਜਾਨ ਸਿੰਘ), ਡੈੱਡ-ਲਾਈਨ (ਪ੍ਰੇਮ ਪ੍ਰਕਾਸ਼) ਆਦਿ ਦੀਆਂ ਕਲਾਸਕੀ ਮਹੱਤਤਾ ਵਾਲੀਆਂ ਕਹਾਣੀਆਂ ਤੋਂ ਸਪੱਸ਼ਟ ਹੈ ਪਰ ਅਜੋਕੀ ਪੰਜਾਬੀ ਕਹਾਣੀ ਵਿੱਚੋਂ ਇਸ ਅਨੁਭਵ ਦੀ ਪੇਸ਼ਕਾਰੀ ’ਚ ਇੱਕ ਸਿਫ਼ਤੀ (ਕੁਆਲੀਟੇਟਿਵ) ਤਬਦੀਲੀ ਦਾ ਆਭਾਸ ਹੋਣ ਲੱਗਾ ਹੈ। ਇਸ ਪਰਿਵਰਤਨ ਦਾ ਸਬੰਧ ਕਹਾਣੀਕਾਰਾਂ ਦੀ ਨਵ-ਨਾਰੀਵਾਦੀ ਰਚਨਾ-ਦ੍ਰਿਸ਼ਟੀ ਨਾਲ ਹੈ।
ਵਿਸ਼ਵ-ਚਿੰਤਨ ਵਿੱਚ ਨਾਰੀਵਾਦ ਦੇ ਇਸ ਅਜੋਕੇ ਰੂਪ ਦਾ ਅਰਥ ਇਹ ਹੈ ਕਿ ਔਰਤ ਤੇ ਮਰਦ ਇੱਕ ਦੂਜੇ ਤੋਂ ਵਿਲੱਖਣ ਹੁੰਦੇ ਹਨ ਪਰ ਇੱਕ ਦੂਜੇ ਤੋਂ ਸਰਵੋਤਮ ਨਹੀਂ ਹੁੰਦੇ। ਇਸ ਲਈ ਨਵ-ਨਾਰੀਵਾਦ ਦਾ ਸੰਕਲਪ ਉਨ੍ਹਾਂ ਵਿੱਚ ਅਜਿਹੇ ਮੁਕਾਬਲੇ ਦੀ ਥਾਂ ਪ੍ਰਸਪਰ ਸਹਿਯੋਗ (ਕੰਪਲੀਮੈਂਟੈਰਿਟੀ) ਉੱਤੇ ਬਲ ਦਿੰਦਾ ਹੈ। ਇਹ ਨਵੀਂ ਅੰਤਰ-ਦ੍ਰਿਸ਼ਟੀ ਉਤਰ-ਆਧੁਨਿਕ ਦੌਰ ਦੇ ਪ੍ਰਚੱਲਤ ਸੰਕਲਪਾਂ ‘ਮਰਦ ਦਾ ਅੰਤ’ ਜਾਂ ‘ਮਰਦ ਤੋਂ ਮੁਕਤੀ’ ਦਾ ਖੰਡਨ ਕਰਦਿਆਂ ਮਰਦ ਦੇ ਮਾਨਵੀ ਰੂਪ ਨੂੰ ਜਸ਼ਨਾਵੀ ਢੰਗ ਨਾਲ਼ ਸਵੀਕਾਰਦੀ ਹੈ। ਪਰ ਨਾਲ਼ ਹੀ ਪਿਤਰਕੀ (ਪੈਟਰੀਆਰਕੀ) ਨੂੰ ਇੱਕ ਵਿਚਾਰਧਾਰਾ ਮੰਨਦਿਆਂ ਉਸਦੇ ਪ੍ਰਮੁੱਖ ਹਥਿਆਰ, ਪਿਤਰਕੀ ਧੌਂਸ, ਨੂੰ ਵੰਗਾਰਦੀ ਹੈ। ਇਸ ਤਰ੍ਹਾਂ ਨਵ-ਨਾਰੀਵਾਦ ਜਿਥੇ ਕਿਸੇ ਵੀ ਰੂਪ ਵਾਲੀ ਮਰਦਵਾਦੀ ਹਿੰਸਾ ਨੂੰ ਨਕਾਰਦਾ ਹੈ ਉਥੇ ਪਰੰਪਰਕ ਔਰਤਵਾਦੀ ਰੁਮਾਂਸ ਦ੍ਰਿਸ਼ਟੀ (ਕਿ ਸਿਰਫ਼ ਔਰਤ ਹੀ ਕੋਮਲਭਾਵੀ, ਸੁਹਜਮਈ, ਸਹਿਣਸ਼ੀਲ, ਮਮਤਾਮਈ, ਪ੍ਰਗਤੀਸ਼ੀਲ ਆਦਿ ਹੁੰਦੀ ਹੈ) ਦੀ ਮਿੱਥ ਉੱਤੇ ਵੀ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ। ਇਸ ਪ੍ਰਕਾਰ ਨਵ-ਨਾਰੀਵਾਦ ਦੀ ਧਾਰਨਾ ਹੈ ਕਿ ਪਿਤਰਕੀ ਵਿਚਾਰਧਾਰਾ ਸਿਰਫ਼ ਮਰਦਾਂ ਰਾਹੀਂ ਨਹੀਂ ਬਲਕਿ ਔਰਤ ਅਤੇ ਮਰਦ ਦੋਵਾਂ ਨੂੰ ਆਪਣਾ ਵਾਹਨ ਬਣਾ ਕੇ ਵਿਹਾਰਕ ਰੂਪ ’ਚ ਲਾਗੂ ਹੁੰਦੀ ਹੈ। ਇਸ ਸੂਝ ਸਦਕਾ ਨਵ-ਨਾਰੀਵਾਦੀ ਨਜ਼ਰੀਆ ਔਰਤ-ਮਰਦ ਦੇ ਰਿਸ਼ਤੇ, ਔਰਤ ਦੇ ਜਨਣ-ਅਧਿਕਾਰ, ਹੋਂਦ-ਹਸਤੀ ਦੇ ਸਭ ਮਾਮਲਿਆਂ ਨੂੰ ਔਬਜੈਕਟਿਵ (ਨਿਰਪੱਖ) ਢੰਗ ਨਾਲ ਠੀਕ ਪਰਿਪੇਖ ਵਿੱਚ ਵੇਖਣ ਦਾ ਯਤਨ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਜੈਂਡਰ ਦੀ ਵੱਖਰਤਾ ਦੇ ਮਸਲਿਆਂ ਨੂੰ ਮਾਨਵਤਾਵਾਦੀ ਦ੍ਰਿਸ਼ਟੀ ਨਾਲ਼ ਨਜਿੱਠਣ ਵੱਲ ਪਹਿਲਕਦਮੀ ਕਰਦਾ ਹੈ।
ਉਪਰਲੀਆਂ ਧਾਰਨਾਵਾਂ ਨੂੰ ਵਿਹਾਰਕ ਰੂਪ ’ਚ ਵੇਖਣ ਲਈ ਇੱਕ-ਦੋ ਮਿਸਾਲਾਂ ਲੈਂਦੇ ਹਾਂ। ਪਰਵੇਜ਼ ਸੰਧੂ ਦੀ ਕਹਾਣੀ ‘ਚਾਬੀ’ (ਕਹਾਣੀ-ਸੰਗ੍ਰਹਿ ‘ਬਲੌਰੀ ਅੱਖ ਵਾਲਾ ਮੁੰਡਾ’ ’ਚ ਸ਼ਾਮਿਲ) ਬੱਚੇ ਦੀ ਪੈਦਾਇਸ਼ ਦੇ ਅਧਿਕਾਰ ਨੂੰ ਲੈ ਕੇ ਇੱਕ ਵੱਡਾ ਪ੍ਰਸ਼ਨ ਖੜ੍ਹਾ ਕਰਦੀ ਹੈ ਕਿ ਕੀ ਔਰਤ ਇਸ ਮਾਮਲੇ ਵਿੱਚ ਖ਼ੁਦਮੁਖ਼ਤਾਰ ਹੈ? ਕਹਾਣੀ ਦੀ ਉਤਮ-ਪੁਰਖੀ ਪਾਤਰ ਸ਼ਾਇਨਾ ਪਿਤਰਕੀ ਧੌਂਸ ਦੇ ਸਥੂਲ ਰੂਪ (ਸਰਦਾਰੀ ਹੈਂਕੜ) ਤੋਂ ਨਾਬਰ ਹੁੰਦਿਆਂ ਆਪਣੇ ਪ੍ਰੇਮੀ ਨਾਲ ਅੰਤਰਜਾਤੀ ਵਿਆਹ ਕਰਾਉਣ ਵਿੱਚ ਤਾਂ ਸਫਲ ਹੋ ਜਾਂਦੀ ਹੈ ਪਰ ਪਿਤਰਕੀ ਦਬਾਅ ਦੇ ਸੂਖ਼ਮ ਰੂਪ (ਮਾਂ ਬਣ ਕੇ ਸੰਪੂਰਨ ਹੋਣਾ, ਵੰਸ਼ ਅੱਗੇ ਤੋਰਨਾ) ਸਾਹਵੇਂ ਬੇਬੱਸ ਮਹਿਸੂਸ ਕਰਦੀ ਹੈ। ਉਸਦੇ ਆਪਣੇ ਬੁਨਿਆਦੀ ਹੱਕ ਲਈ ਬੋਲੇ ਬੋਲ਼, “ਮੈਂ ਬੇਬੀ ਨਹੀਂ ਕਰਨਾ… ਇੱਕ ਬੱਚੇ ਦੀ ਖਾਤਰ ਮੈਂ ਆਪਣਾ ਸਰੀਰ ਨਹੀਂ ਖਰਾਬ ਕਰਨਾ ਚਾਹੁੰਦੀ।”, ਉਸਤੋਂ ਸਹੁਰਿਆਂ ਅਤੇ ਪੇਕਿਆਂ ਦੇ ਦੋਵੇਂ ਪਰਿਵਾਰਾਂ ਨੂੰ ਬੇਮੁੱਖ ਕਰ ਦਿੰਦੇ ਹਨ। ਉਸਦਾ ਇਕਲਾਪਾ ਅੰਤ ਨੂੰ ਉਸਦੇ ਅਸਤਿੱਤਵੀ ਸੰਕਟ ਦਾ ਮੁੱਢ ਬੰਨ੍ਹਣ ਲਗਦਾ ਹੈ।
ਸੰਨੀ ਧਾਲੀਵਾਲ ਦੀ ਕਹਾਣੀ ‘ਮੌਮ ਆਈ ਐਮ ਸੌਰੀ’ (ਸਾਹਿਤਕ ਏਕਮ, ਅਕਤੂਬਰ-ਦਸੰਬਰ) ਦੀ ਮੁਟਿਆਰ ਡਾ. ਟੀਨਾ ਦੇ ਮਾਂ ਸਾਹਵੇਂ ਬੋਲੇ ਇਹ ਬੋਲ਼ ਕਿ “ਮੈਂ ਮੁੰਡੇ ਨਾਲ਼ ਨਹੀਂ ਰਹਿ ਸਕਦੀ, ਆਈ ਲਾਈਕ ਗਰਲਜ਼”, ਉਸ ਦੇ ਜੈਂਡਰ ਦੀ ਵਿਲੱਖਣਤਾ ਵੱਲ ਇਸ਼ਾਰਾ ਕਰਦੇ ਹਨ, ਪਰ ਪਰੰਪਰਕ ਸੋਚ ਵਾਲੀ ਮਾਂ ਲਈ ਇਹ ਵਿਚਾਰ ਗ਼ੈਰ-ਕੁਦਰਤੀ ਵਰਤਾਰਾ ਅਤੇ “ਗੋਰੇ ਲੋਕਾਂ” ਦੇ “ਖੇਖਣ” ਹਨ। ਇਸ ਲਈ ਮਾਪਿਆਂ ਦੀ ਇਕਲੌਤੀ ਔਲਾਦ ਡਾ. ਟੀਨਾ ਕੋਲ਼ ਇੱਕੋ ਹੀ ਚੋਣ ਬਚਦੀ ਹੈ ਕਿ ਮਾਪਿਆਂ ਨਾਲ ਸਾਂਝ ਤੋਂ ਵਿਰਵੀ ਹੋ ਕੇ ਉਮਰ ਭਰ ਵਿਗੋਚੇ ਦੀ ਪੀੜ ਝੱਲੇ।
ਇਸ ਪ੍ਰਕਾਰ ਪਿਤਰਕੀ ਵਿਚਾਰਧਾਰਾ ਆਪਣੇ ਸਥੂਲ ਅਤੇ ਸੂਖ਼ਮ ਦਬਾਵਾਂ ਅਤੇ ਭੁਲਾਂਦਰਿਆਂ ਨਾਲ਼ ਔਰਤ ਦੁਆਲ਼ੇ ਅਜਿਹੀ ਲਛਮਣ-ਰੇਖਾ ਖਿੱਚ ਦਿੰਦੀ ਹੈ ਕਿ ਉਸਦੇ ਦੋਵੇਂ ਪਾਸੇ ਉਸਦੀ ਹੋਂਦ ਅਤੇ ਹਸਤੀ ਲਈ ਸੰਕਟ ਬਣ ਜਾਂਦੇ ਹਨ। ਪੰਜਾਬੀ ਕਹਾਣੀ ਇਸ ਲਛਮਣ ਰੇਖਾ ਦੇ ਸਮੂਹ ਪਾਸਾਰਾਂ ਨੂੰ ਸਮਝਣ ਵੱਲ ਰੁਚਿਤ ਹੋ ਰਹੀ ਹੈ। ਸਰਬਜੀਤ ਸੋਹਲ ਦੀ ਕਹਾਣੀ ‘ਇਨ੍ਹਾਂ ਪਲ਼ਾਂ ਨੂੰ ਮਾਣ ਨਾ ਲਵਾਂ’ (ਕਹਾਣੀ ਧਾਰਾ, ਜੁਲਾਈ-ਸਤੰਬਰ) ਦੀ ‘ਮੈਂ’ ਪਾਤਰ ਆਪਣੇ ਮਰਯਾਦਾ-ਪ੍ਰਸ਼ੋਤਮ ਅਕਸ ਨੂੰ ਆਂਚ ਆਉਣ ਦੇ ਡਰੋਂ ਆਪਣੀ ਚਾਹਤ ਦੇ ਪਲ਼ਾਂ ਨੂੰ ਮਾਨਣ ਦਾ ਵਕਤ ਆਉਣ ਤੇ ਗਿਣਤੀਆਂ-ਮਿਣਤੀਆਂ ਕਰਦੀ ਸਸ਼ੋਪੰਜ ਵਿੱਚ ਪੈ ਜਾਂਦੀ ਹੈ। ਰੇਮਨ ਦੀ ਕਹਾਣੀ ‘ਨਿਰਮਲਾ’ ਦੀ ਬੱਤੀ ਸਾਲਾਂ ਦੀ ਵਿਆਹੋਂ-ਪੱਛੜੀ ਲੜਕੀ ਆਪਣਾ ਸੁਪਨ-ਸੰਸਾਰ ਸਜਾਉਣ ਲਈ ਆਪਣੇ ਸੁਹਿਰਦ ਪ੍ਰੇਮੀ ਨਾਲ ਦੌੜ ਜਾਣ ਲਈ ਘਰੋਂ ਨਿਕਲਦੀ ਹੈ ਪਰ ਉਸ ਦੀ ਸਿਮਰਤੀ ’ਚ ਵਸੀਆਂ, ਬੇਸਹਾਰਾ ਪਿਤਾ ਦੀਆਂ ਬੇਬੱਸ ਆਵਾਜ਼ਾਂ ਉਸਨੂੰ ਘਰ ਦੀ ਲਛਮਣ-ਰੇਖਾ ਵਿੱਚ ਮੋੜ ਲਿਆਉਂਦੀਆਂ ਹਨ।
ਹਰਪ੍ਰੀਤ ਸਿੰਘ ਚਨੂੰ ਦੀ ਕਹਾਣੀ ‘ਚੱਲ ਚਿੜੀਏ ਮੈਂ ਆਇਆ…’ (ਤਾਸਮਨ, ਅਕਤੂਬਰ-ਦਸੰਬਰ) ਦੀ ਦਲਿਤ ਪਾਤਰ ਸੂਟ੍ਹੀ ਆਪਣੀ ਗਰੀਬੀ ਦੀ ਵਲਗਣ ਵਿੱਚੋਂ ਨਿਕਲਣ ਲਈ ਕੋਈ ਆਪਣਿਆਂ ਦੀ ਸਰਕਾਰ ਚੁਣਨ ਵਾਸਤੇ ਵਿਤੋਂ ਵੱਧ ਹੀਲਾ-ਵਸੀਲਾ ਕਰਦੀ ਹੈ ਪਰ ਸੱਤਾਧਾਰੀ ਵਰਗ ਦੇ ਲਾਰਿਆਂ ਨਾਲ਼ ਠੱਗੀ ਮੁੜ ਆਪਣੇ ਨਰਕੀ-ਜੀਵਨ ਵੱਲ ਪਰਤ ਆਉਂਦੀ ਹੈ।
ਇਉਂ ਕਹਾਣੀਕਾਰ ਔਰਤ ਦੇ ਸੰਕਟਾਂ ਨੂੰ ਕਿਸੇ ਮਰਦ-ਵਿਸ਼ੇਸ਼ ਦੇ ਖਲਨਾਇਕੀ ਰੂਪ ਦੇ ਪ੍ਰਸੰਗ ਵਿੱਚ ਰੱਖ ਕੇ ਵੇਖਣ ਦੀ ਥਾਂ ਸਥਿਤੀ-ਵਿਸ਼ੇਸ਼ ਦੇ ਸੰਦਰਭ ਵਿੱਚ ਰੱਖ ਕੇ ਵਾਚਣ ਲੱਗੇ ਹਨ। ਨਾਲ਼ ਦੀ ਨਾਲ਼ ਆਪਣੀ ਔਰਤ ਪਾਤਰ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਉਹ ਅੱਗੇ ਵਧਣ ਲਈ ਨਿਰੰਤਰ ਸਵੈ-ਨਿਰੀਖਣ ਅਤੇ ਸਥਿਤੀ ਦੇ ਮੁਲੰਕਣ ਵਿੱਚ ਪਈ ਨਜ਼ਰ ਆਉਂਦੀ ਹੈ। ਸਰਘੀ ਦੀ ਕਹਾਣੀ ‘ਆਫਟਰ ਫੋਰਟੀ’ ਦੀਆਂ ਤਿੰਨੇ ਔਰਤਾਂ ਨਵੀਂ ਜ਼ਿੰਦਗੀ ਲਈ ਅਜਿਹੇ ਮੁਲੰਕਣ ਦੀ ਅਵਸਥਾ ਵਿੱਚ ਪਈਆਂ ਨਜ਼ਰ ਆਉਂਦੀਆਂ ਹਨ। ਪਾਤਰ ਰੌਸ਼ਨੀ ਅਜਿਹੇ ਲੇਖੇ-ਜੋਖੇ ਦੌਰਾਨ ਸੋਚਦੀ ਹੈ, “ਜਿਵੇਂ ਦਾ ਜੀਣਾ ਚਾਹੁੰਦੀ ਸੀ, ਜੀਅ ਰਹੀ ਸਾਂ… ਪਰ ਫਿਰ ਵੀ ਭਟਕਣਾ ਸੀ… ਮੈਨੂੰ ਆਪਣਾ ਆਪ ਗੁਆਚਾ ਜਿਹਾ ਲਗਦਾ।” ਅਜਿਹਾ ਸਵੈ-ਨਿਰੀਖਣ ਹੀ ਇਨ੍ਹਾਂ ਨਾਰੀ-ਪਾਤਰਾਂ ਨੂੰ ਨਵ-ਨਾਰੀਵਾਦ ਦੀ ਅਜਿਹੀ ਸੋਝੀ ਵੱਲ ਪ੍ਰੇਰਿਤ ਕਰਦਾ ਹੈ ਕਿ ਨਾਰੀ-ਚੇਤਨਾ ਜਾਂ ਨਾਰੀ-ਮੁਕਤੀ ਸਿਰਫ ਪਿਤਰਕੀ ਵਿਚਾਰਧਾਰਾ ਦੀ ਛੱਟ ਲਾਹ ਸੁੱਟਣ ਜਾਂ ਮਰਦਾਵਾਂ ਬਣਨ ਵਿੱਚ ਹੀ ਨਹੀਂ, ਸਗੋਂ ਆਪਣੇ ਔਰਤਤਵ ਦੇ ਤੱਤਸਾਰ ਨੂੰ ਜਾਣਨ ਜਾਂ ਆਪਣੀ ਮੂਲ ਸਮਰੱਥਾ ਨੂੰ ਪਛਾਣਨ ਵਿੱਚ ਵੀ ਹੈ।
ਪੰਜਾਬੀ ਨਾਰੀ-ਚੇਤਨਾ ਦੀ ਅਜਿਹੀ ਸਿਫ਼ਤੀ ਤਬਦੀਲੀ ਨੂੰ ਪੇਸ਼ ਕਰਨ ਵਾਲੀਆਂ ਕਹਾਣੀਆਂ ਇਸ ਸਾਲ ਭਰਪੂਰ ਰੂਪ ’ਚ ਛਪੀਆਂ ਹਨ, ਜਿਵੇਂ ਮੀ ਟੂ (ਡਿੰਪਲ ਅਣਜਾਣ, ਹੁਣ, ਨਵੰਬਰ 22 – ਅਪ੍ਰੈਲ 23), ਮੋਹ-ਜਾਲ਼ (ਹਰਪ੍ਰੀਤ ਸੇਖਾ, ਸਿਰਜਣਾ, ਜਨਵਰੀ-ਮਾਰਚ), ਡ੍ਰੀਮ ਲੈਂਡ (ਬਲਦੇਵ ਸਿੰਘ ਗਰੇਵਾਲ, ਸਿਰਜਣਾ, ਅਪ੍ਰੈਲ-ਜੂਨ), ਅਜਨਬੀ (ਨਿਰਮਲ ਜਸਵਾਲ, ਸਿਰਜਣਾ, ਅਪ੍ਰੈਲ-ਜੂਨ), ਪੂਰਾ ਆਦਮੀ (ਸਾਂਵਲ ਧਾਮੀ, ਸਿਰਜਣਾ, ਜੁਲਾਈ-ਸਤੰਬਰ), ਕੰਧ (ਕਮਲ ਸੇਖੋਂ, ਸਿਰਜਣਾ, ਅਕਤੂਬਰ-ਦਸੰਬਰ), ਆਫ਼ਟਰ ਫੋਰਟੀ (ਸਰਘੀ, ਕਹਾਣੀ ਧਾਰਾ, ਜੁਲਾਈ-ਸਤੰਬਰ), ਕਹਾਣੀ ਧਾਰਾ, ਅਕਤੂਬਰ-ਦਸੰਬਰ), ਅਣਕਹੀ ਪੀੜ੍ਹ (ਵਿਪਨ ਗਿੱਲ, ਕਹਾਣੀ ਧਾਰਾ, ਅਕਤੂਬਰ-ਦਸੰਬਰ), ਦੇਹ ਦਾ ਰੁੱਖ (ਗੁਰਮੀਤ ਪਨਾਗ, ਕਹਾਣੀ ਧਾਰਾ, ਅਕਤੂਬਰ-ਦਸੰਬਰ), ਭੁੱਖ (ਤ੍ਰਿਪਤਾ ਕੇ ਸਿੰਘ, ਚਿਰਾਗ, ਜਨਵਰੀ-ਮਾਰਚ), ਇੱਕ ਲੱਪ ਚਾਨਣ ਦੀ (ਤ੍ਰਿਪਤਾ ਕੇ ਸਿੰਘ, ਚਿਰਾਗ, ਅਪ੍ਰੈਲ-ਸਤੰਬਰ), ਇੱਕ ਸਵਾਲ (ਜਤਿੰਦਰ ਰੰਧਾਵਾ, ਚਿਰਾਗ, ਅਪ੍ਰੈਲ-ਸਤੰਬਰ), ਮੈਂ ਛੁੱਟੀ ਤੇ ਜਾ ਰਹੀ ਹਾਂ (ਅਰਵਿੰਦਰ ਧਾਲੀਵਾਲ, ਚਿਰਾਗ, ਅਕਤੂਬਰ-ਦਸੰਬਰ), ਵਸ ਅੱਖੀਆਂ ਦੇ ਕੋਲ (ਦੀਪਤੀ ਬਬੂਟਾ, ਚਿਰਾਗ, ਅਕਤੂਬਰ-ਦਸੰਬਰ), ਹੁਣ ਮੈਂ ਸੁਰਖ਼ਰੂ ਹਾਂ (ਪਵਿੱਤਰ ਕੌਰ ਮਾਟੀ, ਤਾਸਮਨ, ਜਨਵਰੀ-ਮਾਰਚ), ਲੋਲ੍ਹੜ (ਜੱਸੀ ਧਾਲੀਵਾਲ, ਤਾਸਮਨ, ਜੁਲਾਈ-ਸਤੰਬਰ), ਮੱਧਮ ਜਿਹੀ ਆਸ (ਅਮਰਜੀਤ ਸਿੰਘ ਮਾਨ, ਤਾਸਮਨ, ਅਕਤੂਬਰ-ਦਸੰਬਰ), ਅੰਬਾ ਮਰ ਜਾਣੀ (ਰੇਮਨ, ਕਹਾਣੀ ਪੰਜਾਬ, ਅਕਤੂਬਰ 22 – ਮਾਰਚ 23), ਰੂਪੀ (ਮਨਮੋਹਨ ਸਿੰਘ ਬਾਸਰਕੇ, ਸਾਹਿਤਕ ਏਕਮ, ਜੁਲਾਈ-ਸਤੰਬਰ), ਮੌਮ ਆਈ ਐਮ ਸੌਰੀ (ਸੰਨੀ ਧਾਲੀਵਾਲ, ਸਾਹਿਤਕ ਏਕਮ, ਅਕਤੂਬਰ-ਦਸੰਬਰ), ਰੰਗ ਬਰਸੇ (ਜਤਿੰਦਰ ਸਿੰਘ ਹਾਂਸ, ਹੁਣ, ਨਵੰਬਰ 22 – ਅਪ੍ਰੈਲ 23), ਕੜਿੱਕੀ (ਜਿੰਦਰ, ਪ੍ਰਵਚਨ, ਜਨਵਰੀ-ਮਾਰਚ), ਸ਼ਾਮ ਸਿੰਘ ਦੀ ਰਾਤ (ਕੁਲਜੀਤ ਮਾਨ, ਪ੍ਰਵਚਨ, ਅਕਤੂਬਰ-ਦਸੰਬਰ) ਆਦਿ।
ਕਹਾਣੀਆਂ ਦੇ ਉਪਰੋਕਤ ਵੇਰਵਿਆਂ ਤੋਂ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਨਾਰੀ-ਸੰਵੇਦਨਾ ਦੀਆਂ ਵਧੇਰੇ ਕਹਾਣੀਆਂ ਭਾਵੇਂ ਔਰਤ ਕਹਾਣੀਕਾਰਾਂ ਦੀ ਕਲਮ ਤੋਂ ਆਈਆਂ ਹਨ ਪਰ ਮਰਦ ਕਹਾਣੀਕਾਰਾਂ ਲਈ ਵੀ ਇਹ ਗਹਿਰੀ ਰੁਚੀ ਵਾਲ਼ਾ ਅਹਿਮ ਵਿਸ਼ਾ ਰਿਹਾ ਹੈ। ਇਹ ਗੱਲ ਇਸ ਸਾਲ ਪ੍ਰਕਾਸ਼ਿਤ ਹੋਏ ਕਹਾਣੀ-ਸੰਗ੍ਰਿਹਾਂ ਉੱਤੇ ਵੀ ਢੁੱਕਦੀ ਹੈ। ਇਸ ਸਾਲ ਨਾਰੀ ਰਚਨਾਕਾਰਾਂ ਦੇ ਕਹਾਣੀ-ਸੰਗ੍ਰਹਿ ਕਾਫ਼ੀ ਮਾਤਰਾ ’ਚ ਹਨ, ਜਿਵੇਂ ਬਲੌਰੀ ਅੱਖ ਵਾਲਾ ਮੁੰਡਾ (ਪਰਵੇਜ਼ ਸੰਧੂ), 6.45 (ਰੇਮਨ), ਭੁੱਖ ਇਉਂ ਸਾਹ ਲੈਂਦੀ ਹੈ (ਦੀਪਤੀ ਬਬੂਟਾ), ਉੱਚੇ ਬੁਰਜ (ਬਲਵਿੰਦਰ ਕੌਰ ਬਰਾੜ), ਮੈਂ ਇੱਕ ਕਥਾ (ਵਿਸ਼ਵਜੋਤੀ ਧੀਰ), ਸੁੱਚਾ ਗੁਲਾਬ (ਅਮਰਜੀਤ ਪੰਨੂੰ), ਸੋਨ ਚਿੜੀ (ਹਰਜੀਤ ਕੌਰ), ਜਾਂ ਕੁਆਰੀ ਤਾ ਚਾਉ (ਜਸਵੀਰ ਕੌਰ ਜੱਸੀ), ਕੰਧ ਤੇ ਲੱਗੀ ਬਿੰਦੀ (ਇੰਦਰਜੀਤ ਪਾਲ ਕੌਰ), ਸੁਪਨੇ ਜਵਾਬ ਮੰਗਦੇ ਨੇ (ਸਰਬ ਕੌਰ), ਜ਼ਿੰਦਗੀ ਇੱਕ ਅਹਿਸਾਸ (ਗੁਰਦੀਪ ਕੌਰ ਭਾਟੀਆ), ਬਦਾਮੀ ਰੰਗ ਦੇ ਛਿੱਟੇ (ਅਮਨ ਗੁਰਲਾਲ), ਬਸੰਤ ਕੁਰ ਦੀ ਖੂੰਡੀ (ਮੀਨੂੰ), ਮਾਸੀ ਦੀ ਚਿੱਠੀ (ਇੰਦਰਜੀਤ ਕੌਰ ਧਾਲੀਵਾਲ) ਆਦਿ। ਇਨ੍ਹਾਂ ਨਾਰੀ-ਲੇਖਿਕਾਵਾਂ ਦੇ ਸਮਵਿੱਥ ਮਰਦ ਲੇਖਕਾਂ ਦੇ ਕਹਾਣੀ-ਸੰਗ੍ਰਹਿਾਂ ਵਿੱਚ ਵੀ ਨਾਰੀ-ਚੇਤਨਾ ਨੂੰ ਜ਼ੁਬਾਨ ਦੇਣ ਵਾਲੀਆਂ ਕਹਾਣੀਆਂ ਦੀ ਚੰਗੀ-ਚੌਖੀ ਮਾਤਰਾ ਮੌਜੂਦ ਹੈ।
ਉਂਜ ਨਾਰੀ ਅਨੁਭਵ ਦੇ ਪ੍ਰਮੁੱਖ ਵਿਸ਼ੇ ਦੇ ਨਾਲ਼ ਨਾਲ਼ ਦਲਿਤ ਚੇਤਨਾ, ਕਿਸਾਨੀ ਸੰਕਟ, ਪਾਰਰਾਸ਼ਟਰੀ ਸਰੋਕਾਰ, ਸਭਿਆਚਾਰਕ ਤਣਾਅ ਆਦਿ ਮਸਲਿਆਂ ਨੂੰ ਵੀ ਉਚੇਚ ਨਾਲ ਕਹਾਣੀਆਂ ਦਾ ਰਚਨਾ-ਵਸਤੂ ਬਣਾਇਆ ਗਿਆ ਮਿਲਦਾ ਹੈ, ਜਿਸ ਦਾ ਜ਼ਿਕਰ ਅੱਗੇ ਜਾ ਕੇ ਇਸ ਸਾਲ ਦੇ ਬਿਹਤਰੀਨ ਕਹਾਣੀ-ਸੰਗ੍ਰਹਿਾਂ ਅਤੇ ਕਹਾਣੀਆਂ ਦੇ ਪ੍ਰਸੰਗ ਵਿੱਚ ਕੀਤਾ ਜਾਵੇਗਾ।
ਵਿਸ਼ਾ-ਚੋਣ, ਬਿਰਤਾਂਤਕ ਨਿਭਾਅ ਅਤੇ ਪ੍ਰੋਢ ਰਚਨਾ-ਦ੍ਰਿਸ਼ਟੀ ਦੇ ਪੱਖੋਂ ਜਿਹੜੇ ਕਹਾਣੀ-ਸੰਗ੍ਰਹਿ ਮੈਨੂੰ ਵਿਸ਼ੇਸ਼ ਲੱਗੇ ਹਨ, ਉਨ੍ਹਾਂ ਬਾਰੇ ਸੰਖੇਪ ਮੁਲਾਂਕਣੀ ਟਿੱਪਣੀ ਕਰਨੀ ਜ਼ਰੂਰੀ ਹੈ।
ਪਰਵੇਜ਼ ਸੰਧੂ ਦਾ ਕਹਾਣੀ-ਸੰਗ੍ਰਹਿ ‘ਬਲੌਰੀ ਅੱਖ ਵਾਲਾ ਮੁੰਡਾ’ ਇੱਕ ਪਾਸੇ ਗੋਰੇ ਅਤੇ ਨੇਟਿਵ (ਰੈੱਡ-ਇੰਡੀਅਨ) ਪਾਤਰਾਂ ਨੂੰ ਨਿਰਪੱਖ ਦ੍ਰਿਸ਼ਟੀ ਰਾਹੀਂ ਪੇਸ਼ ਕਰਨ ਕਰਕੇ ਪਾਰਰਾਸ਼ਟਰੀ ਸਰੋਕਾਰਾਂ ਨੂੰ ਉਭਾਰਨ ਵਾਲਾ ਹੈ ਅਤੇ ਦੂਜੇ ਪਾਸੇ ਪਿਤਰਕੀ ਵਿਚਾਰਧਾਰਾ ਨਾਲ ਸੰਵਾਦ ਕਰਦੀ ਚੇਤਨ ਔਰਤ ਦਾ ਬਿਰਤਾਂਤ ਵੀ ਸ਼ਿੱਦਤ ਅਤੇ ਪ੍ਰੋਢ ਢੰਗ ਨਾਲ ਸਿਰਜਣ ਵਾਲਾ ਹੈ।
ਦੇਵਿੰਦਰ ਦੀਪ ਦਾ ਕਹਾਣੀ-ਸੰਗ੍ਰਹਿ ‘ਤ੍ਰਿਕਾਲ ਸੰਧਿਆ’ ਦਮਿਤ ਵਰਗਾਂ ਦੇ ਅਨੁਭਵ ਨੂੰ ਨਵ-ਯਥਾਰਥਵਾਦੀ ਰਚਨਾ-ਦ੍ਰਿਸ਼ਟੀ ਰਾਹੀਂ ਨਿਹਾਰਨ ਅਤੇ ਮਾਝੀ ਰੰਗਣ ਵਾਲੀ ਪ੍ਰਮਾਣਿਕ ਗਲਪੀ ਭਾਸ਼ਾ ਰਾਹੀਂ ਪੇਸ਼ ਕਰਨ ਕਰਕੇ ਧਿਆਨ ਖਿੱਚਣ ਵਾਲਾ ਹੈ।
ਰਵੀ ਸ਼ੇਰਗਿੱਲ ਦਾ ਕਹਾਣੀ-ਸੰਗ੍ਰਹਿ ‘ਕਿਤੇ ਉਹ ਨਾ ਹੋਵੇ’ ਅਜੋਕੇ ਪਰਵਾਸੀ ਬੰਦੇ ਦੀ ਬਹੁਸਭਿਆਚਾਰਕ ਅਤੇ ਪਾਰਰਾਸ਼ਟਰੀ ਸਥਿਤੀ ਨੂੰ ਠੀਕ ਪਰਿਪੇਖ ਵਿੱਚ ਪਛਾਣਦਿਆਂ ਲੋੜੀਂਦੇ ਵੇਰਵਿਆਂ ਵਾਲ਼ੀ ਗਲਪੀ ਭਾਸ਼ਾ ਰਾਹੀਂ ਚਿਤਰ ਕੇ ਅਹਿਮ ਬਣਦਾ ਹੈ।
ਮੂਲੋਂ ਨਵੀਂ ਕਹਾਣੀਕਾਰ ਰੇਮਨ ਦਾ ਕਹਾਣੀ-ਸੰਗ੍ਰਹਿ 6.45 ਆਪਣੇ ਰਮਜ਼ੀ ਨਾਮਕਰਨ ਵਾਂਗ ਹੀ ਆਪਣੀ ਸੰਕੇਤਕ ਬਿਰਤਾਂਤ-ਸ਼ੈਲੀ ਦੇ ਜਲੌਅ ਰਾਹੀਂ ਉਚੇਚੇ ਮਹੱਤਵ ਦਾ ਹੱਕਦਾਰ ਬਣਦਾ ਹੈ। ਸਮਕਾਲ ਦੇ ਭਖਦੇ ਮਸਲਿਆਂ ਬਾਰੇ ਜਟਿਲ ਬਿਰਤਾਂਤ ਸਿਰਜਣ ਦੀ ਅਜੋਕੀ ਪਿਰਤ ਦੇ ਉਲਟ ਉਹ ਪਾਤਰ ਦੀ ਕਿਸੇ ਸਥਿਤੀ-ਵਿਸ਼ੇਸ਼ ਵਿੱਚ ਵਿਖਾਈ ਮਾਨਵੀ ਪ੍ਰਤੀਕਿਰਿਆ ਨੂੰ ਸੰਖੇਪ, ਲਕੀਰੀ ਅਤੇ ਸੰਕੇਤਕ ਗਲਪੀ-ਸ਼ੈਲੀ ਨਾਲ ਚਿਤਰਦੀ ਹੈ। ਉਸਦੇ ਗੱਲ ਵਿੱਚੋਂ ਗੱਲ ਕੱਢਦੇ ਜਾਣ ਦੇ ਅੰਦਾਜ਼ੇ-ਬਿਆਂ ਅਤੇ ਪਾਤਰ ਦੇ ਮਨੋਵਿਹਾਰ ਨੂੰ ਉਜਾਗਰ ਕਰਨ ਵਾਲੀ ਰਸਿਕ ਕਥਾ-ਸ਼ੈਲੀ ਵਿੱਚੋਂ ਕਿਤੇ-ਕਿਤੇ ਵਿਰਕ-ਟੱਚ ਵਾਲ਼ੇ ਕਥਾ-ਮਾਡਲ ਦੇ ਝਾਓਲੇ ਵੀ ਪੈਂਦੇ ਹਨ।
ਦੀਪਤੀ ਬਬੂਟਾ ਦਾ ਕਹਾਣੀ-ਸੰਗ੍ਰਹਿ ‘ਭੁੱਖ ਇਉਂ ਸਾਹ ਲੈਂਦੀ ਹੈ’ ਆਪਣੇ ਵਿਆਪਕ ਮਾਨਵੀ ਸਰੋਕਾਰਾਂ ਵਾਲੇ ਕਥਾ-ਵਸਤੂ ਅਤੇ ਸ਼ਿੱਦਤ ਭਰੀ, ਵੇਰਵਾਮੂਲਕ ਬਿਰਤਾਂਤਕਾਰੀ ਕਰਕੇ ਵਿਸ਼ੇਸ਼ ਮਹੱਤਵ ਦਾ ਧਾਰਨੀ ਬਣਦਾ ਹੈ।
ਵਿਸ਼ਵਜੋਤੀ ਧੀਰ ਦੇ ਕਹਾਣੀ-ਸੰਗ੍ਰਹਿ ‘ਮੈਂ ਇੱਕ ਕਥਾ’ ਵਿੱਚ ਪੰਜਾਬੀ ਨਾਰੀ-ਸੰਵੇਦਨਾ ਦੀਆਂ ਨਵੀਆਂ ਕਰਵਟਾਂ ਨੂੰ ਲੋੜੀਂਦੇ ਸਮਾਜਿਕ ਸੰਦਰਭ ਨਾਲ਼ ਚਿਤਰਿਆ ਗਿਆ ਹੈ। ਸਵੈਜੀਵਨੀਆਤਮਕ ਛੋਹਾਂ ਵਾਲ਼ਾ ਅੰਦਾਜ਼ੇ-ਬਿਆਂ ਇਨ੍ਹਾਂ ਕਹਾਣੀਆਂ ਨੂੰ ਹੋਰ ਵੀ ਪ੍ਰਮਾਣਿਕ ਅਤੇ ਸਰੋਦੀ ਰੰਗਣ ਵਾਲੀਆਂ ਬਣਾਉਂਦਾ ਹੈ।
ਇਨ੍ਹਾਂ ਅਹਿਮ ਕਹਾਣੀ-ਸੰਗ੍ਰਿਹਾਂ ਤੋਂ ਇਲਾਵਾ ਕੁਝ ਹੋਰ ਵੀ ਜ਼ਿਕਰਯੋਗ ਕਹਾਣੀ-ਸੰਗ੍ਰਹਿ ਇਸ ਸਾਲ ਪ੍ਰਕਾਸ਼ਤ ਹੋਏ ਹਨ, ਜਿਵੇਂ ਮਸਤ (ਹਰਜੀਤ ਅਟਵਾਲ), ਕਹੋ ਰੁਕਮਣੀ (ਮਨਮੋਹਨ ਬਾਵਾ), ਤੈਨੂੰ ਮਰਜ਼ ਕਿਹੜਾ ਦੱਸੀਏ (ਮਲਿਕ ਸ਼ਾਹ ਸਵਾਰ ਨਾਸਿਰ), ਅੱਗ ’ਚ ਸੜਦੇ ਫੁਲ (ਗੁਰਮੇਲ ਬੀਰੋਕੇ), ਆਈ ਲਾਚਾ (ਅਨੇਮਨ ਸਿੰਘ), ਦਿਆਰਾਂ ’ਚੋਂ ਲੰਘਦੀ ਹਵਾ (ਕੰਵਲ ਕਸ਼ਮੀਰੀ), ਅੱਖਾਂ ਖੁੱਲ੍ਹੀਆਂ ਬੁੱਲ੍ਹ ਸੀਤੇ (ਜੋਗਿੰਦਰ ਸਿੰਘ ਤੂਰ), ਨਿਆਈਂ ਵਾਲਾ ਟੱਕ (ਰੁਪਿੰਦਰ ਰੁਪਾਲ ਕੌਲਗੜ੍ਹ), ਤੀਸਰੀ ਖਿੜਕੀ (ਨਿਰੰਜਨ ਬੋਹਾ), ਦਾਸਤਾਨ ਦੀ ਮੌਤ (ਗੁਰਮੁਖ ਸਿੰਘ ਗੋਮੀ), ਥੋੜ੍ਹੀ ਜਿਹੀ ਬੇਵਫ਼ਾਈ (ਰਾਜਿੰਦਰ ਸਿੰਘ ਸਿਵੀਆ), ਖੰਡਰ (ਹੀਰਾ ਸਿੰਘ ਤੂਤ), ਸਿਸਕਦੇ ਰਿਸ਼ਤੇ (ਦਵਿੰਦਰ ਖੁਸ਼ ਧਾਲੀਵਾਲ), ਔਖੇ ਰਾਹ ਸਾਬਤ ਕਦਮ (ਮਾਸਟਰ ਅਜੀਤ ਸਿੰਘ), ਦੁੱਖ ਦਰਦ ਦਿਲਾਂ ਦੇ (ਮਨਜੀਤ ਸਿੰਘ ਸਾਗਰ), ਮ੍ਰਿਗ ਤ੍ਰਿਸ਼ਨਾ (ਜੇ ਬੀ ਸਿੰਘ), ਹਰਾ ਚੂੜਾ (ਸੰਤੋਖ ਸਿੰਘ ਹੇਅਰ), ਖਾਲਸ (ਅਵਤਾਰ ਸਿੰਘ ਓਠੀ), ਪੌੜੀ (ਸੰਤੋਖ ਧਾਲੀਵਾਲ), ਕੁਰਸੀ (ਜਸਵਿੰਦਰ ਰੱਤੀਆਂ), ਗੁੱਝੀ ਪੀੜ (ਤਰਸੇਮ ਭੰਗੂ), ਪੁੱਤ ਮੈਂ ਇੰਡੀਆ ਜਾਣੈ (ਸੁਰਿੰਦਰ ਸਿੰਘ ਰਾਏ), ਤੰਦ ਤੇ ਤਾਣੀ (ਵਰਗਿਸ ਸਲਾਮਤ), ਜੱਦੀ ਸਰਮਾਇਆ (ਗੁਰਮਲਕੀਅਤ ਸਿੰਘ ਕਾਹਲੋਂ) ਆਦਿ।
ਇਸ ਸਾਲ ਦਾ ਹਾਸਿਲ ਬਣਨ ਵਾਲੀਆਂ ਦਸ ਕੁ ਕਹਾਣੀਆਂ ਅਤੇ ਉਨ੍ਹਾਂ ਦੇ ਬਿਰਤਾਂਤਕ ਹੁਨਰ ਨੂੰ ਬਿਹਤਰੀਨ ਬਣਾਉਣ ਵਾਲੀ ਕਲਾਤਮਕ ਸਮਰੱਥਾ ਦਾ ਜ਼ਿਕਰ ਕੁਝ ਉਚੇਚ ਨਾਲ ਕੀਤਾ ਜਾਣਾ ਬਣਦਾ ਹੈ। ਪਰ ਇਥੇ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਕਿਸੇ ਕਹਾਣੀ ਦੀ ਕਲਾਤਮਕ ਸਮਰੱਥਾ ਨੂੰ ਜਾਂਚਣ ਲਈ ਮੇਰਾ ਮਾਪਦੰਡ ਕੀ ਹੈ। ਇਹ ਪੈਮਾਨਾ ਬਿਰਤਾਂਤ ਦੇ ਨਿਰੋਲ ਬਿਆਨ (ਟੈਲਿੰਗ) ਦੀ ਥਾਂ ਕਾਰਜ ਦੇ ਵਾਪਰਨ (ਸ਼ੋਇੰਗ) ਨੂੰ ਚਿਤਰਨ ਵਾਲ਼ੀ ਕਥਾ-ਜੁਗਤ ਨੂੰ ਮਹੱਤਵ ਦੇਣ ਨਾਲ਼ ਸਬੰਧਤ ਹੈ। ਦੂਜੇ ਸ਼ਬਦਾਂ ਵਿੱਚ ਕਹਾਣੀ, ਬਿਰਤਾਂਤਕਾਰ ਦੇ ਬੜਬੋਲੇ ਪੈਗੰਬਰੀ ਕਥਨਾਂ ਦੀ ਥਾਂ ਜ਼ਿੰਦਗੀ ਦੀ ਤਰਜ਼ ਉੱਤੇ ਵਾਪਰਦੀ ਪ੍ਰਤੀਤ ਹੋਵੇ। ਕਹਾਣੀ ਕਿਸੇ ਵਿਚਾਰ-ਵਿਸ਼ੇਸ਼ ਨੂੰ ਪਾਠਕ ਉੱਤੇ ਠੋਸਣ ਦੀ ਥਾਂ ਕਿਸੇ ਸੰਵੇਦਨਾ ਜਾਂ ਭਾਵ-ਵਿਸ਼ੇਸ਼ ਦਾ ਅਹਿਸਾਸ ਕਰਾਵੇ। ਇਸ ਪ੍ਰਸੰਗ ਵਿੱਚ ਵੇਖੀਏ ਤਾਂ ਨਿਮਨ-ਲਿਖਤ ਕਹਾਣੀਆਂ ਨੇ ਆਪਣੀਆਂ ਕੁਝ ਇੱਕ ਊਣਤਾਈਆਂ ਦੇ ਬਾਵਜੂਦ ਆਪਣੀ ਕਲਾਤਮਕ ਸਮਰੱਥਾ ਵੱਲ ਉਚੇਚਾ ਧਿਆਨ ਖਿੱਚਿਆ ਹੈ।
ਹਰਪ੍ਰੀਤ ਸਿੰਘ ਚਨੂੰ ਦੀ ਕਹਾਣੀ ‘ਚੌਂਹਟੇ ਚੱਕ’ (ਸਿਰਜਣਾ, ਜੁਲਾਈ-ਸਤੰਬਰ), ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਨਿਮਨ-ਵਰਗੀ ਕਿਸਾਨ ਦੀ ਚੰਗੇ ਜੀਵਨ ਲਈ ਕੀਤੀ ਜੱਦੋ-ਜਹਿਦ ਅਤੇ ਅੰਤ ਹੋਈ ਹਾਰ ਦਾ ਦੁਖਾਂਤਕ ਬਿਰਤਾਂਤ ਸਿਰਜਦੀ ਹੈ। ਚੌਂਹਟੇ ਚੱਕ ਮੱਘਰ ਦੀ ਮਿਹਨਤ, ਹਿੰਮਤ, ਹੌਸਲੇ ਅਤੇ ਸੁਪਨਿਆਂ ਦਾ ਕੋਈ ਪਾਰਾਵਾਰ ਨਹੀਂ ਪਰ ਮੌਜੂਦਾ ਨਵ-ਪੂੰਜੀਵਾਦੀ ਵਿਵਸਥਾ ਵਿੱਚ ਉਸਦੇ ਪਰਿਵਾਰ ਦੇ ਕਿਤੇ ਪੈਰ ਨਹੀਂ ਲਗਦੇ। ਕਹਾਣੀ ਦੀ ਸਮਰੱਥਾ ਜਿਥੇ ਕਿਸਾਨੀ ਜੀਵਨ ਦੇ ਪ੍ਰਮਾਣਿਕ ਵੇਰਵਿਆਂ ਰਾਹੀਂ ਮਹਾਂਕਾਵਿਕ ਦ੍ਰਿਸ਼-ਚਿਤਰਨ ਵਿੱਚ ਹੈ ਉਥੇ ਇੱਕ ਪਲ਼-ਪਲ਼ ਮਰਦੇ ਜਾ ਰਹੇ ਕਿਸਾਨ ਪਰਿਵਾਰ ਦਾ ਸ਼ੋਕ-ਗੀਤ ਬਣ ਜਾਣ ਵਿੱਚ ਵੀ ਹੈ।
ਅਮਰਜੀਤ ਸਿੰਘ ਮਾਨ ਦੀ ਕਹਾਣੀ ‘ਏਦਾਂ ਕਿਉਂ’ (ਕਹਾਣੀ ਪੰਜਾਬ, ਅਪ੍ਰੈਲ 22 – ਮਾਰਚ 23) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਧਰਮੀ-ਕਰਮੀ ਜਿਮੀਂਦਾਰ ਈਸਰ ਸਿੰਘ ਦੇ ਮਨੋਸੰਕਟ ਦਾ ਬਿਰਤਾਂਤ ਪੇਸ਼ ਕਰਦੀ ਹੈ। ਉਸਦੇ ਖੇਤ ਝੋਨਾ ਲਾਉਣ ਵਾਲੇ ਦਲਿਤ ਪਰਿਵਾਰ ਨੂੰ ਸ਼ੱਕ ਪੈ ਜਾਂਦਾ ਹੈ ਕਿ ਰਕਬਾ ਘੱਟ ਦੱਸ ਕੇ ਉਨ੍ਹਾਂ ਨੂੰ ਲੁਆਈ ਘੱਟ ਦਿੱਤੀ ਗਈ ਹੈ। ਉਹ ਚੁੱਪ-ਚਾਪ ਬਰਦਾਸ਼ਤ ਕਰਨ ਦੀ ਥਾਂ ਰਕਬੇ ਦੀ ਮਿਣਤੀ ਕਰਵਾਉਂਦੇ ਹਨ ਤਾਂ ਸੱਚਮੁੱਚ ਫਰਕ ਨਿਕਲਦਾ ਹੈ, ਜਿਸ ਨਾਲ਼ ਨਾਮ-ਲੇਵਾ ਈਸਰ ਸਿੰਘ ਦੀ ਕਥਨੀ ਅਤੇ ਕਰਨੀ ਦੇ ਫ਼ਰਕ ਉੱਤੇ ਵੱਡਾ ਪ੍ਰਸ਼ਨ-ਚਿੰਨ੍ਹ ਲੱਗ ਜਾਂਦਾ ਹੈ। ਕਹਾਣੀ ਦੀ ਸਮਰੱਥਾ ਜਿਥੇ ਦਲਿਤ ਚੇਤਨਾ ਦੇ ਹਵਾਲੇ ਨਾਲ ਅਜੋਕੇ ਪੇਂਡੂ ਜੀਵਨ-ਯਥਾਰਥ ਦੇ ਰੂਪਾਂਤਰਨ ਨੂੰ ਪੇਸ਼ ਕਰਨ ਵਿੱਚ ਹੈ ਉਥੇ ਠੇਠ ਮਲਵਈ ਗਲਪੀ ਮੁਹਾਵਰੇ ਵਾਲੇ ਵੇਰਵਾਯੁਕਤ ਅੰਦਾਜ਼ੇ-ਬਿਆਂ ਵਿੱਚ ਵੀ ਹੈ।
ਪਾਕਿਸਤਾਨੀ ਕਹਾਣੀਕਾਰ ਖ਼ਾਲਿਦ ਫਰਹਾਦ ਧਾਲੀਵਾਲ ਦੀ ਕਹਾਣੀ ‘ਸਲਾਮੀ’ (ਪੰਚਮ, ਜੁਲਾਈ-ਸਤੰਬਰ, ਸ਼ਾਹਮੁਖੀ ਅਤੇ ਪ੍ਰਤਿਮਾਨ, ਅਕਤੂਬਰ-ਦਸੰਬਰ, ਗੁਰਮੁਖੀ) ਅੰਨਯ-ਪੁਰਖੀ ਬਿਰਤਾਂਤਕਾਰ, ਇੱਕ ਅਨੋਖੇ ਬੈਂਡਮਾਸਟਰ ਪਿਆਰੇ ਲਾਲ, ਰਾਹੀਂ ਨਾਬਰੀ ਦਾ ਬਿਰਤਾਂਤ ਪੇਸ਼ ਕਰਦੀ ਹੈ। ਉਹ ਵਿਸਾਖੀ-ਦਿਹਾੜੇ ਕਿਸੇ ਲੋਕ-ਨਾਇਕ ਨੂੰ ਸਲਾਮੀ ਦੇ ਕੇ ਨਿਵੇਕਲੀ ਲੋਕ-ਪੱਖੀ ਪਿਰਤ ਪਾਉਂਦਾ ਹੈ। ਕਹਾਣੀ ਦੀ ਸਮਰੱਥਾ ਬਾਤ-ਨੁਮਾ ਗਲਪ-ਜੁਗਤ ਰਾਹੀਂ ਜਿਥੇ ਲੋਕ-ਵਿਰੋਧੀ ਰਾਜਸੀ ਵਿਵਸਥਾ ਦਾ ਵਿਅੰਗਪੂਰਨ ਚਿੱਤਰ ਉਲੀਕਣ ਵਿੱਚ ਹੈ ਉਥੇ ਪਿਆਰੇ ਲਾਲ ਦੇ ਨਿਆਰੇ ਅਤੇ ਅਨੂਠੇ ਸ਼ਖ਼ਸੀ ਬਿੰਬ ਨੂੰ ਉਜਾਗਰ ਕਰਨ ਕਰਕੇ ਵੀ ਹੈ।
ਰੇਮਨ ਦੀ ਕਹਾਣੀ ‘ਅੰਬਾ ਮਰ ਜਾਣੀ’ (ਕਹਾਣੀ ਪੰਜਾਬ, ਅਪ੍ਰੈਲ 22 – ਮਾਰਚ 23) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਨਾਰੀ ਦੀ ਹੱਸਾਸ ਸੰਵੇਦਨਾ ਦੇ ਅਤੀ ਅਛੋਹ ਪੱਖ ਦਾ ਬਿਰਤਾਂਤ ਪੇਸ਼ ਕਰਦੀ ਹੈ। ਅੰਬਾ ਅਜਿਹੀ ਸੰਵੇਦਨਾ ਨਾਲ ਵਰੋਸਾਈ ਹੋਈ ਹੈ ਕਿ ਉਹ ਕਾਮੁਕ ਜਾਂ ਅਕਾਮੁਕ ਮਰਦਾਵੀਂ ਛੋਹ ਦਾ ਅੰਤਰ-ਨਿਖੇੜ ਕਰ ਸਕਣ ਦੇ ਸਮਰੱਥ ਹੈ। ਇਸ ਲਈ ਉਹ ਮਹਿਸੂਸਦੀ ਹੈ ਕਿ ਪਿਤਰਕੀ ਵਿਚਾਰਧਾਰਾ ਰਾਹੀਂ ਕੁੰਠਿਤ ਕਿਸੇ ਬਹੁਤ ਬਜ਼ੁਰਗ ਜਾਂ ਕਥਿਤ ਪਹੁੰਚੇ ਹੋਏ ਸਾਧੂ-ਸੰਤ ਦੀ ਛੋਹ ਵੀ ਕਾਮੁਕ ਹੋ ਸਕਦੀ ਹੈ। ਕਹਾਣੀ ਦੀ ਸਮਰੱਥਾ ਇੱਕ ਬਹੁਤ ਹੀ ਸੂਖ਼ਮ ਅਹਿਸਾਸ ਨੂੰ ਲੋਕ-ਕਥਾ ਵਾਲੀ ਸਰਲ, ਪਰ ਮਾਅਨੇਖੇਜ਼ ਰਮਜ਼ੀ ਕਥਾ-ਸ਼ੈਲੀ ਰਾਹੀਂ ਪੇਸ਼ ਕਰਨ ਵਿੱਚ ਹੈ।
ਬਿੰਦਰ ਬਸਰਾ ਦੀ ਕਹਾਣੀ ‘ਕੋਈ ਹੋਰ ਨਹੀਂ’ (ਪ੍ਰਵਚਨ, ਜਨਵਰੀ-ਮਾਰਚ) ਉਤਮ-ਪੁਰਖੀ ਬਿਰਤਾਂਤਕਾਰ ਰਾਹੀਂ ਪੰਜਾਬੀਆਂ ਦੀ ਪਰਵਾਸ ਦੀ ਲਲਕ ਅਤੇ ਉਸਦੇ ਦੂਰਰਸੀ ਮਾਰੂ ਪ੍ਰਭਾਵਾਂ ਦਾ ਹਿਰਦੇਵੇਧਕ ਬਿਰਤਾਂਤ ਸਿਰਜਦੀ ਹੈ। ਬਿਰਤਾਂਤਕਾਰ ਆਪਣੇ ਮੁੰਡੇ ਨੂੰ ਬਾਹਰ ਭੇਜ ਕੇ ਸੁਰਖ਼ੁਰੂ ਮਹਿਸੂਸ ਕਰਦਾ ਹੈ ਪਰ ਇੱਕ ਜਾਣੂੰ ਪਰਵਾਸੀ ਦੇ ਮਾਪਿਆਂ ਦਾ ਰੂਹ-ਵਿੰਨਵਾਂ ਇਕਲਾਪਾ ਵੇਖ ਕੇ ਆਪਣੇ ਦੁਖਾਂਤਕ ਭਵਿੱਖ ਦੀ ਕਲਪਨਾ ਨਾਲ ਤ੍ਰਹਿ ਜਾਂਦਾ ਹੈ। ਕਹਾਣੀ ਦੀ ਸਮਰੱਥਾ, ਲੋੜੀਂਦੇ ਜੀਵਨ-ਵੇਰਵਿਆਂ ਨਾਲ਼, ਪਰਵਾਸ ਦੇ ਚੰਗੇ-ਮੰਦੇ ਦੋਵਾਂ ਪੱਖਾਂ ਦਾ ਅਹਿਸਾਸ ਕਰਾਉਣ ਵਿੱਚ ਹੈ।
ਜਤਿੰਦਰ ਸਿੰਘ ਹਾਂਸ ਦੀ ਕਹਾਣੀ ‘ਸ਼ਰੀਂਹ ਦੇ ਪੱਤ’ (ਸ਼ਬਦ, ਅਕਤੂਬਰ-ਦਸੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਕਬੀਲੇ-ਸ਼ਰੀਕੇ ਵਾਲੇ ਪੰਜਾਬੀ ਅਵਚੇਤਨ ਦੇ ਅਜੋਕੇ ਸਰੂਪ ਦਾ ਬਿਰਤਾਂਤ ਪੇਸ਼ ਕਰਦੀ ਹੈ। ਸ਼ਰੀਕੇ ਦੀ ਸਿਰ-ਵੱਢ ਭਾਵਨਾ ਅਧੀਨ ਇੱਕ ਜੱਟ ਕਿਸਾਨ ਵੱਟ-ਬੰਨੇ ਦੇ ਰੌਲ਼ੇ ਸਮੇਂ ਆਪਣੇ ਛੋਟੇ ਭਰਾ ਦੇ ਸਿਰ ਵਿੱਚ ਗੰਡਾਸੀ ਮਾਰ ਕੇ ਕਾਤਲਾਨਾ ਹਮਲਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ ਪਰ ਜਦ ਹਮਲਾਵਰ ਵੱਡੇ ਭਰਾ ਦਾ ਇਕਲੌਤਾ ਪੁੱਤ ਮਰ ਜਾਂਦਾ ਹੈ ਤਾਂ ਛੋਟਾ ਆਪਣੀ ਕਬੀਲਾਈ ਭਾਵਨਾ ਅਧੀਨ ਲਹੂ ਦੀ ਸਾਂਝ ਨੂੰ ਮਹਿਸੂਸ ਕਰਦਿਆਂ, ਸਾਰੇ ਗੁੱਸੇ-ਗਿਲ਼ੇ ਅਤੇ ਲਾਲਚ ਭੁੱਲ ਕੇ ਵੱਡੇ ਭਰਾ ਦੀ ਦੁਬਾਰਾ ਜੜ੍ਹ ਲਗਦੀ ਵੇਖਣ ਦੀ ਦਿਲ਼ੀ ਕਾਮਨਾ ਕਰਦਾ ਹੈ। ਕਹਾਣੀ ਦੀ ਸਮਰੱਥਾ ਵੈਰ ਅਤੇ ਪਿਆਰ ਦੀ ਮਿਸ਼ਰਤ ਭਾਵਨਾ ਵਾਲੇ ਪੰਜਾਬੀ ਮਨੋਵਿਹਾਰ ਦਾ ਜੀਵੰਤ ਗਲਪ-ਬਿੰਬ ਸਿਰਜ ਸਕਣ ਵਿੱਚ ਹੈ। ਰੌਚਿਕਤਾ ਦੇ ਪੱਖ ਤੋਂ ਵੇਖੀਏ ਤਾਂ ਨਾਟਕੀਅਤਾ ਦਾ ਅੰਸ਼ ਕਹਾਣੀ ਵਿੱਚ ਤਣਾਅ ਨੂੰ ਹੋਰ ਤੀਬਰ ਕਰਨ ਵਾਲਾ ਹੈ।
ਤ੍ਰਿਪਤਾ ਕੇ ਸਿੰਘ ਦੀ ਕਹਾਣੀ ‘ਭੁੱਖ’ (ਚਿਰਾਗ, ਜਨਵਰੀ-ਮਾਰਚ) ਉਤਮ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਇਕਲਾਪੇ-ਮਾਰੀ ਔਰਤ ਦੇ ਅਵਚੇਤਨੀ ਸੰਸਾਰ ਨੂੰ ਉਸਦੇ ਮਨੋ-ਵਿਹਾਰ ਰਾਹੀਂ ਉਜਾਗਰ ਕਰਦੀ ਹੈ। ਦੁਬਈ ਰਹਿੰਦੇ ਪਤੀ ਦੀ ਗ਼ੈਰ-ਮੌਜੂਦਗ਼ੀ ਵਿੱਚ ਉਹ ਆਪਣੀਆਂ ਅਤ੍ਰਿਪਤ ਕਾਮਨਾਵਾਂ ਨੂੰ ਪਤਿਉਰੇ ਦੇ ਮੁੰਡੇ ਰਾਹੀਂ ਪੂਰੀਆਂ ਕਰਨ ਦੀ ਕਲਪਨਾ ਕਰਦੀ ਹੈ ਪਰ ਅੰਤ ਆਪਣੀ ਕਾਮੁਕ ਭੁੱਖ ਨੂੰ ਅਣਗੌਲਿਆਂ ਕਰਕੇ ਪਰਿਵਾਰਕ ਮਰਯਾਦਾ ਨੂੰ ਬਚਾਉਣ ਦਾ ਯਤਨ ਕਰਦੀ ਹੈ। ਕਹਾਣੀ ਦੀ ਸਮਰੱਥਾ ਇੱਕ ਪਰਿਵਾਰਕ ਔਰਤ ਦੇ ਚੇਤਨ-ਅਚੇਤਨ ਦੇ ਸੂਖ਼ਮ ਦਵੰਦ ਨੂੰ ਢੁੱਕਵੇਂ ਵਸਤੂ-ਵੇਰਵਿਆਂ ਨਾਲ ਸਮੂਰਤ ਕਰਨ ਵਿੱਚ ਹੈ।
ਬਲਦੇਵ ਸਿੰਘ ਗਰੇਵਾਲ ਦੀ ਕਹਾਣੀ ‘ਡ੍ਰੀਮ ਲੈਂਡ’ (ਸਿਰਜਣਾ, ਅਪ੍ਰੈਲ-ਜੂਨ) ਉਤਮ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਸਪੇਨੀ ਪਰਵਾਸੀ ਕੁੜੀ ਦੇ ਅਮਰੀਕਾ ਵਿੱਚ ਸਫਲ ਹੋਣ ਦੀ ਮੁੱਢਲੀ ਜੱਦੋ-ਜਹਿਦ ਦਾ ਬਿਰਤਾਂਤ ਪੇਸ਼ ਕਰਦੀ ਹੈ। ਪ੍ਰਤੀਕ ਰੂਪ ਵਿੱਚ ਉਹ ਉਨ੍ਹਾਂ ਸਮੂਹ ਪਰਵਾਸੀ ਮਿਹਨਤਕਸ਼ਾਂ ਦੀ ਪ੍ਰਤੀਨਿਧ ਜਾਪਣ ਲੱਗ ਪੈਂਦੀ ਹੈ ਜਿਹੜੇ ਆਪਣੇ ‘ਡ੍ਰੀਮ ਲੈਂਡ’ ਵਿੱਚ ਟੀਸੀ ਉੱਤੇ ਪਹੁੰਚਣ ਦਾ ਸੁਪਨਾ ਵੇਖਦੇ ਹਨ। ਕਹਾਣੀ ਦੀ ਸਮਰੱਥਾ ਇਸਦੇ ਜੀਵੰਤ ਦ੍ਰਿਸ਼-ਚਿਤਰਨ ਅਤੇ ਸੁਪਨੇ ਤੇ ਯਥਾਰਥ ਦੀ ਵਿਡੰਬਨਾ ਨੂੰ ਪੇਸ਼ ਕਰਨ ਵਿੱਚ ਹੈ।
ਸਾਂਵਲ ਧਾਮੀ ਦੀ ਕਹਾਣੀ ‘ਪੂਰਾ ਆਦਮੀ’ (ਸਿਰਜਣਾ, ਜੁਲਾਈ-ਸਤੰਬਰ) ਅੰਨਯ-ਪੁਰਖੀ ਬਿਰਤਾਂਤਕਾਰ ਰਾਹੀਂ ਇੱਕ ਸੰਪੂਰਨ ਮਨੁੱਖੀ ਸ਼ਖ਼ਸੀਅਤ ਦੇ ਨਿਰਮਾਣ ਲਈ ਨਵੇਂ ਮਾਪਦੰਡਾਂ ਦੀ ਜੁਸਤਜੂ ਦਾ ਬਿਰਤਾਂਤ ਸਿਰਜਦੀ ਹੈ। ਕਹਾਣੀ ਦਾ ਕੇਂਦਰੀ ਮਹੱਤਤਾ ਵਾਲਾ ਪਾਤਰ ਇੱਕ ਹਾਦਸੇ ਵਿੱਚ ਦੋਵੇਂ ਲੱਤਾਂ ਗੁਆ ਲੈਣ ਤੋਂ ਪਿੱਛੋਂ, ਪਰੰਪਰਕ ਦ੍ਰਿਸ਼ਟੀ ਰਾਹੀਂ ਵੇਖਿਆਂ, ਅੱਧਾ-ਅਧੂਰਾ ਜਾਪਣ ਲਗਦਾ ਹੈ ਪਰ ਆਪਣੇ ਮਾਨਵ-ਹਤੈਸ਼ੀ ਕਾਰਜਾਂ ਰਾਹੀਂ ਪੂਰਾ ਆਦਮੀ ਬਣ ਕੇ ਵਿਖਾਉਂਦਾ ਹੈ। ਦੂਜੇ ਪਾਸੇ ਕਹਾਣੀ ਵਿਚਲੇ ਮੁਕੰਮਲ ਸਰੀਰਾਂ ਵਾਲੇ ਅਤੇ ਸਫਲ ਕਾਰੋਬਾਰੀ ਪਾਤਰ ਆਪਣੇ ਅਮਾਨਵੀ ਸਰੋਕਾਰਾਂ ਕਾਰਨ ਅਧੂਰੇ ਜਾਪਣ ਲਗਦੇ ਹਨ। ਕਹਾਣੀ ਦੀ ਸਮਰੱਥਾ ਇੱਕ ਆਸ਼ਾਵਾਦੀ ਸੁਨੇਹੇ ਨੂੰ ਬਿਰਤਾਂਤਕਾਰ ਦੇ ਪੈਗੰਬਰੀ ਕਥਨਾਂ ਦੀ ਥਾਂ ਪਾਤਰ-ਵਿਹਾਰ ਰਾਹੀਂ ਉਜਾਗਰ ਕਰਨ ਵਿੱਚ ਹੈ।
ਹਰਪ੍ਰੀਤ ਸੇਖਾ ਦੀ ਕਹਾਣੀ ‘ਗੁੰਮ-ਪੰਨੇ’ (ਤਾਸਮਨ, ਅਪ੍ਰੈਲ-ਜੂਨ) ਵਿੱਚ ਉਤਮ-ਪੁਰਖੀ ਨਾਨੀ-ਰੂਪੀ ਬਿਰਤਾਂਤਕਾਰ ਆਪਣੇ ਮਾਂ-ਵਿਹੂਣੇ ਦੋਹਤੇ ਦੇ ਭਾਵੁਕ ਵਿਗੋਚੇ ਦਾ ਬਿਰਤਾਂਤ ਪੇਸ਼ ਕਰਦੀ ਹੈ। ਬਾਲ ਅਰਜਨ ਦਾ ਬਾਪ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸ ਦਾ ਕਤਲ ਕਰ ਦਿੰਦਾ ਹੈ ਅਤੇ ਸਿੱਟੇ ਵਜੋਂ ਆਪ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਅਰਜਨ ਦੀ ਨਾਨੀ ਅਤੇ ਮਾਸੀ ਆਪਣੇ ਲਾਡ-ਪਿਆਰ ਨਾਲ਼ ਅਰਜਨ ਦਾ, ਮਾਪਿਆਂ ਵਾਲ਼ਾ, ਵਿਗੋਚਾ ਘਟਾਉਣ ਦਾ ਯਤਨ ਕਰਦੀਆਂ ਹਨ ਪਰ ਕਿਸੇ ਵੀ ਤਰ੍ਹਾਂ ਅਰਜਨ ਦਾ ਖਲਾਅ ਨਹੀਂ ਭਰਦਾ। “ਆਈ ਮਿਸ ਮਾਈ ਮੰਮ” ਦੇ ਰੁਦਨਮਈ ਬੋਲਾਂ ਨਾਲ ਅੰਤ ਉਹ ਆਪਣੇ ਅਣਪੂਰੇ ਜਾਣ ਵਾਲੇ ਉਸ ਖਲਾਅ ਦਾ ਬਿਆਨ ਕਰਦਾ ਹੈ। ਕਹਾਣੀ ਦੀ ਸਮਰੱਥਾ ਬਾਲ ਮਨੋਵਿਹਾਰ ਦੇ ਡੂੰਘਾਈ ਵਾਲ਼ੇ ਚਿਤਰਨ ਅਤੇ ਪਾਠਕ ਦੇ ਅਹਿਸਾਸਾਂ ਨੂੰ ਟੁੰਬਣ ਵਾਲ਼ੀ ਭਾਵਪੂਰਤ ਸਰੋਦੀ ਸ਼ੈਲੀ ਕਰਕੇ ਹੈ।
ਉਪਰੋਕਤ ਬਿਹਤਰੀਨ ਕਹਾਣੀਆਂ ਤੋਂ ਇਲਾਵਾ ਇਸ ਵਰ੍ਹੇ ਦੀਆਂ ਕੁਝ ਦਰਮਿਆਨੇ ਪੱਧਰ ਦੀਆਂ ਹੋਰ ਕਹਾਣੀਆਂ ਵੀ ਪੜ੍ਹਨਯੋਗ ਅਤੇ ਸਲਾਹੁਣਯੋਗ ਹਨ। ਚੇਤੰਨ ਬੁੱਧ ਪੰਜਾਬੀ ਪਾਠਕਾਂ ਨੇ ਸੋਸ਼ਲ ਮੀਡੀਆ ਰਾਹੀਂ ਅਜਿਹੀਆਂ ਕੁਝ ਕਹਾਣੀਆਂ ਦਾ ਉਚੇਚ ਅਤੇ ਵਿਸਥਾਰ ਨਾਲ ਜ਼ਿਕਰ ਕਰਕੇ ਉਨ੍ਹਾਂ ਦੀ ਅਹਿਮੀਅਤ ਵੱਲ ਸਾਡਾ ਧਿਆਨ ਵੀ ਖਿੱਚਿਆ ਹੈ। ਅਜਿਹੀਆਂ ਕਹਾਣੀਆਂ ਹਨ: ਓਨਾ ਓਡਵਾਇਰ (ਗੁਰਮੀਤ ਕੜਿਆਲਵੀ, ਹੁਣ, ਨਵੰਬਰ 22 – ਅਪ੍ਰੈਲ 23), ਮਸਾਣ (ਬਲਵਿੰਦਰ ਸਿੰਘ ਗਰੇਵਾਲ), ਬਲੌਰੀ ਅੱਖ ਵਾਲਾ ਮੁੰਡਾ (ਪਰਵੇਜ਼ ਸੰਧੂ) (ਦੋਵੇਂ, ਪ੍ਰਵਚਨ, ਜਨਵਰੀ-ਮਾਰਚ), ਮੋਹ-ਜਾਲ਼ (ਹਰਪ੍ਰੀਤ ਸੇਖਾ), 180 ਮਿੰਟ ਦਾ ਆਤੰਕ ਕਾਲ (ਜਸਵੀਰ ਰਾਣਾ) (ਦੋਵੇਂ, ਸਿਰਜਣਾ, ਜਨਵਰੀ-ਮਾਰਚ), ਦਾਗ (ਨਵਚੇਤਨ, ਸਿਰਜਣਾ, ਅਕਤੂਬਰ-ਦਸੰਬਰ), ਨੂਣ (ਬਲੀਜੀਤ), ਕੋਈ ਤਾਂ ਹੈ (ਨਿਰੰਜਨ ਬੋਹਾ), ਸੇਫ਼ਟੀ ਕਿੱਟ (ਜਿੰਦਰ) (ਤਿੰਨੇ ਕਹਾਣੀ ਧਾਰਾ, ਅਕਤੂਬਰ-ਦਸੰਬਰ), ਗੀਤਾਂ ਦਾ ਵਣਜਾਰਾ (ਜਗਜੀਤ ਬਰਾੜ, ਤਾਸਮਨ, ਅਪ੍ਰੈਲ-ਜੂਨ), ਤ੍ਰੇੜ (ਭਗਵੰਤ ਰਸੂਲਪੁਰੀ, ਤਾਸਮਨ, ਜੁਲਾਈ-ਸਤੰਬਰ), ਮੱਧਮ ਜਿਹੀ ਆਸ (ਅਮਰਜੀਤ ਸਿੰਘ ਮਾਨ), ਸ਼ਾਲ (ਜਸਵਿੰਦਰ ਧਰਮਕੋਟ) (ਦੋਵੇਂ ਤਾਸਮਨ, ਅਕਤੂਬਰ-ਦਸੰਬਰ) ਆਦਿ।
ਇਸ ਸਾਲ ਦੀ ਪੰਜਾਬੀ ਕਹਾਣੀ ਦੇ ਖੇਤਰ ਦੀਆਂ ਸਮੁੱਚੀਆਂ ਸਰਗਰਮੀਆਂ ਉੱਤੇ ਝਾਤ ਪਾਈਏ ਤਾਂ ਜਿਹੜੇ ਕੁਝ ਉਭਰਵੇਂ ਨੁਕਤੇ ਗੌਲਣਯੋਗ ਜਾਪਦੇ ਹਨ, ਉਹ ਹੇਠ ਲਿਖੇ ਅਨੁਸਾਰ ਹਨ:
ਪੰਜਾਬੀ ਕਹਾਣੀ ਵਿੱਚ ਕਹਾਣੀਕਾਰ ਅਤੇ ਪਾਠਕ ਔਰਤਾਂ ਦੀ ਸਿਰਫ ਗਿਣਤੀ ਹੀ ਨਹੀਂ ਵਧੀ ਸਗੋਂ ਉਨ੍ਹਾਂ ਦਾ ਗੁਣਾਤਮਕ ਯੋਗਦਾਨ ਵੀ ਵਧਿਆ ਹੈ। ਇਸ ਸਿਫ਼ਤੀ ਤਬਦੀਲੀ ਨੂੰ ਪਛਾਣਦਿਆਂ ਤਾਸਮਨ ਅਤੇ ਸਾਹਿਤਕ ਏਕਮ (ਦੋਵੇਂ ਜਨਵਰੀ-ਮਾਰਚ) ਰਿਸਾਲਿਆਂ ਨੇ ਨਾਰੀ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ।
ਪਾਕਿਸਤਾਨ ਦੇ ਕਹਾਣੀਕਾਰ ਅਤੇ ਚਿੰਤਕ ਕਰਾਮਤ ਮੁਗ਼ਲ ਦੀ ਸੂਚਨਾ ਅਨੁਸਾਰ ਦਸੰਬਰ ਦੇ ਦੂਜੇ ਹਫ਼ਤੇ ਤੱਕ ਪਾਕਿਸਤਾਨੀ ਪੰਜਾਬ ਵਿੱਚ ਸਿਰਫ਼ ਇੱਕ ਹੀ ਕਹਾਣੀ-ਸੰਗ੍ਰਹਿ (ਤੈਨੂੰ ਮਰਜ਼ ਕਿਹੜਾ ਦੱਸੀਏ, ਮਲਿਕ ਸ਼ਾਹ ਸਵਾਰ ਨਾਸਿਰ) ਛਪਿਆ ਹੈ। ਨੌਂ-ਦਸ ਕਰੋੜ ਪੰਜਾਬੀ ਵਸੋਂ ਵਾਲੇ ਮੁਲਕ ਦੇ ਪ੍ਰਸੰਗ ਵਿੱਚ ਸੋਚਿਆਂ ਇਹ ਚਿੰਤਾ ਵਾਲ਼ੀ ਗੱਲ ਜਾਪਦੀ ਹੈ।
ਪਰਵਾਸੀ ਪੰਜਾਬੀ ਕਹਾਣੀ ਵਿੱਚ ਇਸ ਸਾਲ ਅਮਰੀਕਾ ਦਾ ਯੋਗਦਾਨ ਵਿਸ਼ੇਸ਼ ਰਿਹਾ। ਬਲੌਰੀ ਅੱਖ ਵਾਲਾ ਮੁੰਡਾ (ਪਰਵੇਜ਼ ਸੰਧੂ), ਕਿਤੇ ਉਹ ਨਾ ਹੋਵੇ (ਰਵੀ ਸ਼ੇਰਗਿੱਲ) ਦੋਵੇਂ ਸੰਗ੍ਰਹਿ ਹੀ ਉਲੇਖਯੋਗ ਹਨ।
ਦੁੱਖ ਦੀ ਗੱਲ ਹੈ ਕਿ ਕੁਝ ਉਲੇਖਯੋਗ ਪੰਜਾਬੀ ਕਹਾਣੀਕਾਰ ਇਸ ਵਰ੍ਹੇ ਸਦਾ ਲਈ ਸਾਥੋਂ ਵਿੱਛੜ ਗਏ, ਜਿਵੇਂ ਅਮਰਜੀਤ ਦਰਦੀ, ਗੁਲਵੰਤ ਮਲੌਦਵੀ, ਗੁਰਪਾਲ ਸਿੰਘ ਨੂਰ, ਮੋਹਨ ਕਾਹਲੋਂ, ਨਿੰਦਰ ਗਿੱਲ, ਸੀ.ਆਰ ਮੋਦਗਿਲ।
ਇਹ ਗੱਲ ਪੰਜਾਬੀ ਕਹਾਣੀ-ਵਿਧਾ ਲਈ ਵਡਿਆਈ ਵਾਲੀ ਹੈ ਕਿ ਢਾਹਾਂ ਪੁਰਸਕਾਰ ਲਈ ਇਸ ਵਾਰ ਦਾ ਗੁਣਾ ਤਿੰਨੇ ਕਹਾਣੀ-ਸੰਗ੍ਰਿਹਾਂ ਉੱਤੇ ਹੀ ਪਿਆ। ਪਹਿਲੇ ਪੁਰਸਕਾਰ ਲਈ ਬਲਵਿੰਦਰ ਗਰੇਵਾਲ (ਡਬੋਲੀਆ) ਅਤੇ ਬਾਕੀ ਦੋਹਾਂ ਲਈ ਅਰਵਿੰਦਰ ਧਾਲੀਵਾਲ (ਝਾਂਜਰਾਂ ਵਾਲ਼ੇ ਪੈਰ), ਜਾਵੇਦ ਬੂਟਾ (ਚੌਲ਼ਾਂ ਦੀ ਬੁਰਕੀ) ਨੂੰ ਵਧਾਈ। ਇਸੇ ਤਰ੍ਹਾਂ ਸਾਹਿਤਯ ਅਕਾਦੇਮੀ ਦਿੱਲੀ ਦਾ ਪੁਰਸਕਾਰ ਪ੍ਰਾਪਤ ਕਰਨ ਵਾਲ਼ੇ ਸਾਡੇ ਉੱਚ-ਦੁਮਾਲੜੇ ਕਹਾਣੀਕਾਰ ਸੁਖਜੀਤ ਨੂੰ ਵੀ ਬਹੁਤ ਬਹੁਤ ਮੁਬਾਰਕਾਂ।
ਪ੍ਰਵਚਨ ਰਿਸਾਲੇ ਨੇ ਆਪਣੀ ਪਿਰਤ ਨੂੰ ਕਾਇਮ ਰੱਖਦਿਆਂ ਪਹਿਲਾਂ ਕਹਾਣੀ ਗੋਸ਼ਟੀ ਵੀ ਕਰਵਾਈ ਅਤੇ ਕਹਾਣੀ ਦਾ ਵਿਸ਼ੇਸ਼ ਅੰਕ (ਜਨਵਰੀ-ਮਾਰਚ) ਵੀ ਛਾਪਿਆ। ਭਾਵੇਂ ਕਿ ਇਸ ਰਿਸਾਲੇ ਦੇ ਸੰਪਾਦਕ ਡਾ. ਰਜਨੀਸ਼ ਬਹਾਦਰ ਸਿੰਘ ਸਾਥੋਂ ਸਦਾ ਲਈ ਵਿੱਛੜ ਗਏ ਹਨ ਪਰ ਪ੍ਰਵਚਨ ਦੀ ਨਵੀਂ ਟੀਮ ਨੇ ਇਹ ਪ੍ਰਥਾ ਚਲਦੀ ਰੱਖਣ ਦੀ ਜ਼ਿੰਮੇਵਾਰੀ ਸਾਂਭ ਲਈ ਹੈ।
ਚੰਗੀਆਂ ਕਹਾਣੀਆਂ ਛਾਪਣ ਵਾਲੇ ‘ਹੁਣ’ ਰਿਸਾਲੇ ਨੇ ਲੰਮਾ ਸਮਾਂ ਬੰਦ ਰਹਿਣ ਤੋਂ ਬਾਅਦ ਦੁਬਾਰਾ ਦਸਤਕ ਦਿੱਤੀ ਹੈ, ਖੁਸ਼ਆਮਦੀਦ।
ਪੰਜਾਬੀ ਕਹਾਣੀ ਦੀਆਂ ਆਡੀਓ ਤਿਆਰ ਕਰਕੇ ਯੂ-ਟਿਊਬ ਉੱਤੇ ਪਾਉਣ ਵਾਲੇ ਉਦਮੀਆਂ ਵਿੱਚ ਦਵਿੰਦਰ ਕੌਰ ਡੀ.ਸੈਣੀ ਦਾ ਨਾਂ ਵੀ ਸ਼ਾਮਿਲ ਹੋ ਗਿਆ ਹੈ, ਪ੍ਰਸ਼ੰਸਾ ਕਰਨੀ ਬਣਦੀ ਹੈ।
2022 ਵਿਚ ਛਪੇ ਬਲਵੀਰ ਕੌਰ ਰੀਹਲ ਦਾ ਸੰਪਾਦਿਤ ਕਹਾਣੀ-ਸੰਗ੍ਰਹਿ ‘ਮੇਰੀ ਧਰਤੀ ਮੇਰਾ ਅੰਬਰ’ (39 ਕਹਾਣੀਆਂ) ਅਤੇ ਬਲਬੀਰ ਮਾਧੋਪੁਰੀ ਦੁਆਰਾ ਸੰਪਾਦਿਤ ਕਹਾਣੀ-ਸੰਗ੍ਰਹਿ ‘ਕੁਲਬੀਰ ਬਡੇਸਰੋਂ ਦੀਆਂ ਇਕੱਤੀ ਕਹਾਣੀਆਂ’ ਨਾਰੀ ਰਚਿਤ ਪੰਜਾਬੀ ਕਹਾਣੀ ਨੂੰ ਵਿਸ਼ੇਸ਼ ਹੁਲਾਰਾ ਦੇਣ ਵਾਲੇ ਹਨ।
ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਨਾਰੀਵਾਦੀ ਸਰੋਕਾਰਾਂ ਪ੍ਰਤੀ ਵਧੇਰੇ ਸੁਜੱਗ ਹੋਈ ਹੈ। ਇਸ ਲਈ ਨਿਰਪੱਖ (ਔਬਜੈਕਟਿਵ) ਦ੍ਰਿਸ਼ਟੀ ਰਾਹੀਂ ਔਰਤ ਦੀ ਹੋਂਦ ਅਤੇ ਹਸਤੀ ਦੇ ਮਸਲਿਆਂ ਨੂੰ ਸਮਝ ਕੇ ਪੇਸ਼ ਕਰਨ ਦਾ ਯਤਨ ਕਰਨ ਲੱਗੀ ਹੈ। ਔਰਤ ਸਿਰਫ ਭੋਗਣ ਵਾਲੀ ਦੇਹ ਨਹੀਂ ਅਤੇ ਨਾ ਹੀ ਔਰਤ ਨਿਰੋਲ ਵਿਅਕਤੀਗਤ ਹੋਂਦ ਹੈ। ਇਸ ਦੇ ਉਲਟ ਔਰਤ ਪਰਿਵਾਰਕ ਤੇ ਸਮਾਜਿਕ ਪ੍ਰਾਣੀ ਵੀ ਹੈ ਅਤੇ ਸਭ ਤੋਂ ਵੱਧ ਇੱਕ ਸੰਪੂਰਨ ਮਾਨਵੀ ਹੋਂਦ ਹੈ ਜਿਸ ਦੇ ਦੁੱਖ-ਸੁੱਖ ਸਮੁੱਚੀ ਮਾਨਵ ਜਾਤੀ ਵਾਲੇ ਹੀ ਹਨ। ਤ੍ਰਿਪਤਾ ਕੇ ਸਿੰਘ ਦੀ ਕਹਾਣੀ ‘ਭੁੱਖ’ ਦੇ ਹਵਾਲੇ ਨਾਲ ਕਹੀਏ ਤਾਂ ਉਸ ਦੀਆਂ ਪਰਿਵਾਰਕ ਅਤੇ ਸਮਾਜਿਕ ਪਛਾਣ ਦੀਆਂ ਭੁੱਖਾਂ ਵੀ ਕਾਮ-ਤ੍ਰਿਪਤੀ ਦੀ ਭੁੱਖ ਤੋਂ ਕੋਈ ਘੱਟ ਮਹੱਤਵ ਵਾਲ਼ੀਆਂ ਨਹੀਂ ਹਨ।
ਇਸੇ ਤਰ੍ਹਾਂ ਪੰਜਾਬੀ ਔਰਤ ਦੇ ਨਾਰੀ ਸਰੋਕਾਰ ਸਿਰਫ਼ ਉੱਚ ਜਾਂ ਮੱਧਵਰਗੀ ਔਰਤਾਂ ਦੇ ਕਾਮ-ਹਾਬੜੇ ਤੱਕ ਸੀਮਤ ਨਹੀਂ ਬਲਕਿ ਨਿਮਨ ਵਰਗ ਦੀਆਂ ਔਰਤਾਂ ਨੂੰ ਨਪੀੜਨ ਵਾਲ਼ੇ ਆਰਥਿਕ, ਸਮਾਜਿਕ ਝਮੇਲਿਆਂ ਤੱਕ ਵੀ ਪੱਸਰੇ ਹੋਏ ਹਨ। ਹਰਪ੍ਰੀਤ ਚਨੂੰ ਦੀ ਕਹਾਣੀ ‘ਚੱਲ ਚਿੜੀਏ ਮੈਂ ਆਇਆ…’ ਦੇ ਹਵਾਲੇ ਨਾਲ ਕਿਹਾ ਜਾਵੇ ਤਾਂ ਦਲਿਤ ਔਰਤ ਸੂਟ੍ਹੀ ਸਥਾਪਿਤ ਰਾਜਸੀ ਧਿਰਾਂ ਵੱਲੋਂ ਦੁਰਕਾਰੀ ਆਪਣੀ ਮਾਨਵੀ ਹੋਂਦ ਨੂੰ “ਨੱਕ ਨਾਲੋਂ ਸੀਂਢ ਵਾਂਗ ਗਵਾਹ ਕੇ ਪਰ੍ਹੇ ਮਾਰਨ” ਵਰਗੀ ਮਹਿਸੂਸ ਕਰਦੀ ਹੈ। ਉਸ ਵਰਗੀਆਂ ਦਮਿਤ ਔਰਤਾਂ ਦੀ ਜ਼ਿੰਦਗੀ ਨੂੰ ਮਾਅਨੇਖੇਜ਼ ਬਣਾਉਣਾ ਵੀ ਪੰਜਾਬੀ ਕਹਾਣੀ ਦਾ ਵੱਡਾ ਸਰੋਕਾਰ ਬਣਦਾ ਹੈ।
ਵਿਸ਼ਾ-ਵਸਤੂ ਦੀ ਚੋਣ ਵਾਂਗ ਹੀ ਬਿਰਤਾਂਤਕਾਰੀ ਦੇ ਪੱਖ ਤੋਂ ਵੇਖੀਏ ਤਾਂ ਇਸ ਵਰ੍ਹੇ ਦੀ ਪੰਜਾਬੀ ਕਹਾਣੀ ਨੇ ਬੇਲੋੜੀ ਜਟਿਲਤਾ, ਅਮੂਰਤਤਾ (ਐਬਸਟ੍ਰੈਕਸ਼ਨ) ਅਤੇ ਕਥਨਮੂਲਕ ਪ੍ਰਚਾਰਾਤਮਕਤਾ ਵੱਲੋਂ ਵੀ ਕੁਝ ਨਾ ਕੁਝ ਪਾਸਾ ਵੱਟਿਆ ਜਾਪਦਾ ਹੈ। ਇਸੇ ਲਈ ਸਥਾਪਿਤ ਲੇਖਕਾਂ ਦੀਆਂ ਜਟਿਲਤਰ ਕਹਾਣੀਆਂ ਦੇ ਮੁਕਾਬਲੇ ਮੂਲੋਂ ਨਵੇਂ ਕਹਾਣੀਕਾਰਾਂ, ਅਮਰਜੀਤ ਸਿੰਘ ਮਾਨ ਅਤੇ ਰੇਮਨ ਦੀਆਂ ਸਰਲ, ਲਕੀਰੀ ਅਤੇ ਛੋਟੇ ਆਕਾਰ ਦੀਆਂ ਰੌਚਿਕ ਅਤੇ ਅਰਥਪੂਰਨ ਕਹਾਣੀਆਂ ਨੂੰ ਪਾਠਕ ਨੇ ਵਧੇਰੇ ਪਸੰਦ ਕੀਤਾ ਹੈ। ਸ਼ਾਇਦ ਇਹ ਵਿਰਕ-ਟੱਚ ਵਾਲ਼ੇ ਕਥਾ-ਮਾਡਲ ਦੀ ਪੁਨਰ-ਸੁਰਜੀਤੀ ਦਾ ਸੰਕੇਤ ਹੀ ਹੋਵੇ।
ਇਸ ਪ੍ਰਕਾਰ ਇਸ ਸਾਲ ਦੀ ਕਹਾਣੀ ਨੇ ਪਾਠਕ-ਮੁੱਖ ਹੋ ਕੇ ਤੁਰਨ ਵੱਲ ਸਲਾਹੁਣਯੋਗ ਕਦਮ ਚੁੱਕਿਆ ਹੈ ਜਿਸ ਦੇ ਭਵਿੱਖ ਵਿੱਚ ਚੰਗੇ ਸਿੱਟੇ ਨਿਕਲਣ ਦੀ ਆਸ ਹੈ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply