ਅੰਕ-ਸੱਤਵਾਂ(ਅਗਸਤ)
ਵਿਸ਼ਾ-ਬਰਸਾਤ
ਵਿਸ਼ਾ ਭੇਜਿਆ-ਜਸਵਿੰਦਰ ਮਹਿਰਮ
ਬਰਸਾਤ ਦੇ ਕਵੀ
ਮਰਹੂਮ ਉਸਤਾਦ ਦੀਪਕ ਜੈਤੋਈ
ਇੰਦਰਜੀਤ ਨੰਦਨ
ਹਰਪਿੰਦਰ ਰਾਣਾ
ਗੁਰਪਰੀਤ ਕੌਰ
ਅੰਮੀਆਂ ਕੁੰਵਰ
ਸਿਮਰਤ ਗਗਨ
ਇਕਵਿੰਦਰ ਪੁਰਹੀਰਾਂ
ਨੀਲੂ ਹਰਸ਼
ਜਸਵਿੰਦਰ ਮਹਿਰਮ
ਅਰਤਿੰਦਰ ਸੰਧੂ
ਗੁਰਸ਼ਰਨਜੀਤ ਸਿੰਘ ਸ਼ੀਂਹ
—————
ਨਜ਼ਮ
—————
ਮਰਹੂਮ ਉਸਤਾਦ ਦੀਪਕ ਜੈਤੋਈ
ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈ
ਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ
ਉਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ ਆਉਣ ਨੂੰ ਤਰਸਦੇ ਨੇ
ਫੇਰ ਇੰਜ ਬਰਸੇ ਜਿੱਦਾਂ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ
ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ
ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ
ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤਕ, ਅਰਸ਼ੋਂ ਉੱਤਰੀ ਡਾਰ ਮੁਰਗਾਬੀਆਂ ਦੀ
ਵੱਟਾਂ ਟੁੱਟੀਆਂ ਇੰਜ ਹਰ ਖੇਤ ਦੀਆਂ, ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ
ਮੋਰ ਨੱਚਦੇ, ਕੋਈਲਾਂ ਕੂਕ ਪਈਆਂ, ਦੀਪਕ ਜਗੇ ਪਤੰਗੇ ਆ ਫੁੜਕਦੇ ਨੇ
ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾਂ ਨਵੇਂ ਰੱਜੇ ਬੰਦੇ ਭੁੜਕਦੇ ਨੇ
ਨਿਰਮਲ ਨੀਰ ਗੰਧਲਾਅ ਗਿਆ ਭੁੰਏਂ ਪੈ ਕੇ , ਅਕਸਰ ਏਦਾਂ ਹੀ ਹੁੰਦੈ ਦੁਸ਼ਵਾਰੀਆਂ ਵਿਚ
ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿਚ
ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, ’ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ
ਆਸੇ ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾਂ ਹੇਰਾ ਫੇਰੀ ਦੇ ਨਾਲ
ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ, ਪਾਣੀ ਦੂਰ ਤਕ ਮਾਰਦਾ ਵਲਾ ਜਾਂਦੈ
ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ
ਰਾਤੀਂ ਜੁਗਨੂੰਆਂ ਦੇ ਝੁਰਮਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ
ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ ’ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ
ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ
ਲਹਿਣੇਦਾਰ ਨੂੰ ਵੇਖ ਕਰਜ਼ਾਈ ਜਿੱਦਾਂ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ
ਮਹਿਕਾਂ ਵੰਡ ਰਹੀਆਂ ਕਲੀਆਂ ਬਾਗ਼ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ
ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ
ਲੱਗੇ ਫਲ, ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਦੇ ਵੱਟੇ ਸਹਾਰਦੇ ਨੇ
ਜਿੱਦਾਂ ਜਾਹਲਾਂ ਅੱਗੇ ਸ਼ਰੀਫ਼ਜ਼ਾਦੇ, ਨੀਂਵੇਂ ਹੋ ਕੇ ਵਕਤ ਗੁਜ਼ਾਰਦੇ ਨੇ
ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉੱਤੇ
ਰੁੱਤਾਂ ਪਰਤ ਕੇ ਆਉਂਦੀਆਂ ਯਾਰ ‘ਦੀਪਕ’, ਮੋਏ ਪਰਤਦੇ ਨਹੀਂ ਸੰਸਾਰ ਉੱਤੇ
ਕਵੀ ਸੂਚੀ ‘ਤੇ ਜਾਓ
—————
ਖ਼ਾਬ
—————
ਇੰਦਰਜੀਤ ਨੰਦਨ
ਖ਼ਾਬ ਪੱਤੇ ਤੋਂ ਤਿਲਕ
ਜਾ ਮਿਲਦਾ
ਧਰਤੀ ‘ਤੇ ਪਈਆਂ
ਮੋਟੀਆਂ ਕਣੀਆਂ ‘ਚ
ਉੱਠਦੇ ਬੁਲਬੁਲਿਆਂ ‘ਚ…
ਬਾਰਿਸ਼ ਵਕਤ ਬੇ-ਵਕਤ
ਆ ਹੀ ਜਾਂਦੀ
ਬੜਾ ਕੁਝ ਸੁੰਭਰਣ
ਮਨ ਦਾ ਕੂੜਾ
ਸਾਫ਼ ਕਰਨ
ਖ਼ਾਮੋਸ਼ ਬੱਦਲਾਂ ‘ਚ
ਬਿਜਲੀ ਭਰਨ
ਤੇ ਅਸਮਾਨ ਉੱਪਰ
ਸਤਰੰਗੀ ਵਿਛ ਜਾਂਦੀ
ਪੱਤਿਆਂ ਨੂੰ ਨਵੀਂ
ਦਿੱਖ ਮਿਲ ਜਾਂਦੀ
ਰੋਮਾਂ ‘ਚੋਂ ਜਿਉਂ
ਮੁਹੱਬਤ ਜੀਅ ਉੱਠਦੀ
ਹਰ ਕੋਈ
ਰੁਮਾਨੀ ਹੋ ਹੋ ਜਾਂਦਾ
ਅੱਖਾਂ ‘ਚ ਸੁਰਮੇ ਦੀ ਨਹੀਂ
ਉਡੀਕ ਦੀ ਧਾਰੀ ਫਿਰਦੀ
ਕਦ ਇਹ ਕੱਜਲ
ਕੋਈ ਆਪਣੀਆਂ ਕੂਲੀਆਂ ਛੋਹਾਂ ਨਾਲ
ਪੂੰਝ ਦਏਗਾ ਆ
ਤੇ ਭਰ ਦਏਗਾ
ਗੂੜ੍ਹੇ ਗੂੜ੍ਹੇ ਲਾਲ ਡੋਰੀਏ….!!
ਖ਼ਾਬ ਹੀ ਤਾਂ ਨੇ
ਜੋ ਤਿਲਕ ਕੇ ਵੀ
ਆਪਣੇ ਹੀ ਰਹਿੰਦੇ
ਮੀਂਹ ਦੀਆਂ ਬੂੰਦਾਂ ‘ਚ
ਧਰਤੀ ‘ਤੇ ਨੱਚਦੇ-ਨੱਚਦੇ
ਦੂਰ ਚਲੇ ਜਾਂਦੇ
ਪ੍ਰੇਮ ਸੰਦੇਸ਼ੇ ਦੇਣ…
ਖ਼ਾਬ ਪੱਤਿਆਂ ਤੋਂ ਤਿਲਕਦੇ
ਤਾਂ ਜੀਣ ਦੇ ਸਬੱਬ ਹੀ
ਹੋਰ ਹੋ ਜਾਂਦੇ..।
ਕਵੀ ਸੂਚੀ ‘ਤੇ ਜਾਓ
————————–
ਬਰਸਾਤ ਵਿੱਚ
————————–
ਹਰਪਿੰਦਰ ਰਾਣਾ
ਬਰਸਾਤ ਸੀ ਮੇਰੇ ਲਈ
ਆਨੰਦ ਦਾ ਸੋਮਾ
ਝਮੇਲਾ ਉਸ ਲਈ
ਕੋਠੇ ਖੜ੍ਹੀ ਜੋ ਮੁੰਦਦੀ ਸੀ
ਪੇਤਲੀ ਛੱਤ ਆਪਣੀ
ਮੈ ਕਲਾਵੇ ਭਰ ਰਹੀ ਸਾਂ
ਖੋਲ੍ਹ ਕੇ ਬਾਹਾਂ ਜਦੋਂ ਬਰਸਾਤ ਨੂੰ
ਉਹ ਖੜ੍ਹੀ ਬੇ-ਵੱਸ ਹੋਈ ਆਖਦੀ
ਬਰਸਾਤ ਕੇਹੀ ਆ ਗਈ
ਮੈਂ ਖੀਰ ਮਾਹਲ ਪੂੜਿਆਂ ਦਾ
ਲੈ ਰਹੀ ਸਾਂ ਜ਼ਾਇਕਾ
ਉਹ ਬੈਠ ਕੇ ਗਿੱਲੇ ਹੋਏ
ਚੁੱਲ੍ਹੇ ‘ਚ ਫੂਕਾਂ ਮਾਰਦੀ
ਧੂੰਏਂ ‘ਚ ਅੱਖਾਂ ਗਾਲਦੀ
ਬੱਦਲਾਂ ਨੂੰ ਬਸ ਬਸ ਆਖਦੀ
ਬਰਸਾਤ ਕੇਹੀ ਆ ਗਈ
ਕੁਝ ਫ਼ਿਕਰ ਘਰ ਢਹਿ ਜਾਣ ਦਾ
ਕੁਝ ਖਾਣ ਦਾ ਸੰਸਾ ਪਿਆ
ਕਰ ਰਹੀ ਅਰਦਾਸ ਹੁਣ
ਨਾ ਥੰਮ੍ਹਦੀ ਬਰਸਾਤ ਹੁਣ
ਮੁੱਖ ‘ਤੇ ਉਦਾਸੀ ਛਾ ਗਈ
ਬਰਸਾਤ ਕੇਹੀ ਆ ਗਈ…
ਕਵੀ ਸੂਚੀ ‘ਤੇ ਜਾਓ
——————–
ਕਿਣ-ਮਿਣ
——————–
ਗੁਰਪਰੀਤ ਕੌਰ
ਰਾਤੀ ਕਿਣ-ਮਿਣ ਹੋਈ
ਸਭ ਕੁਝ ਭਿੱਜਿਆ….
ਵਾਰੋ-ਵਾਰੀ ਸਭ ਕੁਝ ਭਿੱਜਿਆ…
ਸੁਰ’ ਤੇ ਸਾਜ਼
ਲੈਅ ‘ਤੇ ਤਾਲ ਭਿੱਜੇ..
ਸ਼ਬਦ ਭਿੱਜੇ…
ਅਰਥ ਨਵੇ-ਨਕੋਰ ਹੋਏ
ਬੋਲ ਭਿੱਜੇ…
ਚੁੱਪ ਕਲਮ-ਕੱਲੀ ਹੋਈ..
ਤਨ ਭਿੱਜਿਆ…
ਮਨ ਤਰੋ-ਤਾਜ਼ਾ ਹੋਇਆ
ਰੁੱਖ ਦੇ ਪੱਤੇ ਭਿੱਜੇ…
ਰੁਮਕਦੀ ਪੌਣ ਦੇ ਵਸਤਰ ਭਿੱਜੇ
ਚਾਣਨੀ ਦਾ ਚਾਣਨ ਭਿੱਜਿਆ ..
ਤਾਰਿਆ ਦੀ ਲੋਅ
ਵਿਹੜੇ ‘ਚ ਖਲੋਤੇ
ਅਡੋਲ ਅਹਿੱਲ’ ਬੁੱਤ ਦੇ ਅਥੱਰੂ ਭਿੱਜੇ..
ਵਾਰੋ-ਵਾਰੀ ਸਭ ਕੁਝ ਭਿੱਜਿਆ…
ਰਾਤੀ ਕਿਣ-ਮਿਣ ਹੋਈ
ਸਭ ਕੁਝ ਭਿੱਜਿਆ..
ਕਵੀ ਸੂਚੀ ‘ਤੇ ਜਾਓ
———————
ਕੁਦਰਤ
———————
ਅਮੀਆ ਕੁੰਵਰ
ਮੀਂਹ ਵਰ੍ਹ ਰਿਹਾ
ਅਰੁੱਕ, ਲਗਾਤਾਰ
ਇਸ਼ਨਾਉਂਦੀਆਂ ਸੜਕਾਂ ਨੂੰ ਨਿਹਾਰਦੀ
ਭਿੱਜ ਰਹੀ ਮਿੱਟੀ
ਸੌਂਧੀ ਖ਼ੁਸ਼ਬੂ ਖਿਲਾਰਦੀ
ਮੌਲ ਰਿਹਾ ਵਣ-ਤ੍ਰਿਣ
ਗਾ ਰਹੀ ਕੁਦਰਤ ਮੇਘ ਮਲਹਾਰ
ਭਰ ਰਿਹਾ ਸੁਰਖ਼ ਪਲਾਸ਼
ਅੰਬਰ ਭਾਅ ਦੇਵੇ ਤੜਕਸਾਰ
ਢਲਦੀ ਦੁਪਹਿਰ ਦੀ ਪੀਲੀ ਧੁੱਪ ਜਿਹੇ
ਹਲਦੀ ਰੰਗੇ ਅਮਲਤਾਸ ਦੇ ਗੁੱਛੇ
ਝੂੰਮਣ ਪੁਲਾੜ ਦੇ ਪਾਰਲੇਪਾਰ
ਸ਼ਾਮ ਦੀ ਸੁਰਮਈ ਲਾਲ ਨੂੰ ਝਾਤ ਆਖਦਾ
ਨੱਚ ਰਿਹਾ ਗੁਲਮੋਹਰ ਹੋ ਕੇ ਨੰਗ ਮਨੰਗ
ਕਿਹੋ ਜਿਹਾ ਲੱਗਦਾ ਹੈ…?
ਰਾਤ ਦੀ ਕਾਲਖ਼ ‘ਚ
ਖਿੜ ਰਹੀ ਚਾਂਦਨੀ ਦਾ ਦੋਧੀ ਰੰਗ
ਪ੍ਰਿਜ਼ਮ ‘ਚੋਂ ਨਿੱਖੜੇ
ਇਹ ਸੱਭੇ ਰੰਗ
ਸਵੇਰ ਹੁੰਦੇ ਹੀ
ਦੁਪਹਿਰ-ਖਿੜੀ ‘ਚ ਲੈ ਆਵਣ ਬਹਾਰ…
ਪ੍ਰਕ੍ਰਿਤੀ ਤੇਰੇ ਹਰ ਰੂਪ ਦੀ ਸ਼ੈਦਾਈ
ਤੇਰੇ ਜਲੌ ਸਾਹਵੇਂ
ਸਿਰ ਨਿਵਾਈ
ਮੌਨ-ਸੁਰ ਅਲਾਪ ਰਹੀ
ਸਲਾਮ ਸਲਾਮ ਤੈਨੂੰ ਆਖ ਰਹੀ…।
ਕਵੀ ਸੂਚੀ ‘ਤੇ ਜਾਓ
———————
ਪਿਆਰ ਭਰੀਆਂ
———————
ਸਿਮਰਤ ਗਗਨ
ਮੈਂ ਤੇ ਬਾਰਿਸ਼ ਬੈਠੇ ਹੋਏ ਹਾਂ
ਤੇਰੇ ਖ਼ਿਆਲ ਵਿਚ
ਪਿਆਰ ਨਾਲ ਭਰੀਆਂ
ਅਸੀਂ ਦੋਵੇਂ ਵਰ੍ਹ ਰਹੀਆਂ
ਛਮ-ਛਮ…
ਮੇਰੇ ਪੈਰੀਂ
ਕਣੀਆਂ ਦੀ ਪਾਜ਼ੇਬ
ਮੇਰੇ ਤਨ, ਬੂੰਦਾਂ ਦੇ ਗਹਿਣੇ
ਬਰਸਾਤ-
ਸਵਾਰ ਰਹੀ ਹੈ ਮੈਨੂੰ
ਰੂਹ ਪੁਕਾਰ ਰਹੀ ਹੈ ਤੈਨੂੰ…
ਖੜ੍ਹੇ ਪਾਣੀਆਂ ਉੱਤੇ
ਬੂੰਦਾਂ, ਬੁਲਬੁਲੇ ਨੱਚ ਰਹੇ ਨੇ
ਵਾਰ ਵਾਰ ਟੁੱਟਦੇ ਬਣਦੇ ਮੇਰੇ ਵਾਂਗ
ਹੱਸ ਰਹੇ ਨੇ…
ਮੈਂ ਤੇ ਬਾਰਿਸ਼
ਤੇਰੇ ਚੇਤੇ ਨਾਲ ਭਿੱਜੇ ਹੋਏ
ਤੇਰੀ ਯਾਦ ਵਿਚ ਰੁੱਝੇ ਹੋਏ
ਬਸ ਵਰ੍ਹ ਰਹੇ ਹਾਂ
ਛਮ…
ਛਮ…
ਛਮ…
ਕਵੀ ਸੂਚੀ ‘ਤੇ ਜਾਓ
———————-
ਗ਼ਜ਼ਲ
———————-
ਇਕਵਿੰਦਰ ‘ਪੁਰਹੀਰਾਂ’
ਝੌਂਪੜੀਆਂ ਨੇ ਰੋਣਾ ਏਂ ਬਰਸਾਤਾਂ ਨੂੰ,
ਮਹਿਲਾਂ ਨੇ ਖੁਸ਼ ਹੋਣਾ ਏਂ ਬਰਸਾਤਾਂ ਨੂੰ।
ਕੱਚੇ ਘਰ ਨੇ ਚੋਣਾ ਏਂ ਬਰਸਾਤਾਂ ਨੂੰ,
ਜਲ-ਥਲ-ਜਲ ਹੋਣਾ ਏਂ ਬਰਸਾਤਾਂ ਨੂੰ।
ਖੂੰਜੇ ਲੱਗ ਕੇ ਸਾਰੀ ਰਾਤ ਗੁਜ਼ਾਰਾਂਗੇ,
ਸਾਡਾ ਘਰ ਵੀ ਚੋਣਾ ਏਂ ਬਰਸਾਤਾਂ ਨੂੰ।
ਕਾਲੇ ਬੱਦਲਾਂ ‘ਚੋਂ ਜਦ ਬਿਜਲੀ ਚਮਕੇਗੀ,
ਦਿਲ ਵਿਚ ਕੁਛ-ਕੁਛ ਹੋਣਾ ਏਂ ਬਰਸਾਤਾਂ ਨੂੰ।
ਉਹਨਾਂ ਨੇ ਕੀ ਲੈਣਾ ਘੋਰ ਘਟਾਵਾਂ ਤੋਂ?
ਜਿਹਨਾਂ ਬੇ-ਘਰ ਹੋਣਾ ਏਂ ਬਰਸਾਤਾਂ ਨੂੰ।
ਸੁੱਕਿਆਂ ਬੁਲ੍ਹਾਂ ਵਾਲੀਆਂ ਨੀਲੀਆਂ ਝੀਲਾਂ ਦਾ,
ਰੂਪ ਅਲੱਗ ਹੀ ਹੋਣਾ ਏਂ ਬਰਸਾਤਾਂ ਨੂੰ।
ਜਦੋਂ ਪਪੀਹੇ ਨੇ ਸੁਣਨੀ ਹੈ ਛਮ-ਛਮ-ਛਮ,
ਸ਼ਹਿਦ ਲਬਾਂ ‘ਚੋਂ ਚੋਣਾ ਏਂ ਬਰਸਾਤਾਂ ਨੂੰ।
ਦੋਹਰੀਆਂ ਪੀਂਘਾਂ ਨੇ ਜਦ ਪੈਣਾ ਸ਼ਾਮ ਢਲੇ,
ਖ਼ੂਬ ਨਜ਼ਾਰਾ ਹੋਣਾ ਏ ਬਰਸਾਤਾਂ ਨੂੰ।
ਦਿਲ ਦੀਆਂ ਕੰਧਾਂ ਤੀਕ ਸਲ੍ਹਾਬਾ ਚੜ੍ਹ ਜਾਣਾ,
ਭਿੱਜਣਾ ਹਰ ਇਕ ਕੋਣਾ ਏਂ ਬਰਸਾਤਾਂ ਨੂੰ।
ਦਿਲ ਦੀ ਕੋਇਲ ਕੂਕੇ ਹੁਣ ਤਾਂ ਇਕਲਾਪਾ,
ਸਹਿਣਾ ਮੁਸ਼ਕਿਲ ਹੋਣਾ ਏਂ ਬਰਸਾਤਾਂ ਨੂੰ।
ਬੰਦ ਲਿਫ਼ਾਫੇ ਦੇ ਵਿਚ ਛਤਰੀ ਕੀ ਜਾਣੇ,
ਉਸ ਦਾ ਹਾਲ ਕੀ ਹੋਣਾ ਏਂ ਬਰਸਾਤਾਂ ਨੂੰ।
ਇਕ ਦੂਜੇ ਦੇ ਪਿੱਛੇ ਨੱਸਣਾ ਬੱਦਲਾਂ ਨੇ,
ਖ਼ੂਬ ਤਮਾਸ਼ਾ ਹੋਣਾ ਏਂ ਬਰਸਾਤਾਂ ਨੂੰ।
ਜਿਸਦੀ ਪਿਆਸ ਬੁਝੀ ਨਾ ਸਾਉਣ ਮਹੀਨੇ ਵੀ,
ਉਸ ਬਿਰਹਨ ਨੇ ਰੋਣਾ ਏਂ ਬਰਸਾਤਾਂ ਨੂੰ।
ਇਸ ਮਹਿਫ਼ਿਲ ਵਿਚ ਜੋ-ਜੋ ਕਹਿਣਾ ਮੁਸ਼ਕਲ ਹੈ,
ਉਹ-ਉਹ ਕੁਛ ਵੀ ਹੋਣਾ ਏਂ ਬਰਸਾਤਾਂ ਨੂੰ।
ਧੂੜ ‘ਚ ਲਥ-ਪਥ ਅਪਣਾ ਰੂਪ ਸੰਵਾਰਨ ਲਈ,
ਸੜਕਾਂ ਨੇ ਮੂੰਹ ਧੋਣਾ ਏਂ ਬਰਸਾਤਾਂ ਨੂੰ।
ਮੋਰਾਂ ਨੇ ਤੇ ਮੋਰਨੀਆਂ ਨੇ ‘ਇਕਵਿੰਦਰ’,
ਢੁਕ-ਢੁਕ ਨੇੜੇ ਹੋਣਾ ਏਂ ਬਰਸਾਤਾਂ ਨੂੰ
ਕਵੀ ਸੂਚੀ ‘ਤੇ ਜਾਓ
—————
ਬਾਰਿਸ਼
—————-
ਨੀਲੂ ਹਰਸ਼
1.
ਕੋਰੀ ਧਰਤੀ ਭਿੱਜ ਗਈ
ਦੇਹ ਸਾਡੀ ਰਿੱਝ ਗਈ
ਮਨ ਪਪੀਹਾ ਬਣ ਗਿਆ
ਰੂਹ ਸਾਡੀ ਸਿੰਜ ਗਈ
2.
ਲੋਬਾਨ ਜਿਹੇ ਮਹਿਕਦੇ ਸਾਹ
ਕੁਆਰੀ ਬਾਰਿਸ਼ ‘ਚ
ਕੁਝ ਭਿੱਜੇ ਕੁਝ ਸੁੱਕੇ ਰਹਿ
ਸੂਰਜ ਨਿਕਲਦੇ ਹੀ
ਆਪਣੇ ਇੰਦਰਧਨੁ਼ਸ਼ ਨੂੰ
ਲੱਭਦੇ ਫਿਰਨ…।
ਕਵੀ ਸੂਚੀ ‘ਤੇ ਜਾਓ
—————
ਗ਼ਜ਼ਲ
—————-
ਜਸਵਿੰਦਰ ਮਹਿਰਮ
ਮਸਤ ਹਵਾ ਤੇ ਕਾਲੇ ਬੱਦਲ, ਮੌਸਮ ਹੈ ਬਰਸਾਤਾਂ ਦਾ।
ਤਾਂਹੀ ਹਰ ਪਾਸੇ ਹੈ ਹਲਚਲ, ਮੌਸਮ ਹੈ ਬਰਸਾਤਾਂ ਦਾ।
ਰੋਜ਼ ਕਿਤੇ ਕਰ ਦਿੰਦਾ ਜਲਥਲ, ਮੌਸਮ ਹੈ ਬਰਸਾਤਾਂ ਦਾ।
ਗਲੀਆਂ ਵਿਚ ਚਿੱਕੜ ਤੇ ਦਲਦਲ, ਮੌਸਮ ਹੈ ਬਰਸਾਤਾਂ ਦਾ।
ਪੱਤਾ ਪੱਤਾ ਡਾਲੀ ਡਾਲੀ, ਹਰਿਆਲੀ ਹਰਿਆਲੀ ਹੈ,
ਬਸਤੀ ਬਸਤੀ ਜੰਗਲ ਜੰਗਲ, ਮੌਸਮ ਹੈ ਬਰਸਾਤਾਂ ਦਾ।
ਮੀਂਹ ਦਾ ਪਾਣੀ ਨਦੀਆਂ, ਨਹਿਰਾਂ, ਝਰਨੇ ਬਣਕੇ ਤੁਰਿਆ ਜਦ,
ਇਸ ਨੇ ਕਰਨਾ ਕਲਵਲ ਕਲਵਲ, ਮੌਸਮ ਹੈ ਬਰਸਾਤਾਂ ਦਾ।
ਫ਼ਰਕ ਨਾ ਮੌਸਮ ਦਾ ਤਕੜੇ ਨੂੰ, ਮਾੜੇ ਹਾਲ ਗ਼ਰੀਬਾਂ ਦੇ,
ਖਾਣਾ ਪੀਣਾ ਜੀਣਾ ਮੁਸ਼ਕਿਲ, ਮੌਸਮ ਹੈ ਬਰਸਾਤਾਂ ਦਾ।
ਰਲ ਮਿਲ ਕੁੜੀਆਂ ਪੀਂਘਾਂ ਝੂਟਣ, ਗੀਤ ਖੁਸ਼ੀ ਦੇ ਗਾਵਣ, ਹੁਣ,
ਮਸਤੀ ਵਿੱਚ ਬੀਤਣਗੇ ਕੁਝ ਪਲ, ਮੌਸਮ ਹੈ ਬਰਸਾਤਾਂ ਦਾ।
ਖੇਤਾਂ ਵਿੱਚ ਖ਼ੁਸ਼ ਖ਼ੁਸ਼ ਨੇ ਫ਼ਸਲਾਂ, ਮੋਰ ਪਪੀਹੇ ਬਾਗਾਂ ਵਿੱਚ,
ਮੇਰਾ ਵੀ ਕਿਉਂ ਮਚਲੇ ਨਾ ਦਿਲ? ਮੌਸਮ ਹੈ ਬਰਸਾਤਾਂ ਦਾ।
ਮਾਹੀ ਵੇ ਤੂੰ ਛੁੱਟੀ ਲੈ ਕੇ ਘਰ ਨੂੰ ਆ ਜਾ, ਤੇਰੇ ਬਿਨ,
ਮੈਨੂੰ ਜੀਣਾ ਲਗਦੈ ਮੁਸ਼ਕਿਲ, ਮੌਸਮ ਹੈ ਬਰਸਾਤਾਂ ਦਾ।
ਬਿਜਲੀ ਲਿਸ਼ਕੇ ਲੇਕਿਨ ਬੱਦਲ ਬਿਨ ਬਰਸੇ ਹੀ ਉਡ ਜਾਂਦੈ,
ਫਗਵਾੜੇ ਵਿੱਚ ਏਦਾਂ ਅੱਜ ਕੱਲ੍ਹ , ਮੌਸਮ ਹੈ ਬਰਸਾਤਾਂ ਦਾ।
ਖ਼ੁਦ ਨੂੰ ਸ਼ਾਇਰ ਸਮਝ ਰਿਹਾਂ ਜੇ, ਐ ‘ਮਹਿਰਮ’ ਬਰਸਾਤਾਂ ’ਤੇ,
ਲਿਖ ਦੇ ਗੀਤ, ਕਬਿੱਤ, ਗ਼ਜ਼ਲ, ਚੱਲ, ਮੌਸਮ ਹੈ ਬਰਸਾਤਾਂ ਦਾ।
ਕਵੀ ਸੂਚੀ ‘ਤੇ ਜਾਓ
—————
ਤਿਲਕਣ
—————-
ਅਰਤਿੰਦਰ ਸੰਧੂ
ਕਿਤੇ ਦੂਰ ਸ਼ਹਿਰ ਘੁੰਮਦੇ
ਭਰਮਾਉਂਦੇ ਮਨ ਨੂੰ
ਮੁਹਲੇਧਾਰ ਬਾਰਿਸ਼ ਦੇ
ਭਰੇ ਭਰੇ ਪਾਰਦਰਸ਼ੀ
ਤਲਿੱਸਮੀ ਜਲ ਕਤਰੇ
ਵਰ੍ਹਦੇ, ਉੱਛਲਦੇ
ਖਿੱਲਰਦੇ, ਜੁੜਦੇ
ਨਿੱਕੇ-ਨਿੱਕੇ ਨੀਰੀ ਮੋਤੀ
ਪਸਾਰਦੇ ਮਦਮਸਤ ਜਿਹੀ ਧੁੰਦ
ਇਸ ਜਲਤਰੰਗੀ ਕਿਣਮਿਣੀਂ
ਨਾਦ ਸੰਗ ਰੁਮਾਂਚਿਤ
ਸੰਤ੍ਰਿਪਤ ਅਲਮਸਤ
ਭਰੇ ਭਰੇ ਸ਼ੀਤਲ ਫੰਭੇ
ਨਸ਼ਿਆਈ ਪੌਣ ਦੇ
ਖਹਿੰਦੇ ਕਿਸੇ ਬਿਰਖ਼
ਪੱਤੇ ਕਦੇ ਕੰਧ ਨਾਲ
ਸੰਚਾਰਦੇ, ਸਰਸ਼ਾਰ ਜਾਦੂ
ਤਾਂ ਆਉਂਦਾ ਯਾਦ ਮੈਨੂੰ
ਸ਼ਹਿਰ ਮੇਰਾ
ਫੈਲ ਰਿਹਾ ਹੋਵੇ
ਉੱਥੇ ਵੀ ਕਾਸ਼!
ਅਨੂਠਾ ਕਰਿਸ਼ਮੀ ਜਲਵਾ ਇਹ
ਕਦੇ ਸ਼ਹਿਰ ਵਿਚ ਹੋਵਾਂ ਜਦ
ਟਕਰਾਵੇ ਆ ਕੇ ਉਂਝ ਹੀ
ਛਹਿਬਰ ਛਿੰਝੀ
ਭਿੱਜੀ ਪਾਗਲ ਹਵਾ
ਤਾਂ ਪਹੁੰਚ ਜਾਵਾਂ ਸੁੱਧੇ ਸਿੱਧ
ਦੂਰ ਸ਼ਹਿਰ ਦੇ
ਉਸੇ ਕੈਨਵਸ ਵਿਚ
ਕਰਾਂ ਯਾਦ ਉਹੀ ਬਾਰਿਸ਼
ਤੇ ਉਂਝ ਦੇ ਹੋਰ ਪਲ਼
ਮਿਲਦੇ ਮਿਲਦੇ ਜਿਨ੍ਹਾਂ ਨੂੰ
ਨਿਕਲ ਜਾਂਦੇ ਹਾਂ ਕਤਰਾਅ ਕੇ ਸਦਾ
ਤੇ ਚਿਤਵਦੇ ਵੀ ਰਹਿੰਦੇ
ਉਨ੍ਹਾਂ ਦੀ ਹੀ ਸੇਜਲਤ
ਕਵੀ ਸੂਚੀ ‘ਤੇ ਜਾਓ
—————
ਬਾਰਿਸ਼
—————-
ਗੁਰਸ਼ਰਨਜੀਤ ਸਿੰਘ ਸ਼ੀਂਹ
ਘਨਘੋਰ ਘਟਾਵਾਂ ਛਾਈਆਂ ਨੇ ,ਮੋਰਾਂ ਨੇ ਪੈਲਾਂ ਪਾਈਆਂ ਨੇ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!
ਰੱਬ ਕਰੇ ਇਹ ਸਾਰੀ ਬਾਰਿਸ਼ ਮੇਰੇ ਦਿਲ ਦੇ ਵਿਹੜੇ ਵਰ੍ਹ ਜਾਵੇ
ਹੂੰਝ ਲਵੇ ਸਭ ਬਚੀਆਂ ਯਾਦਾਂ, ਕੰਮ ਕੋਈ ਐਸਾ ਕਰ ਜਾਵੇ
ਗਰਜਦੇ ਬਦਲ ਤੱਕ ਕੇ ਜਾਪੇ, ਕਿ ਇਹ ਕੁੱਝ ਨਾ ਕੁੱਝ ਤਾਂ ਧੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!
ਇਸ ਬਾਰਿਸ਼ ਪਿੱਛੋਂ ਬੀਅ ਦਰਦਾਂ ਦੇ ਇੱਕ-ਇੱਕ ਕਰ ਕੇ ਫੁੱਟਣਗੇ
ਘੇਰ ਕੇ ਮੈਨੂੰ ਕੱਲਾ ਕਿੱਧਰੇ, ਮੇਰੇ ਆਸੇ ਪਾਸੇ ਜੁੱਟਣਗੇ
ਕੋਈ ਵੇਲ ਦਰਦਾਂ ਦੀ ਨਿਕਲ ਜਿੰਨਾਂ ਚੋਂ, ਮੇਰੀ ਰੂਹ ਨੂੰ ਲਿਪਟ ਕੇ ਸੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!
ਜਾਂ ਫਿਰ ਮੈਂ ਜਾ ਕਿਸੇ, ਖੁੱਲੇ ਮੈਦਾਨ ਚ’ ਖਲੋਵਾਂਗਾ
ਘੁਲ ਜਾਵਣਗੇ ਮੇਰੇ ਹੰਙੂ ਮੀਂਹ ਵਿੱਚ, ਮੈਂ ਜੀ ਭਰ ਕੇ ਰੋਵਾਂਗਾ
ਪਤਾ ਹੈ ਮੈਨੂੰ ਅੱਜ ਉਹ ਵੀ ਕਿਧਰੇ, ਇੰਙ ਮੇਰੇ ਵਾਂਗ ਹੀ ਰੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!
ਸੱਜਣਾਂ ਸੰਗ ਜੋ ਦਿਨ ਸੀ ਬੀਤੇ, ਲੱਗਦੈ ਯਾਦ ਕਰਾਊ ਬਾਰਿਸ਼
ਮੈਨੂੰ ਉਹਤੋਂ ਵੱਖ ਹੋਵਣ ਦਾ, ਅੱਜ ਰੱਜ ਕੇ ਅਹਿਸਾਸ ਕਰਾਊ ਬਾਰਿਸ਼
ਫਿਰ ਆ ਕੇ ਮੇਰੇ ਸੁਪਨੇ ਦੇ ਵਿੱਚ, ਕੋਲ ਉਹ ਮੇਰੇ ਖਲੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!
ਉਹਨੇ ਦਿਲ ਚੋਂ ਮੈਨੂੰ ਕੱਢ ਦਿੱਤਾ, ਮੈਂ ਭੁਲਾ ਓਸ ਨੂੰ ਪਾਇਆ ਨਹੀਂ
ਮੇਰੇ ਦਿਲ ਚ ਪਈ ਉਹਦੀ ਥਾਂ ਖਾਲੀ, ਕੋਈ ਬੈਠ ਓਸ ਥਾਂ ਪਾਇਆ ਨਹੀਂ
ਦਿਲ ਕਹਿੰਦਾ ਕਿਸੇ ਦਿਨ ਉਹ ਆਪੇ, ਹੀ ਇਸ ਖਾਲੀ ਥਾਂ ਨੂੰ ਟੋਹੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!
ਮੈਂ ਬਾਰਿਸ਼ ਹਟੀ ਤੋਂ ਰਲ ਬੱਚਿਆਂ ਸੰਗ, ਬੋਝਾ ਆਪਣੇ ਸਿਰ ਦਾ ਉਤਾਰ ਦਿਊ
ਬਣਾ ਕਿਸ਼ਤੀ ਉਹਦੇ ਖਤਾਂ ਦੀ ਮੈਂ, ਇਕ ਇਕ ਕਰਕੇ ਹਾੜ ਦਿਊ
ਕੋਈ ਨਿੱਕੀ ਬੱਚੀ ਸੰਗ ਸ਼ਰਾਰਤ ਦੇ, ਜਦ ਕਿਸ਼ਤੀਂਆਂ ਉਹੋ ਡੁਬੋਏਗੀ
ਅੱਜ ਲਗਦੈ ਬਾਰਿਸ਼ ਹੋਵੇਗੀ, ਅੱਜ ਲਗਦੈ ਬਾਰਿਸ਼ ਹੋਵੇਗੀ !!
ਉਹਨੂੰ ਜਦ ਗਲਤੀ ਦਾ ਅਹਿਸਾਸ ਹੋਊ, ਸਭ ਛੱਡ ਛਡਾ ਕੇ ਆਊਗੀ
ਮੈਂ ਰੱਜ ਕੇ ਕਰਨੇ ਨਖਰੇ ਨੇ, ਹੱਥ ਜੋੜ ਕੇ ਮੈਨੂੰ ਮਨਾਊਗੀ
ਉਦੋਂ ਲਾ ਕੇ ਹਿੱਕ ਨਾਲ “ਸ਼ਰਨ” ਉਹ, ਹੰਝੂਆਂ ਦੇ ਹਾਰ ਪਰੋਵੇਗੀ
ਅੱਜ ਲਗਦੈ ਬਾਰਿਸ਼ ਹੋਵੇਗੀ , ਅੱਜ ਲਗਦੈ ਬਾਰਿਸ਼ ਹੋਵੇਗੀ !!
Bahut achhe ji…
ssa ji
ਸਚਮੁੱਚ ਇਸ ਵਾਰ ਤਾਂ ਆਨੰਦ ਆ ਗਿਆ। ਇਸ ਵਾਰ ਨਾ ਓਨੀ ਬਰਸਾਤ ਹੋਈ ਤੇ ਨਾਂ ਹੀ ਬਰਸਾਤ ਵਿਚ ਉਹ ਮਜ਼ਾ ਸੀ ਜੋ ਹਰ ਸਾਉਣ ਭਾਦੋਂ ਚ ਹੁੰਦਾ, ਪਰ ਕਵਿਤਾਵਾਂ ਨੇ ਤਾਂ ਸੁਆਦ ਲਿਆ ਦਿੱਤਾ। ਖਾਸ ਕਰ ਕੇ ਸਿਮਰਤ ਗਗਨ ਦੀ ਛਮ ਛਮ ਛਮ ਜ਼ਹਿਨ ਵਿਚ ਲਮਾਂ ਸਮਾਂ ਗੂੰਜਦੀ ਰਹੀ, ਇਹ ਇਸ ਅੰਕ ਦਾ ਹਾਸਿਲ ਹੈ। ਇਕਵਿੰਦਰ ਦੀ ਗ਼ਜ਼ਲ, ਮੁਫਲਿਸੀ ਦੀ ਬਰਸਾਤ, ਕੋਇਲ ਦੀ ਕੂਕ, ਬਿਰਹਨ ਦੀ ਹੂਕ, ਇਕਲਾਪੇ ਦਾ ਦਰਦ, ਬੱਸ ਕੁੱਜੇ ਚ ਸਮੁੰਦਰ ਹੈ ਜਨਾਬ ਤੇ ਲਿਫਾਫੇ ਵਾਲੀ ਛਤਰੀ ਤਾਂ ਕਮਾਲ ਹੈ, ਮੇਰੀ ਨਿਗ੍ਹਾਂ ਬਾਰ ਬਾਰ ਘਰ ਦੇ ਖੂੰਜੇ ਚ ਜਾਂਦੀ ਹੈ ਇਹ ਸ਼ਿਅਰ ਚੇਤੇ ਕਰ ਕੇ। ਮਹਿਰਮ ਸਾਹਬ ਨੇ ਫਗਵਾੜੇ ਦੇ ਮੌਸਮ ਦਾ ਹਾਲ ਵੀ ਦੱਸਿਆ ਹੈ ਤੇ ਮਤਲੇ (ਆਖ਼ਿਰੀ ਸ਼ਿਅਰ)ਵਿਚ ਸ਼ਾਇਰ ਦੀ ਬਾ-ਕਮਾਲ ਹੈਸਿਅਤ ਵੀ ਬਿਆਨ ਕੀਤੀ ਹੈ। ਇਸ ਅੰਕ ਲਈ ਇੰਦਰਜੀਤ ਨੰਦਨ ਨੂੰ ਇਕ ਵਾਰ ਫੇਰ ਸਲਾਮ ਹੈ।